ਵਾਸ਼ਿੰਗਟਨ : ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਗੈਰ-ਕਾਨੂੰਨੀ ਪਰਵਾਸੀਆਂ ਦੀ ਮੌਜੂਦਗੀ ਦੀ ਜਾਂਚ ਕਰਨ ਲਈ ਨਿਊਯਾਰਕ ਅਤੇ ਨਿਊ ਜਰਸੀ ਦੇ ਗੁਰਦੁਆਰਿਆਂ ਦੇ ਦੌਰੇ ਕਰਨੇ ਸ਼ੁਰੂ ਕਰ ਦਿੱਤੇ ਹਨ। ਦੂਜੇ ਪਾਸੇ ਇਸ ਕਾਰਵਾਈ ਵਿਰੁੱਧ ਕੁਝ ਸਿੱਖ ਸੰਗਠਨਾਂ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਇਸ ਨੂੰ ਧਰਮ ਦੀ ਪਵਿੱਤਰਤਾ ਲਈ ਖਤਰਾ ਕਰਾਰ ਦਿੱਤਾ ਹੈ।
ਨਿਊਯਾਰਕ ਅਤੇ ਨਿਊ ਜਰਸੀ ਦੇ ਕੁਝ ਗੁਰਦੁਆਰਿਆਂ ਨੂੰ ਗੈਰ-ਕਾਨੂੰਨੀ ਅਤੇ ਗੈਰ-ਦਸਤਾਵੇਜ਼ੀ ਪਰਵਾਸੀਆਂ ਦੇ ਨਾਲ-ਨਾਲ ਸਿੱਖ ਵੱਖਵਾਦੀਆਂ ਵੱਲੋਂ ਵਰਤੇ ਜਾਂਦੇ ਕੇਂਦਰ ਵਜੋਂ ਵੀ ਦੇਖਿਆ ਜਾਂਦਾ ਹੈ।
ਡੋਨਾਲਡ ਟਰੰਪ ਦੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਦੇ ਕੁਝ ਘੰਟਿਆਂ ਦੇ ਅੰਦਰ ਹੀ ਗ੍ਰਹਿ ਸੁਰੱਖਿਆ ਵਿਭਾਗ ਦੇ ਕਾਰਜਕਾਰੀ ਸਕੱਤਰ ਬੈਂਜਾਮਿਨ ਹਫਮੈਨ ਨੇ ਇੱਕ ਨਿਰਦੇਸ਼ ’ਚ ਇਮੀਗ੍ਰੇਸ਼ਨ, ਕਸਟਮਜ਼ ਇਨਫੋਰਸਮੈਂਟ ਅਤੇ ਸਰਹੱਦੀ ਸੁਰੱਖਿਆ ਲਾਗੂ ਕਰਨ ਵਾਲੀਆਂ ਕਾਰਵਾਈਆਂ ਲਈ ਜੋ ਬਾਇਡਨ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਰੱਦ ਕਰ ਦਿੱਤਾ, ਜੋ ਅਖੌਤੀ ‘ਸੰਵੇਦਨਸ਼ੀਲ’ ਖੇਤਰਾਂ ’ਚ ਜਾਂ ਉਨ੍ਹਾਂ ਨੇੜੇ ਕਾਨੂੰਨ ਲਾਗੂ ਕਰਨ ਸੰਬੰਧੀ ਕਾਰਵਾਈਆਂ ਨੂੰ ਰੋਕਦੀਆਂ ਹਨ। ਇਨ੍ਹਾਂ ‘ਸੰਵੇਦਨਸ਼ੀਲ’ ਖੇਤਰਾਂ ’ਚ ਗੁਰਦੁਆਰੇ ਅਤੇ ਚਰਚ ਵਰਗੇ ਪੂਜਾ ਸਥਾਨ ਵੀ ਸ਼ਾਮਲ ਸਨ।
