ਦੇਸ਼ ਦੀ ਜਮਹੂਰੀਅਤ ਖ਼ਤਰੇ ’ਚ : ਗੋਰੀਆ ਕਾਮਰੇਡ ਨਾਗੋਕੇ ਵਿਚਾਰਾਂ ਦਾ ਖ਼ਜ਼ਾਨਾ ਦੇ ਗਏ : ਦੇਵੀ ਕੁਮਾਰੀ
ਸ਼ਾਹਕੋਟ (ਗਿਆਨ ਸੈਦਪੁਰੀ)
ਆਪਣੇ ਜੀਊਂਦੇ ਹੁੰਦਿਆਂ ‘ਜ਼ਿੰਦਾ ਸ਼ਹੀਦ’ ਦਾ ਰੁਤਬਾ ਪ੍ਰਾਪਤ ਕਰਨ ਵਾਲੇ ਕਾਮਰੇਡ ਸਵਰਨ ਸਿੰਘ ਨਾਗੋਕੇ ਨੂੰ ਉਨ੍ਹਾਂ ਦੇ ਪਿੰਡ ਨਾਗੋਕੇ (ਖਡੂਰ ਸਾਹਿਬ) ਵਿੱਚ ਸ਼ਰਧਾਂਜਲੀ ਭੇਟ ਕਰਦਿਆਂ ਖੱਬੀਆਂ ਧਿਰਾਂ ਦੇ ਆਗੂਆਂ ਨੇ ਜਿੱਥੇ ਉਨ੍ਹਾਂ ਦੇ ਸੰਘਰਸ਼ੀ ਜੀਵਨ ਤੋਂ ਪ੍ਰੇਰਨਾ ਲੈ ਕੇ ਖੱਬੇ ਪੱਖੀ ਸਿਆਸਤ ਨੂੰ ਵਧੇਰੇ ਮਜ਼ਬੂਤ ਕਰਨ ਦੀ ਲੋੜ ਮਹਿਸੂਸ ਕੀਤੀ, ਉੱਥੇ ਆਰ ਐੱਸ ਐੱਸ ਅਤੇ ਭਾਜਪਾ ਵੱਲੋਂ ਧਰਮ ਦੇ ਨਾਂਅ ’ਤੇ ਲੋਕਾਂ ਅੰਦਰ ਵੰਡੀਆਂ ਪਾ ਕੇ ਨਫ਼ਰਤੀ ਜ਼ਹਿਰ ਭਰਨ ਅਤੇ ਭਾਰਤੀ ਬਗੀਚੇ ਨੂੰ ਇੱਕ ਰੰਗੀ ਕਿਆਰੀ ਵਿੱਚ ਬਦਲਣ ਦੇ ਮਨਸੂਬਿਆਂ ਦਾ ਮੂੰਹ ਤੋੜ ਜਵਾਬ ਦੇਣ ਦਾ ਹੋਕਾ ਦਿੱਤਾ। ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਾਮਰੇਡ ਨਾਗੋਕੇ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਉਹ (ਨਾਗੋਕੇ) ਕਮਿਊਨਿਸਟ ਲਹਿਰ ਦਾ ਵੱਡਾ ਜਰਨੈਲ ਸੀ। ਉਹ ਸਿੱਖੀ ਅਤੇ ਕਮਿਊਨਿਸਟ ਫਲਸਫੇ ਦਾ ਅਨੁਸਾਰੀ ਸੀ। ਇਸੇ ਕਰਕੇ ਉਹ ਤਨ, ਮਨ ਅਤੇ ਧਨ ਨਾਲ ਸੇਵਾ ਕਰਦਿਆਂ ਭਾਈ ਲਾਲੋਆਂ ਦੇ ਸਮਾਜ ਦਾ ਰੁਤਬਾ ਬੁਲੰਦ ਕਰਨ ਲਈ ਪੂਰੀ ਹਯਾਤੀ ਯਤਨਸ਼ੀਲ ਰਿਹਾ। ਬਰਾੜ ਨੇ ਕਿਹਾ ਕਿ ਅੱਤ ਦੀ ਗ਼ਰੀਬੀ ਵਿੱਚ ਪੈਦਾ ਹੋਏ ਕਾਮਰੇਡ ਨਾਗੋਕੇ ਦਿ੍ਰੜ੍ਹ ਵਿਸ਼ਵਾਸ ਨਾਲ ਕਮਿਊਨਿਸਟ ਪਾਰਟੀ ਦੇ ਵੱਡੇ ਆਗੂ ਬਣੇ। ਸਵਰਨ ਸਿੰਘ ਨਾਗੋਕੇ ਦੇ ਪਰਵਾਰ ਨੂੰ ‘ਲਾਲ ਪਰਵਾਰ’ ਦੀ ਸੰਗਿਆ ਦਿੰਦਿਆਂ ਸਾਥੀ ਬਰਾੜ ਨੇ ਕਾਮਨਾ ਕੀਤੀ ਕਿ ਇਸ ਘਰ ਵਿੱਚ ਲਾਲ ਝੰਡਾ ਝੂਲਦਾ ਰਹੇ।
