13.1 C
Jalandhar
Friday, January 31, 2025
spot_img

ਡੱਲੇਵਾਲ ਮਸ਼ਵਰਿਆਂ ਤੋਂ ਅਣਜਾਣ ਪਰ ਏਕਾ ਛੇਤੀ ਕਰਨ ’ਤੇ ਜ਼ੋਰ

ਪਟਿਆਲਾ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ਮਰਨ ਵਰਤ ਦੇ 64ਵੇਂ ਦਿਨ ਮੰਗਲਵਾਰ ਕਿਹਾ ਕਿ ਉਹ ਸਰਕਾਰ ਵੱਲੋਂ ਕਿਸਾਨੀ ਮੰਗਾਂ ਮੰਨੇ ਜਾਣ ਤੱਕ ਭੁੱਖ ਹੜਤਾਲ ਜਾਰੀ ਰੱਖਣਗੇ। ਇਸਦੇ ਨਾਲ ਹੀ ਡੱਲੇਵਾਲ ਨੇ ਕਿਸਾਨ ਫੋਰਮਾਂ ਵੱਲੋਂ ‘ਸਾਂਝਾ ਫਰੰਟ’ ਬਣਾਉਣ ’ਚ ਕੀਤੀ ਜਾ ਰਹੀ ਦੇਰੀ ਉੱਤੇ ਉਜਰ ਜਤਾਉਦਿਆਂ ਕਿਹਾ ਕਿ ਵਾਰ-ਵਾਰ ਬੈਠਕਾਂ ਕਰਨਾ ਚੰਗਾ ਨਹੀਂ ਹੈ। ਇਹ ਲੋਕਾਂ ਦੀਆਂ ਭਾਵਨਾਵਾਂ ਹਨ ਕਿ ਅਸੀਂ ਮਿਲ ਕੇ ਲੜਾਈ ਲੜੀਏ। ਖਨੌਰੀ ਬਾਰਡਰ ਉੱਤੇ 4 ਜਨਵਰੀ ਨੂੰ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਨ ਕਰਨ ਮਗਰੋਂ ਡੱਲੇਵਾਲ ਨੇ ਪਹਿਲੀ ਵਾਰ ਮੀਡੀਆ ਦੇ ਰੂਬਰੂ ਹੁੰਦਿਆਂ ਕਿਹਾ ਕਿ ਉਨ੍ਹਾ ਸਰਕਾਰ ਵੱਲੋਂ 14 ਫਰਵਰੀ ਲਈ ਦਿੱਤੇ ਗੱਲਬਾਤ ਦੇ ਸੱਦੇ ਮਗਰੋਂ ਸਿਰਫ ਮੈਡੀਕਲ ਏਡ ਲੈਣ ਦੀ ਸਹਿਮਤੀ ਦਿੱਤੀ ਸੀ। ਡੱਲੇਵਾਲ ਨੇ ਕਿਹਾ ਕਿ ਮੌਜੂਦਾ ਸਮੇਂ ਉਨ੍ਹਾ ਦੀ ਸਿਹਤ ਉਨ੍ਹਾ ਨੂੰ ਨਿੱਜੀ ਤੌਰ ’ਤੇ ਚੰਡੀਗੜ੍ਹ ਜਾ ਕੇ ਗੱਲਬਾਤ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੰਦੀ। ਕਿਸਾਨ ਆਗੂ ਨੇ ਕਿਹਾਮੈਂ ਦੇਸ਼-ਭਰ ਦੇ ਕਿਸਾਨਾਂ, ਜੋ ਐੱਮ ਐੱਸ ਪੀ ਦੀ ਕਾਨੂੰਨੀ ਗਾਰੰਟੀ ਦੇ ਮੁੱਦੇ ਉੱਤੇ ਸਾਡੀ ਹਮਾਇਤ ਕਰ ਰਹੇ ਹਨ, ਨੂੰ ਅਪੀਲ ਕਰਦਾ ਹਾਂ ਕਿ ਉਹ 12 ਫਰਵਰੀ ਨੂੰ ਖਨੌਰੀ ਬਾਰਡਰ ਉੱਤੇ ਪਹੁੰਚਣ, ਕਿਉਂਕਿ ਉਸ ਦਿਨ ਸਾਡੇ ਅੰਦੋਲਨ ਨੂੰ ਇਕ ਸਾਲ ਪੂਰਾ ਹੋ ਜਾਵੇਗਾ। ਮੈਂ ਆਸ ਕਰਦਾ ਹਾਂ ਕਿ ਖਨੌਰੀ ਬਾਰਡਰ ਉੱਤੇ ਵੱਡਾ ਇਕੱਠ ਮੈਨੂੰ ਨਵੀਂ ਊਰਜਾ ਦੇਵੇਗਾ ਤੇ ਮੈਨੂੰ ਕੇਂਦਰ ਸਰਕਾਰ ਦੇ ਵਫਦ ਨਾਲ ਹੋਣ ਵਾਲੀ ਗੱਲਬਾਤ ਵਿਚ ਸਰੀਰਕ ਤੌਰ ’ਤੇ ਮੌਜੂਦ ਰਹਿਣ ਦੀ ਤਾਕਤ ਬਖਸ਼ੇਗਾ।
