ਮੋਹਾਲੀ (ਗੁਰਜੀਤ ਬਿੱਲਾ)
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਚੰਡੀਗੜ੍ਹ ਅਤੇ ਮੋਹਾਲੀ ਦੇ ਸਕੱਤਰ ਡਾ. ਸ਼ੇਰ ਸਿੰਘ ਦੀ ਪਹਿਲੀ ਬਰਸੀ ਮੌਕੇ ਸ਼ਨੀਵਾਰ ਸੈਂਕੜੇ ਵਰਕਰ ਅਤੇ ਉਹਨਾ ਦੇ ਰਿਸ਼ਤੇਦਾਰਾਂ ਵੱਲੋਂ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸ਼ਰਧਾਂਜਲੀ ਸਮਾਗਮ ਦੌਰਾਨ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ, ਦੇਸ਼ ਦੀ ਸੰਪਤੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ, ਸੰਘੀ ਢਾਂਚੇ ਦਾ ਗਲਾ ਘੁੱਟਣ ਦਾ ਡਟਵਾਂ ਵਿਰੋਧ ਕੀਤਾ ਗਿਆ ਅਤੇ ਭਾਰਤੀ ਸੰਵਿਧਾਨ ਦੀ ਰੱਖਿਆ ਲਈ ਕਮਿਊਨਿਸਟ ਏਕਤਾ ਦਾ ਮੁੱਦਾ ਭਾਰੂ ਰਿਹਾ।
ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਸੂਬਾਈ ਆਗੂ ਭੂਪ ਚੰਦ ਚੰਨੋ, ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾਈ ਸਕੱਤਰ ਬੰਤ ਬਰਾੜ, ਸੀਟੂ ਪੰਜਾਬ ਦੇ ਜਨਰਲ ਸਕੱਤਰ ਚੰਦਰ ਸ਼ੇਖਰ, ਆਂਗਣਵਾੜੀ ਵਰਕਰ ਯੂਨੀਅਨ ਦੀ ਨੈਸ਼ਨਲ ਪ੍ਰਧਾਨ ਊਸ਼ਾ ਰਾਣੀ, ਭਾਰਤੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂ ਭੁਪਿੰਦਰ ਸਾਂਬਰ ਨੇ ਡਾ. ਸ਼ੇਰ ਸਿੰਘ ਨਾਲ ਨਾਲ ਮਿਲ ਕੇ ਕੰਮ ਕਰਨ ਦੇ ਪਲ ਸਾਂਝੇ ਕੀਤੇ। ਆਗੂਆਂ ਨੇ ਕਿਹਾ ਕਿ ਡਾਕਟਰ ਸ਼ੇਰ ਸਿੰਘ ਨੇ ਚੰਡੀਗੜ੍ਹ ਵਸਾਉਣ ਲਈ ਉਜਾੜੇ ਪਿੰਡਾਂ ਦਾ ਸੇਕ ਆਪਣੇ ਪਿੰਡੇ ’ਤੇ ਹੰਢਾਇਆ। ਉਹ ਗਵਰਨਰ ਹਾਊਸ ਪੰਜਾਬ ਦੀ ਜ਼ਮੀਨ ’ਤੇ ਵਸਦੇ ਰਾਮ ਨਗਰ (ਭੰਗੀ ਚਿਰੀ) ਪਿੰਡ ਦੇ ਵੱਡੇ ਕਿਸਾਨ ਦੇ ਪੁੱਤਰ ਸਨ। ਉਨ੍ਹਾ ਸਕੂਲੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਅੰਮਿ੍ਰਤਸਰ ਮੈਡੀਕਲ ਕਾਲਜ ਤੋਂ ਐੱਮ ਬੀ ਬੀ ਅੱੈਸ ਦੀ ਡਿਗਰੀ ਪ੍ਰਾਪਤ ਕੀਤੀ। ਉਹ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕਾਰਕੁਨ ਬਣੇ ਅਤੇ ਇਸ ਵਿੱਚ ਸਰਗਰਮ ਰਹੇ। ਆਗੂਆਂ ਨੇ ਕਿਹਾ ਕਿ ਡਾਕਟਰ ਸ਼ੇਰ ਸਿੰਘ ਆਖਰੀ ਸਾਹ ਤੱਕ ਕਮਿਊਨਿਸਟ ਪਾਰਟੀ ਦੇ ਮੈਂਬਰ ਰਹੇ। ਅੱਜ ਭਾਰਤ ਦੇ ਸੰਵਿਧਾਨ ’ਤੇ ਚੁੁਫੇਰਿਓਂ ਹਮਲੇ ਕੀਤੇ ਜਾ ਰਹੇ ਹਨ। ਸੰਵਿਧਾਨ ਦੇ ਮੂਲ ਸਿਧਾਂਤ ਨੂੰ ਤਿਲਾਂਜਲੀ ਦੇਣ ਦੀਆਂ ਵਿਊਂਤਾਂ ਗੁੰਦੀਆਂ ਜਾ ਰਹੀਆਂ ਹਨ। ਜਨਤਕ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚਿਆ ਜਾ ਰਿਹਾ ਹੈ। ਭਾਰਤ ਦਾ ਲੋਕਤੰਤਰ ਖਤਰੇ ਵਿਚ ਹੈ ਤੇ ਇਸ ਨੂੰ ਤਾਨਾਸ਼ਾਹੀ ਵੱਲ ਲਿਜਾਇਆ ਜਾ ਰਿਹਾ ਹੈ। ਸੰਵਿਧਾਨਕ ਅਦਾਰਿਆਂ ਦੀ ਅਜ਼ਾਦੀ ’ਤੇ ਹਮਲੇ ਕੀਤੇ ਜਾ ਰਹੇ ਹਨ ਤੇ ਸੰਘੀ ਰਾਜ ਦਾ ਗਲਾ ਘੁੱਟਿਆ ਜਾ ਰਿਹਾ ਹੈ। ਦੇਸ਼ ਦੀ ਵਿਦਿਆ ਪ੍ਰਣਾਲੀ ’ਤੇ ਆਰ ਅੱੈਸ ਐੱਸ ਦੀ ਵਿਚਾਰਧਾਰਾ ਨੂੰ ਠੋਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਬਿਮਾਰੀਆਂ ਨਾਲ ਲੜਨ ਲਈ ਕਮਿਊਨਿਸਟ ਏਕਤਾ ਬਹੁਤ ਜ਼ਰੂਰੀ ਹੋ ਜਾਂਦੀ ਹੈ। ਆਗੂਆਂ ਕਿਹਾ ਕਿ ਭਾਵੇਂ ਅੱਜਕੱਲ੍ਹ ਕਮਿਊਨਿਸਟ ਪਾਰਟੀਆਂ ਕਾਫੀ ਨੇੜੇ ਹਨ ਤੇ ਸਾਂਝੇ ਸੰਘਰਸ਼ਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਗੁਰਦਰਸ਼ਨ ਸਿੰਘ ਸੂਬਾ ਸਕੱਤਰੇਤ ਮੈਂਬਰ ਤੇ ਆਮ ਆਦਮੀ ਪਾਰਟੀ ਡਾਕਟਰ ਵਿੰਗ ਦੇ ਪ੍ਰਧਾਨ ਡਾਕਟਰ ਸੰਨੀ ਆਹਲੂਵਾਲੀਆ ਨੇ ਕਿਹਾ ਕਿ ਡਾਕਟਰ ਸ਼ੇਰ ਸਿੰਘ ਬਹੁਪੱਖੀ ਸ਼ਖਸੀਅਤ ਅਤੇ ਅਗਾਂਹਵਧੂ ਸੋਚ ਦੇ ਮਾਲਕ ਸਨ।
ਇਸ ਮੌਕੇ ਕੁਲਦੀਪ ਸਿੰਘ ਸਕੱਤਰੇਤ ਮੈਂਬਰ ਤੋਂ ਇਲਾਵਾ ਸ਼ਾਮ ਸਿੰਘ ਡੇਰਾਬੱਸੀ, ਆਪ ਦੀ ਜ਼ਿਲ੍ਹਾ ਮੁਹਾਲੀ ਦੀ ਪ੍ਰਧਾਨ ਪ੍ਰਭਜੋਤ ਕੌਰ, ਮਹਿੰਦਰ ਪਾਲ ਸਿੰਘ, ਗੁਰਦਿਆਲ ਸਿੰਘ, ਜਗੀਰ ਸਿੰਘ ਢਿੱਲੋਂ, ਰਿਟਾਇਰਡ ਪੁਲਸ ਇੰਸਪੈਕਟਰ ਮਹਿੰਦਰਪਾਲ ਸਿੰਘ, ਡਾਕਟਰ ਸ਼ੇਰ ਸਿੰਘ ਦੇ ਸਪੁੱਤਰ ਉੂਦੇ ਸਿੰਘ ਅਤੇ ਨਵਤੇਜ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਆਗੂ ਅਤੇ ਦੋਸਤ-ਮਿੱਤਰ ਹਾਜ਼ਰ ਸਨ। ਸਟੇਜ ਦੀ ਜ਼ਿੰਮੇਵਾਰੀ ਰਣਜੀਤ ਸਿੰਘ ਨੇ ਬਾਖੂਬੀ ਨਿਭਾਈ। ਸਮਾਗਮ ਵਿਚ ਸੀ ਪੀ ਆਈ (ਐੱਮ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਤੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਦਾ ਸੁਨੇਹਾ ਵੀ ਪੜ੍ਹਿਆ ਗਿਆ।





