ਸ੍ਰੀ ਮੁਕਤਸਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ’ਚ ਨਵੇਂ ਮੈਂਬਰਾਂ ਦੀ ਭਰਤੀ ਲਈ ਮੁਹਿੰਮ ਸੋਮਵਾਰ ਸ਼ੁਰੂ ਕਰ ਦਿੱਤੀ। ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਬਾਦਲ ਵਿਚਲੇ ਪਾਰਟੀ ਦਫਤਰ ਵਿੱਚ ਫਾਰਮ ਭਰ ਕੇ ਨਵੇਂ ਸਿਰਿਓਂ ਪਾਰਟੀ ਦੀ ਮੈਂਬਰਸ਼ਿਪ ਲਈ। ਸੁਖਬੀਰ ਨੇ ਕਿਹਾ ਕਿ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀਆਂ ਹਦਾਇਤਾਂ ਮੁਤਾਬਕ ਪਾਰਟੀ ਨੇ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾ ਕਿਹਾਸਿਰਫ ਲੰਬੀ ਅਸੈਂਬਲੀ ਹਲਕੇ ਤੋਂ ਕਰੀਬ 40,000 ਲੋਕਾਂ ਦੇ ਸ਼੍ਰੋਮਣੀ ਅਕਾਲੀ ਦਾ ਮੈਂਬਰ ਬਣਨ ਦੀ ਉਮੀਦ ਹੈ। ਅਸੀਂ ਪਾਰਟੀ ਦੇ 50 ਲੱਖ ਮੈਂਬਰ ਬਣਾਉਣ ਦਾ ਟੀਚਾ ਮਿੱਥਿਆ ਹੈ। ਬਾਗੀ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਨੇ ਵੀਰਵਾਰ ਅਕਾਲ ਤਖਤ ਦੇ ਜਥੇਦਾਰ ਰਘਬੀਰ ਸਿੰਘ ਨਾਲ ਮੁਲਾਕਾਤ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਮੁਹਿੰਮ ਦੀ ਨਿਗਰਾਨੀ ਨੂੰ ਲੈ ਕੇ ਕੁਝ ਨੁਕਤਿਆਂ ਬਾਰੇ ਸਫਾਈ ਮੰਗੀ ਸੀ। ਬੈਠਕ ਉਪਰੰਤ ਵਡਾਲਾ ਨੇ ਦਾਅਵਾ ਕੀਤਾ ਸੀ ਕਿ ਪਿਛਲੇ ਸਾਲ 2 ਦਸੰਬਰ ਨੂੰ ਅਕਾਲ ਤਖਤ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਹੀ ਮੈਂਬਰਸ਼ਿਪ ਮੁਹਿੰਮ ਚਲਾ ਸਕਦੀ ਹੈ। ਉਨ੍ਹਾ ਦਾਅਵਾ ਕੀਤਾ ਸੀ ਕਿ ਜਥੇਦਾਰ ਨੇ ਉਨ੍ਹਾ ਨੂੰ ਇਸ ਮੁਹਿੰਮ ਬਾਰੇ ਫੈਸਲਾ ਲੈਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ ਜੀ ਪੀ ਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮਿਲਣ ਲਈ ਕਿਹਾ ਸੀ। ਅਕਾਲ ਤਖਤ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ’ਚ ਧਾਮੀ, ਸਾਬਕਾ ਐੱਸ ਜੀ ਪੀ ਸੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ, ਅਕਾਲੀ ਆਗੂ ਇਕਬਾਲ ਸਿੰਘ ਝੂੰਦਾ, ਬਾਗੀ ਆਗੂ ਗੁਰਪ੍ਰਤਾਪ ਸਿੰਘ ਵਡਾਲਾ, ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਸੰਤਾ ਸਿੰਘ ਉਮੈਦਪੁਰ ਅਤੇ ਸਤਵੰਤ ਕੌਰ ਸ਼ਾਮਲ ਸਨ। ਸ਼੍ਰੋਮਣੀ ਅਕਾਲੀ ਦਲ ਨੇ ਹਾਲਾਂਕਿ 10 ਜਨਵਰੀ ਨੂੰ ਇਸ ਮੁਹਿੰਮ ਦੀ ਨਿਗਰਾਨੀ ਲਈ ਆਪਣੀ ਕਮੇਟੀ ਬਣਾਈ ਸੀ। ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਸਣੇ ਹੋਰ ਅਕਾਲੀ ਆਗੂ ਇਹ ਗੱਲ ਆਖ ਰਹੇ ਹਨ ਕਿ ਅਕਾਲ ਤਖਤ ਵੱਲੋਂ ਦਿੱਤੇ ਹੁਕਮ ਅਨੁਸਾਰ ਸੱਤ ਮੈਂਬਰੀ ਕਮੇਟੀ ਦੇ ਗਠਨ ਨਾਲ ਚੋਣ ਕਮਿਸ਼ਨ ਤੋਂ ਪਾਰਟੀ ਦੀ ਮਾਨਤਾ ਰੱਦ ਹੋ ਜਾਵੇਗੀ, ਇਸ ਲਈ ਉਹ ਇਸ ਹਦਾਇਤ ਦੀ ਪਾਲਣਾ ਕਰਨ ’ਚ ਅਸਮਰੱਥ ਸਨ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚ ਐੱਸ ਜੀ ਪੀ ਸੀ) ਚੋਣਾਂ ਦੇ ਨਤੀਜਿਆਂ ਬਾਰੇ ਸੁਖਬੀਰ ਨੇ ਕਿਹਾਚੋਣ ਨਤੀਜਿਆਂ ਨੇ ਲੋਕਾਂ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਸਿੱਖ ਧਰਮ ਵਿੱਚ ਦਾਖਲ ਹੋਣ ਵਾਲੀਆਂ ਵੱਡੀਆਂ ਤਾਕਤਾਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ। ਬਲਜੀਤ ਸਿੰਘ ਦਾਦੂਵਾਲ ਅਤੇ ਹੋਰ, ਜੋ ਚੋਣ ਹਾਰ ਗਏ ਹਨ, ਏਜੰਸੀਆਂ ਦੇ ਬੰਦੇ ਹਨ। ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ’ਚ ਵੀ ਮਾਹੌਲ ਖਰਾਬ ਕੀਤਾ। ਐੱਸ ਜੀ ਪੀ ਸੀ ’ਚ ਵੰਡੀਆਂ ਪਾਉਣ ਅਤੇ ਐੱਚ ਐੱਸ ਜੀ ਪੀ ਸੀ ਦੇ ਗਠਨ ਪਿੱਛੇ ਦਾਦੂਵਾਲ ਅਤੇ ਹੋਰ ਸਨ। ਨਤੀਜੇ ਇਨ੍ਹਾਂ ਸ਼ਕਤੀਆਂ ਲਈ ਸਪੱਸ਼ਟ ਸੁਨੇਹਾ ਹੈ ਕਿ ਉਹ ਧਾਰਮਿਕ ਮਾਮਲਿਆਂ ’ਚ ਦਖਲ ਨਾ ਦੇਣ। ਧਰਮ ਦੇ ਪੈਰੋਕਾਰਾਂ ਨੂੰ ਉਨ੍ਹਾਂ ਦੇ ਫੈਸਲੇ ਲੈਣ ਦੇਈਏ।
ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਚੰਡੀਗੜ੍ਹ ’ਚ ਪਾਰਟੀ ਦੇ ਮੁੱਖ ਦਫਤਰ ਵਿੱਚ ਭਰਤੀ ਮੁਹਿੰਮ ਸ਼ੁਰੂ ਕਰਵਾਈ ਤੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਸੁੱਚਾ ਸਿੰਘ ਲੰਗਾਹ ਨੂੰ ਮੈਂਬਰਸ਼ਿਪ ਪਰਚੀਆਂ ਸੌਂਪੀਆਂ। ਸੀਨੀਅਰ ਆਗੂ ਤੇ ਵਰਕਰ ਵੀ ਇਸ ਮੌਕੇ ਵੱਡੀ ਗਿਣਤੀ ’ਚ ਪਹੁੰਚੇ ਤੇ ਮੈਂਬਰਸ਼ਿਪ ਭਰਤੀ ਪਰਚੀਆਂ ਹਾਸਲ ਕੀਤੀਆਂ। ਸੂਬੇ ਭਰ ਵਿੱਚ ਇਹ ਭਰਤੀ ਮੁਹਿੰਮ ਪਰਚੀਆਂ ਭੇਜੀਆਂ ਜਾ ਰਹੀਆਂ। ਸੂਬੇ ਭਰ ਤੋਂ ਪਾਰਟੀ ਦੀ ਭਰਤੀ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ ਅਤੇ ਮੁਹਾਲੀ, ਪਟਿਆਲਾ, ਸੰਗਰੂਰ, ਫਰੀਦਕੋਟ ਤੇ ਹੋਰ ਥਾਵਾਂ ’ਤੇ ਪਾਰਟੀ ਆਗੂ ਮੈਂਬਰਸ਼ਿਪ ਪਰਚੀਆਂ ਲੈ ਰਹੇ ਹਨ। ਹਜ਼ਾਰਾਂ ਵਰਕਰਾਂ ਨੇ ਪਾਰਟੀ ਦੀ ਮੈਂਬਰਸ਼ਿਪ ਹਾਸਲ ਕਰਨ ਵਾਸਤੇ 10-10 ਰੁਪਏ ਦੀਆਂ ਪਰਚੀਆਂ ਕਟਵਾ ਕੇ ਮੈਂਬਰਸ਼ਿਪ ਹਾਸਲ ਕੀਤੀ ਹੈ। ਭੂੰਦੜ ਨੇ ਕਿਹਾ ਕਿ ਪਾਰਟੀ ਦੇ ਪਾਰਲੀਮਾਨੀ ਬੋਰਡ ਦੀ ਮੀਟਿੰਗ ’ਚ ਫੈਸਲਾ ਲਿਆ ਗਿਆ ਕਿ ਮੁੱਖ ਚੋਣ ਅਫਸਰ ਗੁਲਜ਼ਾਰ ਸਿੰਘ ਰਣੀਕੇ ਭਰਤੀ ਵਾਸਤੇ ਨਿਯੁਕਤ ਕੀਤੇ ਗਏ ਆਬਜ਼ਰਵਰਾਂ ਦੇ ਨਾਲ ਰਲ ਕੇ ਸਾਰੀ ਮੁਹਿੰਮ ਦੀ ਨਿਗਰਾਨੀ ਕਰਨਗੇ। ਹੋਰ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਫੈਸਲਾ ਕੀਤਾ ਗਿਆ ਹੈ ਕਿ ਇਹ ਭਰਤੀ 20 ਫਰਵਰੀ ਤੱਕ ਜਾਰੀ ਰਹੇਗੀ ਅਤੇ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਲਈ ਚੋਣ 1 ਮਾਰਚ ਨੂੰ ਹੋਵੇਗੀ।
ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਹੜੇ ਵੀ ਮੈਂਬਰ 100 ਮੈਂਬਰਾਂ ਦੀ ਭਰਤੀ ਕਰਨਗੇ, ਉਹ ਸਰਕਲ ਡੈਲੀਗੇਟ ਬਣਨ ਦੇ ਯੋਗ ਹੋਣਗੇ ਅਤੇ ਉਹ ਅੱਗੋਂ ਸਰਕਲ ਜਥੇਦਾਰਾਂ ਦੀ ਚੋਣ ਕਰਨਗੇ। ਜਿਹੜੇ 2500 ਡੈਲੀਗੇਟਾਂ ਦੀ ਭਰਤੀ ਕਰਨਗੇ, ਉਹ ਜ਼ਿਲ੍ਹਾ ਡੈਲੀਗੇਟ ਬਣਨਗੇ ਅਤੇ ਉਹ ਹੀ ਅੱਗੇ ਜ਼ਿਲ੍ਹਾ ਜਥੇਦਾਰਾਂ ਦੀ ਚੋਣ ਕਰਨਗੇ। ਹਰ ਹਲਕੇ ਤੋਂ ਚਾਰ ਡੈਲੀਗੇਟ ਜਨਰਲ ਹਾਊਸ ਲਈ ਨਾਮਜ਼ਦ ਕੀਤੇ ਜਾਣਗੇ ਅਤੇ ਉਹ ਪਾਰਟੀ ਪ੍ਰਧਾਨ ਦੀ ਚੋਣ ਕਰਨਗੇ।