ਸੀ ਪੀ ਆਈ ਦੀ ਪਾਰਟੀ ਕਾਂਗਰਸ, ਜੋ ਚੰਡੀਗੜ੍ਹ ਵਿੱਚ ਹੋਣੀ ਹੈ, ਦਾ ਜ਼ਿਕਰ ਕਰਦਿਆਂ ਕਾਮਰੇਡ ਬਰਾੜ ਨੇ ਕਿਹਾ ਕਿ ਨਾਗੋਕੇ ਹੁਰਾਂ ਨੂੰ ਉਸ ਕੌਮੀ ਸਮਾਗਮ ਵਿੱਚ ਬੁਲਾ ਕੇ ਸਨਮਾਨਿਤ ਕਰਨ ਦੀ ਰੀਝ ਸੀ, ਜੋ ਉਨ੍ਹਾਂ ਦੇ ਤੁਰ ਜਾਣ ਨਾਲ ਪੂਰੀ ਹੋਣੋਂ ਰਹਿ ਗਈ ਹੈ। ਕਾਮਰੇਡ ਬਰਾੜ ਨੇ ਸਵਰਨ ਸਿੰਘ ਨਾਗੋਕੇ ਦੀ ਜੀਵਨ ਸਾਥਣ ਬੀਬੀ ਗੁਰਦੀਪ ਕੌਰ ਦੀ ਘਾਲਣਾ ਨੂੰ ਚੇਤੇ ਕਰਦਿਆਂ ਕਿਹਾ ਕਿ ਇਹੋ ਜਿਹੀਆਂ ਔਰਤਾਂ ਬਹੁਤ ਘੱਟ ਹਨ। ਉਨ੍ਹਾ ਕਿਹਾ ਕਿ ਅੱਜ ਦੇ ਸਮਿਆਂ ਵਿੱਚ ਕਾਮਰੇਡ ਨਾਗੋਕੇ ਦੇ ਤੁਰ ਜਾਣ ਦੀ ਘਾਟ ਵਧੇਰੇ ਸ਼ਿੱਦਤ ਵਾਲੀ ਹੋ ਗਈ ਹੈ, ਜਦੋਂ ਆਰ ਐੱਸ ਐੱਸ ਅਤੇ ਭਾਜਪਾ ਦਾ ਫਿਰਕੂ ਏਜੰਡਾ ਜੱਗ ਜ਼ਾਹਰ ਹੈ। ਉਹ ਇਸ ਏਜੰਡੇ ਨੂੰ ਲਾਗੂ ਕਰਨ ਲਈ ਪੂਰੀ ਤਰ੍ਹਾਂ ਤੱਤਪਰ ਹਨ। ਆਰ ਐੱਸ ਐੱਸ ਦਾ ਸਿਖਰਲਾ ਆਗੂ ਬਿਆਨ ਦੇ ਰਿਹੈ ਕਿ ਭਾਰਤ ਨੂੰ ਆਜ਼ਾਦੀ ਉਸ ਦਿਨ ਮਿਲੀ, ਜਿਸ ਦਿਨ ਅਯੁੱਧਿਆ ਵਿੱਚ ਰਾਮ ਮੰਦਰ ਬਣਿਆ। ਇਹ ਲੋਕ ਉਹੀ ਹਨ, ਜੋ ਆਜ਼ਾਦੀ ਦੀ ਲੜਾਈ ਵਿੱਚ ਵੀ ਜ਼ਹਿਰਾਂ ਉਗਲਦੇ ਸਨ। ਕਾਮਰੇਡ ਬਰਾੜ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਆਪਣੇ ਜਨਮ ਤੋਂ ਹੀ ਪੰਜਾਬ ਪ੍ਰਤੀ ਗ਼ੈਰ ਗੰਭੀਰ ਰਹੀ ਹੈ। ਪੰਜਾਬ ਦੇ ਹਾਲਾਤ ਦਿਨੋ-ਦਿਨੋ ਵਿਗੜ ਰਹੇ ਹਨ।
ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਨੇ ਕਾਮਰੇਡ ਸਵਰਨ ਸਿੰਘ ਨਾਗੋਕੇ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਪਿੰਡ ਨਾਗੋਕੇ ਪੰਜਾਬ ਦਾ ਮਹੱਤਵਪੂਰਨ ਪਿੰਡ ਹੈ। ਇਸ ਨੇ ਵੱਡੇ ਆਗੂ ਪੈਦਾ ਕੀਤੇ, ਜਿਨ੍ਹਾਂ ਵਿੱਚ ਕਾਮਰੇਡ ਸਵਰਨ ਸਿੰਘ ਨਾਗੋਕੇ ਵੀ ਸ਼ਾਮਲ ਹੈ। ਗੋਰੀਆ ਨੇ ਨਾਗੋਕੇ ਨਾਲ ਆਪਣੇ ਨਿੱਘ ਸੰਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਹੁਤ ਵਰ੍ਹੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਦੋਰਾਹਾ ਵਿਖੇ ਹੋਈ ਕਾਨਫ਼ਰੰਸ ਤੋਂ ਲੈ ਕੇ ਉਨ੍ਹਾਂ ਦੇ ਆਖਰੀ ਦਿਨਾਂ ਤੱਕ ਮੈਂ ਉਨ੍ਹਾ ਦੇ ਅੰਗ-ਸੰਗ ਰਿਹਾ ਹਾਂ। ਕਾਮਰੇਡ ਗੋਰੀਆ ਨੇ ਕਿਹਾ ਕਿ ਇਸ ਵੇਲੇ ਮੁਲਕ ਦੀ ਜਮਹੂਰੀਅਤ ਖ਼ਤਰੇ ਵਿੱਚ ਹੈ। ਮਨੂਸਿਮਰਤੀ ਲਾਗੂ ਕੀਤੀ ਜਾ ਰਹੀ ਹੈ। ਹਰ ਸੰਵਿਧਾਨਕ ਅਤੇ ਵਿਧਾਨਕ ਅਦਾਰਿਆਂ ’ਤੇ ਆਰ ਐੱਸ ਐੱਸ ਦਾ ਕਬਜ਼ਾ ਹੈ। ਕਾਮਰੇਡ ਸਵਰਨ ਸਿੰਘ ਨਾਗੋਕੇ ਦਾ ਸ਼ਰਧਾਂਜਲੀ ਸਮਾਗਮ ਸੁਨੇਹਾ ਦੇ ਰਿਹਾ ਹੈ ਕਿ ਫਿਰਕੂ ਤਾਕਤਾਂ ਦੇ ਲੋਕ ਵਿਰੋਧੀ ਮਨਸੂਬਿਆਂ ਨੂੰ ਇਕਜੁਟਤਾ ਨਾਲ ਰੋਕਿਆ ਜਾਵੇ। ਕਾਮਰੇਡ ਗੋਰੀਆ ਨੇ ਨਾਗੋਕੇ ਦੀ ਸੰਘਰਸ਼ ਭਰੀ ਜ਼ਿੰਦਗੀ ’ਤੇ ਵਿਸਥਾਰ ਨਾਲ ਚਾਨਣਾ ਪਾਇਆ।
ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਕਾਮਰੇਡ ਨਾਗੋਕੇ ਦੀ ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂਆਂ ਦਾ ਜ਼ਿਕਰ ਕੀਤਾ। ਉਨ੍ਹਾ ਕਿਹਾ ਕਿ ਮੈਂ ਕਾਮਰੇਡ ਨਾਗੋਕੇ ਕੋਲੋਂ ਬੜਾ ਕੁਝ ਸਿੱਖਿਆ। ਉਨ੍ਹਾਂ ਦੀ ਪ੍ਰੇਰਨਾ ਦਾ ਹੀ ਸਿੱਟਾ ਹੈ ਕਿ ਮੈਂ ਕਿਰਤੀ ਲੋਕਾਂ ਲਈ ਕੁਝ ਚੰਗੇਰਾ ਕਰਨ ਲਈ ਯਤਨਸ਼ੀਲ ਹਾਂ। ਉਨ੍ਹਾ ਕਿਹਾ ਕਿ ਨਾਗੋਕੇ ਸਰੀਰਕ ਪੱਖੋਂ ਜੁਦਾ ਹੋ ਗਏ ਹਨ, ਪਰ ਉਨ੍ਹਾਂ ਦੇ ਮਹੱਤਵਪੂਰਨ ਵਿਚਾਰਾਂ ਦਾ ਖਜ਼ਾਨਾ ਹਮੇਸ਼ਾ ਸਾਡੀ ਅਗਵਾਈ ਕਰਦਾ ਰਹੇਗਾ। ਸੀ ਪੀ ਆਈ ਦੇ ਸੀਨੀਅਰ ਆਗੂ ਕਾਮਰੇਡ ਹਰਭਜਨ ਸਿੰਘ ਨੇ ਕਿਹਾ ਕਿ ਕਾਮਰੇਡ ਨਾਗੋਕੇ ਦੀ ਪਾਰਟੀ ਨੇ ਜਿੱਥੇ ਵੀ ਡਿਊਟੀ ਲਾਈ, ਉਨ੍ਹਾਂ ਨੇ ਤਨਦੇਹੀ ਨਾਲ ਨਿਭਾਈ। ਆਰ ਐੱਮ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਪ੍ਰਗਟ ਸਿੰਘ ਜਾਮਾਰਾਏ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਬਲਕਾਰ ਸਿੰਘ ਵਲਟੋਹਾ, ਸੀ ਪੀ ਆਈ ਦੇ ਸੀਨੀਅਰ ਆਗੂ ਗੁਰਦਿਆਲ ਸਿੰਘ ਖਡੂਰ ਸਾਹਿਬ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਜਸਬੀਰ ਸਿੰਘ ਝਬਾਲ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਮੀਤ ਸਕੱਤਰ ਅਮਰੀਕ ਸਿੰਘ ਦਾਊਦ, ਕੁਲ ਹਿੰਦ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਗੋਹਲਵੜ ਨੇ ਵੀ ਭਾਵਪੂਰਤ ਸ਼ਬਦਾਂ ਵਿੱਚ ਸ਼ਰਧਾ ਦੇ ਫੁੱਲ ਭੇਟ ਕੀਤੇ। ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਆਗੂ ਨਗੇਂਦਰ ਨਾਥ ਓਝਾ, ਕੁਲ ਹਿੰਦ ਦਲਿਤ ਅਧਿਕਾਰ ਅੰਦੋਲਨ ਦੇ ਜਨਰਲ ਸਕੱਤਰ ਵੀ ਐੱਸ ਨਿਰਮਲ, ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਪ੍ਰਸਿੱਧ ਪੱਤਰਕਾਰ ਜਤਿੰਦਰ ਪਨੂੰ, ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਵਿੱਤ ਸਕੱਤਰ ਦਰਿਓ ਸਿੰਘ, ਪੰਜਾਬ ਇਸਤਰੀ ਸਭਾ ਦੇ ਸੂਬਾ ਪ੍ਰਧਾਨ ਰਜਿੰਦਰ ਪਾਲ ਕੌਰ, ਸੀ ਪੀ ਆਈ ਦੇ ਸੂਬਾ ਸਕੱਤਰੇਤ ਦੇ ਮੈਂਬਰ ਅਮਰਜੀਤ ਸਿੰਘ ਆਸਲ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਮਹਾਂਬੀਰ ਸਿੰਘ ਪੱਟੀ, ਡਾਕਟਰ ਸੁਰਿੰਦਰ ਸਿੰਘ ਕੈਂਥ ਤਰਨ ਤਾਰਨ, ਅਕਾਲੀ ਆਗੂ ਜਥੇਦਾਰ ਗੁਰਦੇਵ ਸਿੰਘ ਨਾਗੋਕੇ, ਕੰਪਿਊਟਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ, ਕੁਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਕਾਮਰੇਡ ਭੁਪਿੰਦਰ ਸਾਂਬਰ ਵੱਲੋਂ ਆਏ ਸ਼ੋਕ ਸੰਦੇਸ਼ ਪੜ੍ਹ ਕੇ ਸੁਣਾਏ ਗਏ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਲਖਬੀਰ ਸਿੰਘ ਨਿਜ਼ਾਮਪੁਰ, ਪ੍ਰੀਤਮ ਸਿੰਘ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਸਭਾ, ਤਾਰਾ ਸਿੰਘ ਖਹਿਰਾ ਮੈਂਬਰ ਕੰਟਰੋਲ ਕਮਿਸ਼ਨ ਸੀ ਪੀ ਆਈ, ਮਾਸਟਰ ਅੰਮਿ੍ਰਤਪਾਲ ਸਿੰਘ ਬਾਕੀਪੁਰ, ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ, ਨਾਨਕ ਚੰਦ ਲੰਬੀ, ਰਿਸ਼ੀਪਾਲ ਖੁੱਬਣ, ਨਿਰੰਜਨ ਦਾਸ ਮੇਹਲੀ ਜ਼ਿਲ੍ਹਾ ਸਕੱਤਰ ਸੀ ਪੀ ਆਈ ਨਵਾਂ ਸ਼ਹਿਰ, ਅਮਰਜੀਤ ਸਿੰਘ ਮੇਹਲੀ ਸੀਨੀਅਰ ਆਗੂ ਆਦਿ ਵੀ ਸ਼ਾਮਲ ਸਨ।