ਡੱਲੇਵਾਲ ਨੇ ਕਿਹਾਮੋਗਾ ਵਿਚ ਕਿਸਾਨ ਮਹਾਪੰਚਾਇਤ ਤੋਂ ਬਾਅਦ ਐੱਸ ਕੇ ਐੱਮ (ਆਲ-ਇੰਡੀਆ) ਦੇ ਆਗੂ ‘ਏਕੇ’ ਦੇ ਮਤੇ ਨਾਲ ਖਨੌਰੀ ਆਏ ਸਨ। ਕਿਸਾਨ ਆਗੂ ਨੇ ਕਿਹਾਜੇ ਮਤਾ ਪਾਸ ਹੋਇਆ ਸੀ ਤੇ ਲੋਕਾਂ ਨੇ ਇਸ ਦੀ ਹਮਾਇਤ ਕੀਤੀ ਸੀ, ਹੁਣ ਫਿਰ ਇਸ ਵਿਚ ਕੀ ਅੜਿੱਕਾ ਹੈ। ਅਸੀਂ ਐੈੱਮ ਐੱਸ ਪੀ ਦੀ ਮੰਗ ਕਰ ਰਹੇ ਹਾਂ ਤੇ ਅਸੀਂ ਜਿੱਤ ਵੱਲ ਵਧ ਰਹੇ ਹਾਂ। ਮੈਨੂੰ ਨਹੀਂ ਪਤਾ ਕਿ ਸਾਂਝਾ ਫਰੰਟ ਬਣਾਉਣ ਵਿਚ ਇੰਨਾ ਸਮਾਂ ਕਿਉਂ ਲੱਗ ਰਿਹਾ ਹੈ। ਬੈਠਕਾਂ ਦੇ ਕਈ ਦੌਰ ਹੋ ਚੁੱਕੇ ਹਨ। ਮੈਂ ਇਨ੍ਹਾਂ ਬੈਠਕਾਂ ਵਿੱਚ ਨਹੀਂ ਗਿਆ, ਇਸ ਲਈ ਮੈਨੂੰ ਨਹੀਂ ਪਤਾ ਕਿ ਕੀ ਹੋ ਰਿਹਾ ਹੈ। ਐੱਸ ਕੇ ਐੱਮ (ਆਲ ਇੰਡੀਆ) ਦੇ ਆਗੂਆਂ ਨਾਲ ਗੱਲਬਾਤ ਕਰਨ ਵਾਲੇ ਵਫਦ ਨੇ ਵੀ ਮੈਨੂੰ ਕੁਝ ਨਹੀਂ ਦੱਸਿਆ। ਵਾਰ-ਵਾਰ ਬੈਠਕਾਂ ਕਰਨਾ ਚੰਗਾ ਨਹੀਂ ਹੈ। ਇਹ ਲੋਕਾਂ ਦੀਆਂ ਭਾਵਨਾਵਾਂ ਹਨ ਕਿ ਅਸੀਂ ਮਿਲ ਕੇ ਲੜਾਈ ਲੜੀਏ। ਐੱਸ ਕੇ ਐੱਮ (ਆਲ ਇੰਡੀਆ), ਐੱਸ ਕੇ ਐੱਮ (ਗੈਰਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਦਰਮਿਆਨ ਹੁਣ ਤੱਕ ਦੋ ਬੈਠਕਾਂ (13 ਜਨਵਰੀ ਤੇ 18 ਜਨਵਰੀ) ਹੋਈਆਂ ਹਨ, ਜਿਨ੍ਹਾਂ ਵਿੱਚ ਜੋਗਿੰਦਰ ਸਿੰਘ ਉਗਰਾਹਾਂ, ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨ ਪਾਲ, ਸਰਵਣ ਸਿੰਘ ਪੰਧੇਰ, ਮਨਜੀਤ ਰਾਏ, ਕਾਕਾ ਸਿੰਘ ਕੋਟੜਾ ਤੇ ਅਭਿਮੰਨਿਊ ਕੋਹਾੜ ਆਦਿ ਸ਼ਾਮਲ ਸਨ।

Related Articles

Latest Articles