ਸ਼ਾਹਕੋਟ (ਗਿਆਨ ਸੈਦਪੁਰੀ)
ਨਗਰ ਪੰਚਾਇਤ ਸ਼ਾਹਕੋਟ ਦੀ ਪ੍ਰਧਾਨਗੀ ਤੇ ਮੀਤ ਪ੍ਰਧਾਨਗੀ ਦੀ ਚੋਣ ਸੋਮਵਾਰ ਵੀ ਨਾ ਹੋ ਸਕੀ। ਚੋਣ ਦੀ ਮਿਤੀ ਪਹਿਲਾਂ 16 ਜਨਵਰੀ ਨੂੰ ਰੱਖੀ ਗਈ ਸੀ, ਪਰ ਐੱਸ ਡੀ ਐੱਮ-ਕਮ- ਕਨਵੀਨਰ ਸ਼ੁਭੀ ਆਂਗਰਾ ਦੇ ਅਚਾਨਕ ਛੁੱਟੀ ’ਤੇ ਜਾਣ ਕਾਰਨ ਚੋਣ ਮੁਲਤਵੀ ਕਰ ਦਿੱਤੀ ਗਈ ਸੀ। ਅਗਲੇ ਦਿਨ ਏਜੰਡਾ ਜਾਰੀ ਕਰ ਦਿੱਤਾ ਗਿਆ ਸੀ, ਜਿਸ ਅਨੁਸਾਰ 20 ਜਨਵਰੀ ਚੋਣ ਵਾਸਤੇ ਨਿਸਚਿਤ ਕਰ ਦਿੱਤੀ ਗਈ ਸੀ।
ਸੋਮਵਾਰ ਨੂੰ ਸਵੇਰ ਹੀ ਨਗਰ ਪੰਚਾਇਤ ਦਫ਼ਤਰ ਦੇ ਆਲੇ-ਦੁਆਲੇ ਪੁਲਸ ਦੀਆਂ ਸਖਤ ਪੇਸ਼ਬੰਦੀਆਂ ਵੇਖ ਕੇ ਅੰਦਾਜ਼ੇ ਲੱਗ ਗਏ ਸਨ ਕਿ ਕੁਝ ਗੜਬੜ ਹੋਣ ਵਾਲੀ ਹੈ। ਕਿਸੇ ਪੱਤਰਕਾਰ ਨੂੰ ਵੀ ਨਗਰ ਪੰਚਾਇਤ ਦਫ਼ਤਰ ਦਾਖਲ ਨਹੀ ਹੋਣ ਦਿੱਤਾ ਗਿਆ। ਦਿੱਤੇ ਹੋਏ ਸਮੇਂ ਮੁਤਾਬਕ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਆਪਣੀ ਪਾਰਟੀ ਦੇ 9 ਮੈਂਬਰਾਂ ਸਮੇਤ ਨਗਰ ਪੰਚਾਇਤ ਦਫ਼ਤਰ ਅੰਦਰ ਚਲੇ ਗਏ। ਵਿਧਾਇਕ ਦਾ ਮੋਬਾਇਲ ਫੋਨ ਵੀ ਅੰਦਰ ਨਹੀ ਜਾਣ ਦਿੱਤਾ ਗਿਆ। ਆਪ ਦੇ 4 ਮੈਂਬਰ ਵੀ ਅੰਦਰ ਚਲੇ ਗਏ। ਕੁਝ ਸਮੇਂ ਬਾਅਦ ਆਪ ਦੇ ਸਾਰੇ ਮੈਂਬਰ ਬਾਹਰ ਆ ਗਏ। ਪਤਾ ਲੱਗਾ ਕਿ ਆਪ ਦੇ ਦੋ ਮੈਂਬਰਾਂ ਦੀ ਆਪਸ ਵਿੱਚ ਤਲਖਕਲਾਮੀ ਤੋਂ ਬਾਅਦ ਚਾਰੇ ਮੈਂਬਰ ਚੋਣ ਪ੍ਰ�ਿਆ ਵਿੱਚ ਛੱਡ ਕੇ ਬਾਹਰ ਆ ਗਏ। ਕੁਝ ਸਮੇਂ ਬਾਅਦ ਚੋਣ ਕਰਵਾਉਣ ਵਾਲੇ ਤਹਿਸੀਲਦਾਰ ਸ਼ਾਹਕੋਟ ਵੀ ਬਾਹਰ ਚਲੇ ਗਏ।
ਇਸ ਦੌਰਾਨ ਹਲਕਾ ਵਿਧਾਇਕ ਨੇ ਬਾਹਰ ਆ ਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਹੁਤ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਕਾਂਗਰਸ ਇਸ ਧੱਕੇਸ਼ਾਹੀ ਵਿਰੁੱਧ ਕਦਮ ਉਠਾਵੇਗੀ। ਤਹਿਸੀਲਦਾਰ ਦਾ ਇੰਤਜ਼ਾਰ ਕਰ ਰਹੇ ਹਲਕਾ ਵਿਧਾਇਕ ਸ਼ੇਰੋਵਾਲੀਆ ਅਤੇ 9 ਮੈਂਬਰ ਨਾਅਰੇਬਾਜ਼ੀ ਕਰਦੇ ਸਾਢੇ ਚਾਰ ਵਜੇ ਨਗਰ ਪੰਚਾਇਤ ਦਫ਼ਤਰ ਤੋਂ ਬਾਹਰ ਆ ਗਏ। ਉਨ੍ਹਾਂ ਸੜਕ ’ਤੇ ਰੋਸ ਧਰਨਾ ਸ਼ੁਰੂ ਕਰ ਦਿੱਤਾ ਅਤੇ ਤਹਿਸੀਲਦਾਰ, ਈ ਓ ਨਗਰ ਪੰਚਾਇਤ ਅਤੇ ਪੰਜਾਬ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।





