ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੈਰ-ਕਾਨੂੰਨੀ ਪ੍ਰਵਾਸੀਆਂ ਬਾਰੇ ‘ਜੋ ਸਹੀ ਹੈ’ ਉਹ ਕਰਨਗੇ ਅਤੇ ਇਸ ਗੱਲ ਨੂੰ ਮੁੱਖ ਰੱਖਦਿਆਂ ਭਾਰਤ ਨਾਲ ਗੱਲਬਾਤ ਚੱਲ ਰਹੀ ਹੈ। ਟਰੰਪ ਨੇ ਸੋਮਵਾਰ ਫਲੋਰੀਡਾ ਤੋਂ ਸੰਯੁਕਤ ਬੇਸ ਐਂਡਰਿਊਜ਼ ’ਤੇ ਵਾਪਸ ਜਾਣ ਸਮੇਂ ਏਅਰ ਫੋਰਸ ਵਨ ’ਤੇ ਸਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਫਰਵਰੀ ’ਚ ਵ੍ਹਾਈਟ ਹਾਊਸ ਆਉਣ ਦੀ ਸੰਭਾਵਨਾ ਹੈ।
ਵੱਖਰੇ ਤੌਰ ’ਤੇ ਦੋਵਾਂ ਨੇਤਾਵਾਂ ਵਿਚਕਾਰ ਇੱਕ ਫੋਨ ਕਾਲ ਦੇ ਰੀਡਆਊਟ ’ਚ ਵ੍ਹਾਈਟ ਹਾਊਸ ਨੇ ਕਿਹਾ ਕਿ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਅਤੇ ਨਿਰਪੱਖ ਦੁਵੱਲੇ ਵਪਾਰਕ ਸੰਬੰਧਾਂ, ਡੂੰਘੇ ਭਾਰਤ-ਅਮਰੀਕਾ ਸਹਿਯੋਗ ਵੱਲ ਕਦਮ ਵਧਾਉਣ ਦੀ ਮੰਗ ਕੀਤੀ। ਸੋਮਵਾਰ ਨੂੰ ਫਲੋਰੀਡਾ ਦੇ ਰਿਟ੍ਰੀਟ ’ਤੇ ਹਾਊਸ ਰਿਪਬਲੀਕਨਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਕਿਹਾ ਕਿ ਅਮਰੀਕਾ ਉਨ੍ਹਾਂ ਦੇਸ਼ਾਂ ’ਤੇ ਟੈਕਸ ਲਗਾਏਗਾ, ਜੋ ਅਮਰੀਕਾ ਨੂੰ ਨੁਕਸਾਨ ਪਹੁੰਚਾਉਂਦੇ ਹਨ। ਟਰੰਪ ਚੀਨ, ਭਾਰਤ ਅਤੇ ਬ੍ਰਾਜ਼ੀਲ ਨੂੰ ਉੱਚ ਟੈਕਸ ਵਾਲੇ ਦੇਸ਼ ਮੰਨਦੇ ਹਨ।
ਵ੍ਹਾਈਟ ਹਾਊਸ ਨੇ ਕਿਹਾ ਕਿ ਆਪਣੀ ਫੋਨ ਕਾਲ ਦੌਰਾਨ ਦੋਵਾਂ ਨੇਤਾਵਾਂ ਨੇ ਮੋਦੀ ਦੇ ਅਮਰੀਕਾ ਦੌਰੇ ਦੀ ਯੋਜਨਾ ’ਤੇ ਵੀ ਚਰਚਾ ਕੀਤੀ। ਪੱਤਰਕਾਰਾਂ ਜਦੋਂ ਪੁੱਛਿਆ ਕਿ ਕੀ ਮੋਦੀ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈਣ ਲਈ ਸਹਿਮਤ ਹੋਏ, ਟਰੰਪ ਨੇ ਕਿਹਾ, “ਉਹ (ਮੋਦੀ) ਉਹੀ ਕਰਨਗੇ ਜੋ ਸਹੀ ਹੈ। ਅਸੀਂ ਚਰਚਾ ਕਰ ਰਹੇ ਹਾਂ।”