6.4 C
Jalandhar
Friday, February 7, 2025
spot_img

90 ਘੰਟੇ ਕੰਮ ਹਫ਼ਤੇ ਦੀ ਤਜਵੀਜ਼ ਖਿਲਾਫ ਜ਼ੋਰਦਾਰ ਪ੍ਰਦਰਸ਼ਨ

ਮੋਗਾ (ਇਕਬਾਲ ਸਿੰਘ ਖਹਿਰਾ)
ਸਰਬ ਭਾਰਤ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ‘ਬਨੇਗਾ’ ਪ੍ਰਾਪਤੀ ਮੁਹਿੰਮ ਦੇ ਬੈਨਰ ਹੇਠ ਬੁੱਧਵਾਰ ਇਥੇ ਡਿਪਟੀ ਕਮਿਸ਼ਨਰ ਦਫਤਰ ਅੱਗੇ 90 ਘੰਟੇ ਕੰਮ ਹਫਤੇ ਦੀ ਤਜਵੀਜ਼ ਖਿਲਾਫ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਅਤੇ 6 ਘੰਟੇ ਦੀ ਕਾਨੂੰਨੀ ਕੰਮ ਦਿਹਾੜੀ ਦੀ ਪ੍ਰਾਪਤੀ ਲਈ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਪੰਜਾਬ ਦੀ ਪ੍ਰਧਾਨ ਕਰਮਵੀਰ ਬੱਧਨੀ ਅਤੇ ਪੰਜਾਬ ਦੇ ਸਾਬਕਾ ਸੂਬਾ ਸਕੱਤਰ ਕੁਲਦੀਪ ਭੋਲਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜ਼ਿਲ੍ਹਾ ਸਕੱਤਰ ਸਵਰਾਜ ਖੋਸਾ ਨੇ ਕੀਤੀ। ਇਸ ਮੌਕੇ ਉਕਤ ਦੋਵਾਂ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਜਗਵਿੰਦਰ ਕਾਕਾ ਅਤੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਦੀਨਾ ਨੇ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਅਤੇ ਦੇਸ਼ ਦੇ ਪੂੰਜੀਪਤੀਆਂ ਵੱਲੋਂ 12 ਘੰਟੇ ਕਾਨੂੰਨੀ ਕੰਮ ਦਿਹਾੜੀ ਅਤੇ 90 ਘੰਟੇ ਦਾ ਹਫਤਾ ਨੀਤੀਆਂ ਲਾਗੂ ਕਰਨ ਦੀਆਂ ਤਜਵੀਜ਼ਾ ਲਿਆਂਦੀਆਂ ਜਾ ਰਹੀਆਂ ਹਨ, ਜਿਸ ਨਾਲ ਕਿਰਤੀਆਂ ਦੀ ਭਾਰੀ ਆਰਥਕ ਲੁੱਟ ਲਈ ਪੂੰਜੀਪਤੀਆਂ ਨੂੰ ਖੁੱਲ੍ਹੀ ਛੋਟ ਮਿਲ ਜਾਵੇਗੀ। ਇਸ ਤਜਵੀਜ਼ ਦੇ ਲਾਗੂ ਹੋਣ ਨਾਲ ਕੰਮ ’ਤੇ ਲੱਗੇ ਕਾਮਿਆਂ ਦਾ ਕੰਮ ਬੋਝ ਖਤਰਨਾਕ ਹੱਦ ਤੱਕ ਵਧ ਜਾਵੇਗਾ ਅਤੇ ਦੂਜੇ ਪਾਸੇ ਐਤਵਾਰ ਦੀ ਛੁੱਟੀ ਵੀ ਖ਼ਤਮ ਹੋ ਜਾਵੇਗੀ, ਜੋ ਕਿ ਦੇਸ਼ ਅਤੇ ਕਿਰਤੀਆਂ ਵਿਰੋਧੀ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਾਬਕਾ ਨੌਜਵਾਨ ਆਗੂ ਜਗਸੀਰ ਸਿੰਘ ਖੋਸਾ, ਐਪਸੋ ਆਗੂ ਇੰਜ. ਸਵਰਨ ਸਿੰਘ ਖੋਸਾ, ਡਾਕਟਰ ਇੰਦਰਵੀਰ ਗਿੱਲ, ਨੌਜਵਾਨ ਆਗੂ ਬੋਹੜ ਬੁੱਟਰ ਨੇ ਕਿਹਾ ਕਿ ‘ਏ ਆਈ’ ਭਾਵ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੇ ਦੌਰ ਵਿੱਚ ਪੈਦਵਾਰ ਅਤੇ ਸੇਵਾਵਾਂ ਦੇ ਖੇਤਰ ਵਿਚ ਏ ਆਈ ਮਸ਼ੀਨਾਂ ਨੇ ਚਮਤਕਾਰੀ ਤਬਦੀਲੀਆਂ ਲਿਆਂਦੀਆਂ ਹਨ ਕਿ ਸਾਲਾਂ ਵਾਲਾ ਕੰਮ ਕੁਝ ਕੁ ਦਿਨਾਂ ਵਿੱਚ ਹੋਣ ਲੱਗਿਆ ਹੈ। ਸਮਾਜ ਵਿਗਿਆਨ ਦੇ ਸਿਧਾਂਤ ਮੁਤਾਬਕ ਹੁਣ ਕੰਮ ਸਮਾਂ ਘੱਟ ਕਰਨ ਦੀ ਲੋੜ ਹੈ, ਤਾਂ ਕਿ ਬੇਰੁਜ਼ਗਾਰਾਂ ਨੂੰ ਕੰਮ ਦਿੱਤਾ ਜਾ ਸਕੇ। ਉਹਨਾਂ ਕਿਹਾ ਕਿ ਬਨੇਗਾ ਪ੍ਰਾਪਤੀ ਮੁਹਿੰਮ ਵੱਲੋਂ ਹਰ ਇੱਕ ਲਈ ਰੁਜ਼ਗਾਰ ਦੀ ਗਰੰਟੀ ਕਰਦੇ ‘ਬਨੇਗਾ’ ਭਾਵ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਨੂੰ ਪਾਰਲੀਮੈਂਟ ਵਿਚੋਂ ਪਾਸ ਕਰਵਾਉਣ ਅਤੇ 6 ਘੰਟੇ ਦੀ ਕਾਨੂੰਨੀ ਕੰਮ ਦਿਹਾੜੀ ਲਾਗੂ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ, ਜੋ ਜਿੱਤ ਪ੍ਰਾਪਤੀ ਤੱਕ ਜਾਰੀ ਰਹੇਗਾ। ਅੰਤ ਵਿੱਚ ਨੌਜਵਾਨ ਵਿਦਿਆਰਥੀਆਂ ਨੇ ਮਨੁੱਖੀ ਕੜੀ ਬਣਾ ਕੇ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ।
ਉਕਤ ਆਗੂਆਂ ਕਿਹਾ ਕਿ ਬਨੇਗਾ ਪ੍ਰਾਪਤੀ ਮੁਹਿੰਮ ਵੱਲੋਂ ਇਹਨਾਂ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰ ’ਤੇ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਮਹੀਨਾਵਾਰ ਬਨੇਗਾ ਪ੍ਰਦਰਸ਼ਨ ਕੀਤੇ ਜਾਇਆ ਕਰਨਗੇ, ਜਿਸ ਦੀ ਅੱਜ ਇਥੋਂ ਸ਼ੁਰੂਆਤ ਕੀਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਪ੍ਰਦਰਸ਼ਨਾਂ ਨੂੰ ਦੇਸ਼ ਪੱਧਰ ਤੱਕ ਵਿਸਥਾਰ ਦੇਣ ਦੇ ਯਤਨ ਵੀ ਕੀਤੇ ਜਾਣਗੇ।
ਪ੍ਰਦਰਸ਼ਨ ਨੂੰ ਹੋਰਨਾਂ ਤੋਂ ਇਲਾਵਾ ਬੋਹੜ ਸਿੰਘ ਬੁੱਟਰ, ਇਕਬਾਲ ਤਖਾਣਵੱਧ, ਰਾਜੂ ਮਹੇਸਰੀ, ਕੁਲਬੀਰ ਸਿੰਘ, ਜਬਰਜੰਗ ਸਿੰਘ, ਵੀਰਪਾਲ ਕੌਰ, ਸਵਰਾਜ ਸਿੰਘ ਢੁੱਡੀਕੇ, ਹਰਪ੍ਰੀਤ ਬਾਵਾ, ਕਮਲੇਸ਼ ਸਿੰਘ, ਸੁਰਿੰਦਰ ਦਾਤੇਵਾਲ, ਸਰਬਜੀਤ ਕੌਰ ਖੋਸਾ, ਬਿੰਦਰ ਕੌਰ ਘਲੋਟੀ ਤੇ ਪੂਜਾ ਖੋਸਾ ਨੇ ਵੀ ਸੰਬੋਧਨ ਕੀਤਾ।

Related Articles

Latest Articles