ਵਕਫ ਬਿੱਲ ’ਤੇ ਚਰਚਾ ਦੌਰਾਨ ਤਕੜਾ ਹੰਗਾਮਾ, ਆਪੋਜ਼ੀਸ਼ਨ ਦੇ 10 ਮੈਂਬਰ ਮੁਅੱਤਲ

0
147

ਨਵੀਂ ਦਿੱਲੀ : ਵਕਫ ਸੋਧ ਬਿੱਲ ’ਤੇ ਸਾਂਝੀ ਸੰਸਦੀ ਕਮੇਟੀ (ਜੇ ਪੀ ਸੀ) ਦੀ ਬੈਠਕ ’ਚ ਸ਼ੁੱਕਰਵਾਰ ਤਕੜਾ ਹੰਗਾਮਾ ਹੋ ਗਿਆ ਅਤੇ ਅਸਦੁਦੀਨ ਓਵੈਸੀ ਤੇ ਕਲਿਆਣ ਬੈਨਰਜੀ ਸਮੇਤ ਵਿਰੋਧੀ ਧਿਰ ਦੇ 10 ਸੰਸਦ ਮੈਂਬਰਾਂ ਨੂੰ ਇੱਕ ਦਿਨ ਲਈ ਮੁਅੱਤਲ ਕਰ ਦਿੱਤਾ ਗਿਆ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਵਿਚਾਰ ਨਹੀਂ ਸੁਣੇ ਜਾ ਰਹੇ ਹਨ। ਹੰਗਾਮਾ ਇੰਨਾ ਵੱਧ ਗਿਆ ਸੀ ਕਿ ਮਾਰਸ਼ਲ ਨੂੰ ਬੁਲਾਉਣ ਤਕ ਦੀ ਨੌਬਤ ਆ ਗਈ। ਭਾਜਪਾ ਦੇ ਨਿਸ਼ੀਕਾਂਤ ਦੂਬੇ ਤੇ ਤਿ੍ਰਣਮੂਲ ਕਾਂਗਰਸ ਦੇ ਕਲਿਆਣ ਬੈਨਰਜੀ ਵਿਚਾਲੇ ਤਿੱਖੀ ਬਹਿਸ ਤੋਂ ਬਾਅਦ ਆਖਰ ਮੀਟਿੰਗ 27 ਜਨਵਰੀ ਤਕ ਮੁਲਤਵੀ ਕਰ ਦਿੱਤੀ ਗਈ। ਵਿਰੋਧੀ, ਖਾਸਕਰ ਓਵੈਸੀ ਦਾ ਮੰਨਣਾ ਸੀ ਕਿ ਜੰਮੂ-ਕਸ਼ਮੀਰ ਦੀ ਗੱਲ ਪੂਰੀ ਨਹੀਂ ਸੁਣੀ ਗਈ ਤੇ ਉੱਥੋਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਬੁਲਾਇਆ ਜਾਣਾ ਚਾਹੀਦਾ ਸੀ। ਕਲਿਆਣ ਬੈਨਰਜੀ ਨੇ ਕਿਹਾਅਸੀਂ ਵਾਰ-ਵਾਰ 30, 31 ਜਨਵਰੀ ਨੂੰ ਬੈਠਕ ਕਰਵਾਉਣ ਦੀ ਅਪੀਲ ਕੀਤੀ, ਪਰ ਸਾਡੀ ਮੰਗ ਨਹੀਂ ਸੁਣੀ ਗਈ। ਜਦੋਂ ਅਸੀਂ ਵੀਰਵਾਰ ਰਾਤ ਦਿੱਲੀ ਪਹੁੰਚੇ, ਬੈਠਕ ਦਾ ਵਿਸ਼ਾ ਬਦਲ ਦਿੱਤਾ ਗਿਆ। ਪਹਿਲਾਂ, ਸਾਨੂੰ ਦੱਸਿਆ ਗਿਆ ਕਿ ਬੈਠਕ ਪੜਾਅਵਾਰ ਹੋਵੇਗੀ। ਬੈਠਕ ਵਿੱਚ ਜੋ ਹੋ ਰਿਹਾ ਹੈ, ਉਹ ਅਣਐਲਨੀ ਐਮਰਜੈਂਸੀ ਦੀ ਕਾਰਵਾਈ ਵਾਂਗ ਹੈ। ਉਹ ਦਿੱਲੀ ਚੋਣਾਂ ਕਾਰਨ ਚੀਜ਼ਾਂ ਨੂੰ ਜਲਦੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸਿਆਸਤ ਤੋਂ ਪ੍ਰੇਰਤ ਹੈ। ਪ੍ਰਧਾਨ ਕਿਸੇ ਦੀ ਨਹੀਂ ਸੁਣਦੇ। ਇਹ ਜਮੀਂਦਾਰੀ ਵਰਗਾ ਹੈ। ਉਹ ਵਿਰੋਧੀ ਧਿਰ ਦੇ ਮੈਂਬਰਾਂ ਦਾ ਕੋਈ ਸਨਮਾਨ ਨਹੀਂ ਕਰਦੇ। ਇਹ ਜੇ ਪੀ ਸੀ ਇਕ ਮਜ਼ਾਕ ਬਣ ਗਈ ਹੈ।
ਭਾਜਪਾ ਦੀ ਮੈਂਬਰ ਅਪਰਾਜਿਤਾ ਸਾਰੰਗੀ ਨੇ ਕਿਹਾਮੀਟਿੰਗ ਦੌਰਾਨ ਕਲਿਆਣ ਬੈਨਰਜੀ ਦੀ ਅਗਵਾਈ ਵਾਲੇ ਵਿਰੋਧੀ ਧਿਰ ਦੇ ਨੇਤਾਵਾਂ ਨੇ ਜੇ ਪੀ ਸੀ ਪ੍ਰਧਾਨ ਜਗਦੰਬਿਕਾ ਪਾਲ ਖਿਲਾਫ ਬਹੁਤ ਹੀ ਗੈਰ-ਸੰਸਦੀ ਭਾਸ਼ਾ ਦੀ ਵਰਤੋਂ ਕੀਤੀ। ਅਸੀਂ ਇਸ ਦੀ ਨਿੰਦਾ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਮੀਟਿੰਗ ਹੋਵੇ, ਪਰ ਇਸ ਦੇ ਨਾਲ ਹੀ ਜੇ ਪੀ ਸੀ ਅਣਮਿੱਥੇ ਸਮੇਂ ਲਈ ਜਾਰੀ ਨਹੀਂ ਰਹਿ ਸਕਦੀ। ਪੂਰੀ ਚਰਚਾ ਖਤਮ ਹੋਣੀ ਚਾਹੀਦੀ। ਸਰਕਾਰ ਵੱਲੋਂ 44 ਸੋਧਾਂ ਸਾਡੇ ਸਾਰਿਆਂ ਦੇ ਸਾਹਮਣੇ ਰੱਖੀਆਂ ਗਈਆਂ ਹਨ ਤੇ ਇਨ੍ਹਾਂ ਸਾਰੀਆਂ ਸੋਧਾਂ ’ਤੇ ਕਈ ਵਾਰ ਚਰਚਾ ਕੀਤੀ ਜਾ ਚੁੱਕੀ ਹੈ।