ਚੰਡੀਗੜ੍ਹ (ਗੁਰਜੀਤ ਬਿੱਲਾ)
‘ਆਪ’ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਹੈ ਕਿ ਭਾਜਪਾ ਆਗੂ ਪਰਵੇਸ਼ ਵਰਮਾ ਦੀ ‘ਪੰਜਾਬ ਦੀ ਰਜਿਸਟਰੇਸ਼ਨ ਵਾਲੇ ਵਾਹਨਾਂ’ ਦੇ ਦਿੱਲੀ ਦਾਖਲੇ ਬਾਰੇ ਟਿੱਪਣੀ ਤੋਂ ਭਾਜਪਾ ਦੀ ਪੰਜਾਬੀਆਂ ਪ੍ਰਤੀ ਮਾਨਸਿਕਤਾ ਝਲਕਦੀ ਹੈ। ਕੰਗ ਨੇ ਕਿਹਾ ਕਿ ਵਰਮਾ ਨੂੰ ਪੰਜਾਬ ਦੇ ਲੋਕਾਂ ਦਾ ਨਿਰਾਦਰ ਕਰਨ ਬਦਲੇ ਮੁਆਫੀ ਮੰਗਣੀ ਚਾਹੀਦੀ ਹੈ। ਵਰਮਾ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਪੰਜਾਬ ਦੀ ਰਜਿਸਟਰੇਸ਼ਨ ਨੰਬਰ ਵਾਲੇ ਹਜ਼ਾਰਾਂ ਵਾਹਨ ਦਿੱਲੀ ਵਿਚ ਇਧਰ-ਉਧਰ ਘੁੰਮੀ ਫਿਰਦੇ ਹਨ। ਇਨ੍ਹਾਂ ਵਾਹਨਾਂ ਵਿੱਚ ਕੌਣ ਲੋਕ ਹਨ? ਦਿੱਲੀ ਵਿੱਚ ਗਣਤੰਤਰ ਦਿਵਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਹ ਇੱਥੇ ਕੀ ਵੱਡਾ ਕਰਨਗੇ, ਜਿਸ ਨਾਲ ਸਾਡੇ ਸੁਰੱਖਿਆ ਪ੍ਰਬੰਧ ਲਈ ਜੋਖਮ ਖੜ੍ਹਾ ਹੋ ਸਕਦਾ ਹੈ।
ਕੰਗ ਨੇ ਕਿਹਾ ਕਿ ਕੀ ਪੰਜਾਬੀ ਦਹਿਸ਼ਤਗਰਦ ਹਨ? ਵਰਮਾ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਭਾਜਪਾ ਵਰਮਾ ਖਿਲਾਫ ਕਾਰਵਾਈ ਕਰੇ। ਉਨ੍ਹਾ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ ਸਵਾਲ ਕੀਤਾ ਕਿ ਕੀ ਉਹ ਵਰਮਾ ਦੇ ਉਪਰੋਕਤ ਬਿਆਨ ਨਾਲ ਸਹਿਮਤ ਹਨ। ਉਨ੍ਹਾ ਕਿਹਾ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ। ਇੱਥੇ ਹਰ ਸੂਬੇ ਤੋਂ ਲੋਕ ਆਉਂਦੇ ਹਨ। ਇੱਥੇ ਹਰ ਸੂਬੇ ਦੀਆਂ ਨੰਬਰਾਂ ਵਾਲੀਆਂ ਗੱਡੀਆਂ ਚੱਲਦੀਆਂ ਹਨ। ਕਿਸੇ ਵੀ ਸੂਬੇ ਦੇ ਨੰਬਰ ਵਾਲੀ ਗੱਡੀ ਦੇਸ਼ ਦੇ ਕਿਸੇ ਵੀ ਹਿੱਸੇ ’ਚ ਜਾ ਸਕਦੀ ਹੈ, ਇਸ ’ਤੇ ਕੋਈ ਪਾਬੰਦੀ ਨਹੀਂ ਹੈ।