ਦਿੱਲੀ ’ਚ ਪਟਾਕੇ ਪੁਆਉਣੇ ਮਹਿੰਗੇ ਪਏ

0
161

ਨਵੀਂ ਦਿੱਲੀ : ਦਿੱਲੀ ਪੁਲਸ ਨੇ ਮੋਡੀਫਾਈਡ ਸਾਈਲੈਂਸਰ ਮੋਟਰਸਾਈਕਲ ਦੀ ਵਰਤੋਂ ਕਰਨ ਅਤੇ ਡਿਊਟੀ ’ਤੇ ਅਧਿਕਾਰੀਆਂ ਨਾਲ ਦੁਰਵਿਹਾਰ ਕਰਨ ਲਈ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਉਨ੍ਹਾਂ ਨੂੰ ਮੋਟਰ ਵਹੀਕਲ ਐਕਟ ਦੀਆਂ ਕਈ ਧਾਰਾਵਾਂ ਦੀ ਉਲੰਘਣਾ ਕਰਨ ਲਈ ਲੱਗਭੱਗ 20,000 ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਹ ਘਟਨਾ ਉਦੋਂ ਵਾਪਰੀ, ਜਦੋਂ ਪੁਲਸ ਟੀਮ ਗਣਤੰਤਰ ਦਿਵਸ ਤੋਂ ਪਹਿਲਾਂ ਕੌਮੀ ਰਾਜਧਾਨੀ ਦੇ ਓਖਲਾ ਖੇਤਰ ’ਚ ਗਸ਼ਤ ਕਰ ਰਹੀ ਸੀ। ਪੁਲਸ ਅਨੁਸਾਰ ਇਹ ਦੋਨੋਂ ਨੌਜਵਾਨ ਗਲਤ ਤਰੀਕੇ ਨਾਲ ਮੋਟਰਸਾਈਕਲ ਚਲਾ ਰਹੇ ਸਨ, ਮੋਡੀਫਾਈਡ ਸਾਈਲੈਂਸਰ ਨਾਲ ਉੱਚੀ-ਉੱਚੀ ਅਵਾਜ਼ ਲਗਾ ਰਹੇ ਸਨ ਅਤੇ ਜ਼ਿਗਜ਼ੈਗ ਤਰੀਕੇ ਨਾਲ ਡਰਾਈਵਿੰਗ ਕਰ ਰਹੇ ਸਨ। ਜਦੋਂ ਉਨ੍ਹਾਂ ਨੂੰ ਰੋਕਿਆ ਤਾਂ ਇੱਕ ਨੌਜਵਾਨ ਨੇ ‘ਆਪ’ ਵਿਧਾਇਕ ਅਮਾਨਤੁੱਲ੍ਹਾ ਖਾਨ ਦਾ ਪੁੱਤਰ ਹੋਣ ਦਾ ਦਾਅਵਾ ਕੀਤਾ ਅਤੇ ਅਧਿਕਾਰੀਆਂ ’ਤੇ ਦੋਸ਼ ਲਗਾਇਆ ਕਿ ਉਹ ਉਸ ਦੇ ਪਿਤਾ ਦੀ ਸਥਿਤੀ ਕਾਰਨ ਉਸ ਨੂੰ ਨਿਸ਼ਾਨਾ ਬਣਾ ਰਹੇ ਹਨ। ਪੁਲਸ ਅਨੁਸਾਰ ਉਨ੍ਹਾਂ ਨੇ ਆਪਣੇ ਡਰਾਈਵਿੰਗ ਲਾਇਸੈਂਸ ਅਤੇ ਪਛਾਣ-ਪੱਤਰ ਦਿਖਾਉਣ ਤੋਂ ਵੀ ਇਨਕਾਰ ਕਰ ਦਿੱਤਾ, ਇਹ ਕਹਿੰਦੇ ਹੋਏ ਕਿ ਉਨ੍ਹਾਂ ਨੂੰ ਇਸ ਦੀ ਲੋੜ ਨਹੀਂ ਹੈ। ਉਨ੍ਹਾਂ ਵਿੱਚੋਂ ਇੱਕ ਨੇ ਅਮਾਨਤੁੱਲ੍ਹਾ ਖਾਨ ਨੂੰ ਵੀ ਬੁਲਾਇਆ, ਜਿਸ ਨੇ ਐੱਸ ਐੱਚ ਓ ਨਾਲ ਗੱਲ ਕੀਤੀ। ਇਸ ਦੇ ਬਾਵਜੂਦ ਮੁੰਡੇ ਆਪਣਾ ਨਾਂਅ-ਪਤਾ ਦੱਸੇ ਬਿਨਾਂ ਬਾਈਕ ਛੱਡ ਕੇ ਚਲੇ ਗਏ।
ਏ ਐੱਸ ਆਈ ਵੱਲੋਂ ਉਨ੍ਹਾਂ ਦੇ ਬੁਲੇਟ ਨੂੰ ਥਾਣੇ ਲਿਜਾਇਆ ਗਿਆ। ਕੇਸ ਦਰਜ ਕਰਕੇ ਚਲਾਨ ਜਾਰੀ ਕਰ ਦਿੱਤਾ ਗਿਆ ਹੈ।