6.4 C
Jalandhar
Friday, February 7, 2025
spot_img

ਅਕਾਲੀ ਦਲ ਤੇ ਸੁਖਬੀਰ ਖਿਲਾਫ ਕਾਰਵਾਈ ਲਈ ਅਕਾਲ ਤਖਤ ਕੋਲ ਪਹੁੰਚ

ਅੰਮਿ੍ਰਤਸਰ : ਸ਼੍ਰੋਮਣੀ ਅਕਾਲੀ ਦਲ ਦੇ ਨਰਾਜ਼ ਧੜੇ ਨਾਲ ਸੰਬੰਧਤ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਸਾਬਕਾ ਮੈਂਬਰਾਂ ਨੇ ਬੁੱਧਵਾਰ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਾਂਅ ਇੱਕ ਪੱਤਰ ਦੇ ਕੇ ਸ਼੍ਰੋਮਣੀ ਅਕਾਲੀ ਦਲ ’ਤੇ ਕਾਬਜ਼ ਧੜੇ ਦੇ ਖਿਲਾਫ ਗੰਭੀਰ ਦੋਸ਼ ਲਾਏ ਹਨ ਅਤੇ ਕਾਰਵਾਈ ਦੀ ਅਪੀਲ ਕੀਤੀ ਹੈ। ਇਹ ਪੱਤਰ ਦੇਣ ਵਾਲਿਆਂ ’ਚ ਸ਼੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਪੁੜੈਨ, ਰਾਮਪਾਲ ਸਿੰਘ ਬਹਿਣੀਵਾਲ, ਬੀਬੀ ਕਿਰਨਜੋਤ ਕੌਰ, ਪਰਮਜੀਤ ਸਿੰਘ ਰਾਏਪੁਰ, ਜਥੇਦਾਰ ਹਰਦੇਵ ਸਿੰਘ, ਤੇਜਾ ਸਿੰਘ, ਸਾਬਕਾ ਮੈਂਬਰ ਹਰਬੰਸ ਸਿੰਘ ਮੰਝਪੁਰ ਤੇ ਹੋਰ ਸ਼ਾਮਲ ਹਨ। ਇਨ੍ਹਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਨੇ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਦੇ ਸਨਮੁਖ ਆਪਣੇ ਦੋਸ਼ ਕਬੂਲੇ ਸਨ ਅਤੇ ਇਸ ਦੀ ਤਨਖਾਹ ਵੀ ਲਵਾਈ ਸੀ, ਪਰ ਹੁਣ ਉਹ ਲੋਕਾਂ ’ਚ ਇਹ ਆਖ ਰਹੇ ਹਨ ਕਿ ਉਨ੍ਹਾ ਦਾ ਕੋਈ ਦੋਸ਼ ਨਹੀਂ ਹੈ, ਉਨ੍ਹਾ ਉਜ ਹੀ ਸਾਰੇ ਗੁਨਾਹ ਆਪਣੇ ਸਿਰ ਲੈ ਲਏ ਸਨ। ਇਹ ਕੋਝਾ ਮਜ਼ਾਕ ਹੈ ਅਤੇ ਇਸ ਦਾ ਨੋਟਿਸ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੂਜਾ ਮਾਮਲਾ ਸ੍ਰੀ ਅਕਾਲ ਤਖਤ ਵੱਲੋਂ ਭਰਤੀ ਸੰਬੰਧੀ ਬਣਾਈ ਗਈ ਸੱਤ ਮੈਂਬਰੀ ਕਮੇਟੀ ਨੂੰ ਅਣਦੇਖਿਆਂ ਕਰਨਾ ਅਤੇ ਹੁਕਮਾਂ ਦੀ ਉਲੰਘਣਾ ਕਰਨ ਦਾ ਰੱਖਿਆ ਹੈ । ਤੀਜੇ ਮਾਮਲੇ ’ਚ ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਅਕਾਲ ਤਖਤ ਵੱਲੋਂ ਪ੍ਰਕਾਸ਼ ਸਿੰਘ ਬਾਦਲ ਕੋਲੋਂ ਫਖਰ-ਏ-ਕੌਮ ਵਾਪਸ ਲੈ ਲਿਆ ਗਿਆ ਸੀ, ਪਰ ਹੁਣ ਅਕਾਲੀ ਆਗੂ ਲੋਕਾਂ ਕੋਲੋਂ ਹੱਥ ਖੜੇ੍ਹ ਕਰਵਾ ਕੇ ਇਸ ਮਾਮਲੇ ਨੂੰ ਮੁੜ ਵਿਚਾਰ ਕਰਨ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਗਲਤੀਆਂ ਲਈ ਸ੍ਰੀ ਅਕਾਲ ਅਕਾਲ ਤਖਤ ਤੋਂ ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।

Related Articles

Latest Articles