ਇੱਕ ਬਿਆਨ ਵਿੱਚ ਸਿੱਖ ਅਮੈਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਨੇ ‘ਸੰਵੇਦਨਸ਼ੀਲ ਖੇਤਰਾਂ’ ਨੂੰ ਨਿਰਧਾਰਤ ਕਰਨ ਵਾਲੇ ਦਿਸ਼ਾ-ਨਿਰਦੇਸ਼ਾਂ ਨੂੰ ਰੱਦ ਕਰਨ ਦੇ ਹੁਕਮਾਂ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਸੰਸਥਾ ਦੀ ਐਗਜ਼ੈਕਟਿਵ ਡਾਇਰੈਕਟਰ ਕਿਰਨ ਕੌਰ ਗਿੱਲ ਨੇ ਇਕ ਬਿਆਨ ਵਿਚ ਕਿਹਾਅਸੀਂ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਸੰਵੇਦਨਸ਼ੀਲ ਖੇਤਰਾਂ ਲਈ ਸੁਰੱਖਿਆ ਨੂੰ ਖਤਮ ਕਰਨ ਅਤੇ ਫਿਰ ਗੁਰਦੁਆਰਿਆਂ ਵਰਗੇ ਪੂਜਾ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੇ ਫੈਸਲੇ ਤੋਂ ਬਹੁਤ ਚਿੰਤਤ ਹਾਂ।
ਬੀਬੀ ਗਿੱਲ ਨੇ ਕਿਹਾ ਕਿ ਗੁਰਦੁਆਰੇ ਸਿਰਫ ਪੂਜਾ ਸਥਾਨ ਨਹੀਂ ਹਨ; ਸਗੋਂ ਇਹ ਅਹਿਮ ਭਾਈਚਾਰਕ ਕੇਂਦਰ ਹਨ, ਜੋ ਸਿੱਖਾਂ ਅਤੇ ਵਿਆਪਕ ਭਾਈਚਾਰੇ ਨੂੰ ਸਹਾਇਤਾ, ਪੋਸ਼ਣ ਅਤੇ ਰੂਹਾਨੀ ਸਹਾਰਾ ਪ੍ਰਦਾਨ ਕਰਦੇ ਹਨ। ਉਨ੍ਹਾ ਕਿਹਾਇਨ੍ਹਾਂ ਥਾਵਾਂ ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਕਾਰਵਾਈਆਂ ਲਈ ਨਿਸ਼ਾਨਾ ਬਣਾਉਣਾ ਸਾਡੇ ਧਰਮ ਦੀ ਪਵਿੱਤਰਤਾ ਲਈ ਖਤਰਾ ਹੈ ਅਤੇ ਇਹ ਦੇਸ਼-ਭਰ ਦੇ ਪਰਵਾਸੀ ਭਾਈਚਾਰਿਆਂ ਨੂੰ ਇੱਕ ਡਰਾਉਣਾ ਸੁਨੇਹਾ ਭੇਜਦਾ ਹੈ। ਇਸੇ ਤਰ੍ਹਾਂ ਸਿੱਖ ਕੁਲੀਸ਼ਨ ਨੇ ਕਿਹਾਟਰੰਪ ਪ੍ਰਸ਼ਾਸਨ ਦਾ ‘ਸੁਰੱਖਿਅਤ ਖੇਤਰਾਂ’ (ਜਿਨ੍ਹਾਂ ’ਚ ਹਸਪਤਾਲ, ਸਕੂਲ, ਸਮਾਜ ਸੇਵਾ ਪ੍ਰਦਾਤਾ ਅਤੇ ਹੋਰ ਵੀ ਸ਼ਾਮਲ ਸਨ) ਉੱਤੇ ਨੀਤੀ ਨੂੰ ਰੱਦ ਕਰਨ ਦਾ ਫੈਸਲਾ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਏਜੰਟਾਂ ਲਈ ਰਾਹ ਖੋਲ੍ਹਦਾ ਹੈ ਜੋ ਗੁਰਦੁਆਰਿਆਂ ’ਤੇ ਨਿਗਰਾਨੀ, ਜਾਂਚ, ਗਿ੍ਰਫਤਾਰੀਆਂ ਅਤੇ ਛਾਪੇਮਾਰੀ ਕਰਦੇ ਹਨ।
ਸੰਸਥਾ ਨੇ ਇਕ ਬਿਆਨ ਵਿਚ ਕਿਹਾਇਹ ਵਿਚਾਰ ਕਿ ਸਾਡੇ ਗੁਰਦੁਆਰੇ ਸਰਕਾਰੀ ਨਿਗਰਾਨੀ ਅਤੇ ਕਾਨੂੰਨ ਲਾਗੂ ਕਰਨ ਵਾਲੇ ਹਥਿਆਰਬੰਦਾਂ ਵੱਲੋਂ ਵਾਰੰਟਾਂ ਦੇ ਨਾਲ ਜਾਂ ਬਿਨਾਂ ਵਾਰੰਟਾਂ ਦੇ ਛਾਪੇਮਾਰੀ ਦੇ ਅਧੀਨ ਹੋ ਸਕਦੇ ਹਨ, ਸਿੱਖ ਧਰਮ ਪਰੰਪਰਾ ਲਈ ਅਸਵੀਕਾਰਨਯੋਗ ਹੈ।
ਸ਼ੰਕਾ ਜਤਾਈ ਜਾ ਰਹੀ ਹੈ ਕਿ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ 18,000 ਤੋਂ ਵੱਧ ਭਾਰਤੀਆਂ ਨੂੰ ਵਾਪਸ ਭੇਜਿਆ ਜਾਵੇਗਾ।
ਭਾਰਤੀ ਵਿਦੇਸ਼ ਮੰਤਰਾਲਾ ਕਹਿ ਚੁੱਕਾ ਹੈ ਕਿ ਜੇ ਗੈਰ-ਕਾਨੂੰਨੀ ਪਰਵਾਸੀਆਂ ਦੀ ਕੌਮੀਅਤ ਦੀ ਪੁਸ਼ਟੀ ਹੋ ਜਾਂਦੀ ਹੈ, ਤਾਂ ਭਾਰਤ ਉਨ੍ਹਾਂ ਨੂੰ ਵਾਪਸ ਲਵੇਗਾ। ਭਾਰਤ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੇ ਵਿਰੁੱਧ ਹੈ, ਕਿਉਂਕਿ ਇਹ ਸੰਗਠਤ ਅਪਰਾਧ ਦੇ ਕਈ ਰੂਪਾਂ ਨਾਲ ਜੁੜਿਆ ਹੋਇਆ ਹੈ।
ਇਸੇ ਦੌਰਾਨ ਸਪੀਕਰ ਮਾਈਕ ਜੌਹਨਸਨ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕੀ ਕਾਂਗਰਸ ਉਨ੍ਹਾਂ ਦੇਸ਼ਾਂ ’ਤੇ ਪਾਬੰਦੀਆਂ ਲਗਾਉਣ ਲਈ ਤਿਆਰ ਹੈ, ਜੋ ਟਰੰਪ ਪ੍ਰਸ਼ਾਸਨ ਦੇ ਗੈਰ-ਦਸਤਾਵੇਜ਼ੀ ਪਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਹੁਕਮ ਨਾਲ ਸਹਿਯੋਗ ਕਰਨ ਤੋਂ ਇਨਕਾਰ ਕਰਦੇ ਹਨ। ਉਸ ਨੇ ਕਿਹਾਕੋਲੰਬੀਆ ਅਤੇ ਸਾਰੇ ਦੇਸ਼ਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ, ਕਾਂਗਰਸ ਉਨ੍ਹਾਂ ਲੋਕਾਂ ਵਿਰੁੱਧ ਪਾਬੰਦੀਆਂ ਅਤੇ ਹੋਰ ਉਪਾਅ ਪਾਸ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜੋ ਅਮਰੀਕਾ ’ਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਸਵੀਕਾਰ ਕਰਨ ਲਈ ਪੂਰੀ ਤਰ੍ਹਾਂ ਸਹਿਯੋਗ ਨਹੀਂ ਕਰਦੇ ਜਾਂ ਜ਼ਰੂਰਤਾਂ ਦੀ ਪਾਲਣਾ ਨਹੀਂ ਕਰਦੇ।


