76ਵੇਂ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕੌਮ ਦੇ ਨਾਂਅ ਸੰਦੇਸ਼ ਵਿੱਚ ਕਈ ਅਜਿਹੀਆਂ ਗੱਲਾਂ ਕਹੀਆਂ, ਜਿਹੜੀਆਂ ਭਾਰਤ ਦੀ ਸਚਾਈ ਬਾਰੇ ਸੋਚਣ ਨੂੰ ਮਜਬੂਰ ਕਰਦੀਆਂ ਹਨ। ਰਾਸ਼ਟਰਪਤੀ ਨੇ ਕਿਹਾ ਕਿ ਅੱਜ ਦੇ ਦਿਨ ਸਭ ਤੋਂ ਪਹਿਲਾਂ ਅਸੀਂ ਉਨ੍ਹਾਂ ਸੂਰਬੀਰਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਮਾਤਭੂਮੀ ਨੂੰ ਵਿਦੇਸ਼ੀ ਸ਼ਾਸਨ ਦੀਆਂ ਬੇੜੀਆਂ ਤੋਂ ਮੁਕਤ ਕਰਾਉਣ ਲਈ ਵੱਡੀ ਤੋਂ ਵੱਡੀ ਕੁਰਬਾਨੀ ਦਿੱਤੀ। ਉਨ੍ਹਾਂ ਵਿੱਚੋਂ ਕੁਝ ਆਜ਼ਾਦੀ ਘੁਲਾਟੀਆਂ ਬਾਰੇ ਲੋਕ ਜਾਣਦੇ ਹਨ ਪਰ ਬਹੁਤਿਆਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ। ਇਸ ਸਾਲ ਅਸੀਂ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜੈਅੰਤੀ ਮਨਾ ਰਹੇ ਹਾਂ। ਉਹ ਅਜਿਹੇ ਸਰਕਰਦਾ ਆਜ਼ਾਦੀ ਘੁਲਾਟੀਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਦੀ ਭੂਮਿਕਾ ਨੂੰ ਕੌਮੀ ਇਤਿਹਾਸ ਦੇ ਸੰਦਰਭ ’ਚ ਹੁਣ ਬਣਦਾ ਮਹੱਤਵ ਦਿੱਤਾ ਜਾ ਰਿਹਾ ਹੈ। ਰਾਸ਼ਟਰਪਤੀ ਦਾ ਬਿਰਸਾ ਮੁੰਡਾ ਨੂੰ ਭਗਵਾਨ ਕਹਿਣਾ ਅਜੀਬ ਲੱਗਾ। ਬਿਰਸਾ ਮੁੰਡਾ ਨੂੰ ਤਾਂ ਬਹੁਤ ਪਹਿਲਾਂ ਤੋਂ ਇਤਿਹਾਸ ਵਿੱਚ ਪੜ੍ਹਾਇਆ ਜਾ ਰਿਹਾ ਹੈ, ਸਰਕਾਰ ਹੁਣ ਉਨ੍ਹਾ ਨੂੰ ਭਗਵਾਨ ਦੱਸ ਕੇ ਨਵਾਂ ਇਤਿਹਾਸ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਉਜ ਹੀ ਹੈ, ਜਿਵੇਂ ਕਿਸੇ ਥਾਂ ਦਾ ਨਾਂਅ ਬਦਲ ਕੇ ਕਿਹਾ ਜਾਵੇ ਕਿ ਇਹੀ ਇਤਿਹਾਸ ਹੈ।
ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਸਾਡਾ ਸੰਵਿਧਾਨ ਇੱਕ ਜਿਊਂਦਾ-ਜਾਗਦਾ ਦਸਤਾਵੇਜ਼ ਇਸ ਲਈ ਬਣ ਸਕਿਆ ਹੈ ਕਿਉਕਿ ਨਾਗਰਿਕਾਂ ਦੀ ਨਿਸ਼ਠਾ ਸਦੀਆਂ ਤੋਂ ਸਾਡੀ ਇਖਲਾਕ ਨਾਲ ਭਰੀ ਜੀਵਨ-ਦਿ੍ਰਸ਼ਟੀ ਦਾ ਪ੍ਰਮੁੱਖ ਤੱਤ ਰਹੀ ਹੈ। ਸਾਡਾ ਸੰਵਿਧਾਨ ਭਾਰਤਵਾਸੀਆਂ ਦੇ ਰੂਪ ’ਚ ਸਾਡੀ ਸਮੂਹਕ ਆਨ ਦਾ ਮੂਲ ਆਧਾਰ ਹੈ, ਜਿਹੜਾ ਸਾਨੂੰ ਇੱਕ ਪਰਵਾਰ ਦੀ ਤਰ੍ਹਾਂ ਏਕਤਾ ਦੇ ਸੂਤਰ ਵਿੱਚ ਪਰੋਂਦਾ ਹੈ। ਰਾਸ਼ਟਰਪਤੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸੰਵਿਧਾਨ ਦੇ ਰਹਿੰਦਿਆਂ ਕੁਝ ਖਾਸ ਭਾਈਚਾਰੇ ਦੇ ਲੋਕਾਂ ਨੂੰ ਪਿਆਰ ਕਰਨ ਤੇ ਮਾਸ ਲਿਜਾਣ ਤੱਕ ’ਤੇ ਕੁੱਟਿਆ-ਮਾਰਿਆ ਜਾਂਦਾ ਹੈ। ਇੱਥੋਂ ਤੱਕ ਕਿ ਲਿਬਾਸ ਤੋਂ ਪਛਾਨਣ ਦੀ ਗੱਲ ਪ੍ਰਧਾਨ ਮੰਤਰੀ ਤੱਕ ਕਹਿ ਚੁੱਕੇ ਹਨ। ਘਰ ਖਰੀਦਣ ਤੇ ਵੇਚਣ ਤੱਕ ’ਤੇ ਕੁਝ ਅਖੌਤੀ ਦੇਸ਼ਭਗਤ ਸ਼ੋਰ ਮਚਾਉਦੇ ਹਨ। ਦੁਕਾਨਾਂ ਦੀ ਨਿਸ਼ਾਨਦੇਹੀ ਕਰਨ ਤੇ ਕਾਰਿੰਦਿਆਂ ਦੀ ਧਾਰਮਿਕ ਪਛਾਣ ਦੱਸਣ ਲਈ ਨੇਮ ਪਲੇਟ ਲਾਉਣ ਦੇ ਆਦੇਸ਼ ਦੇਣ ਦਾ ਕੰਮ ਪ੍ਰਸ਼ਾਸਨ ਨੇ ਕੀਤਾ ਹੈ। ਰਾਸ਼ਟਰਪਤੀ ਦੇ ਗ੍ਰਹਿ ਰਾਜ ਓਡੀਸ਼ਾ ਵਿੱਚ ਆਦਿਵਾਸੀਆਂ ਨੂੰ ਆਪਣੀ ਜ਼ਿੰਦਗੀ ਚਲਾਉਣ ਵਾਲੇ ਸਾਧਨਾਂ ਨੂੰ ਬਚਾਉਣ ਲਈ ਝੂਠੇ ਕੇਸਾਂ ਵਿੱਚ ਜੇਲ੍ਹ ਜਾਣਾ ਪੈ ਰਿਹਾ ਹੈ, ਹੱਕ ਮੰਗਣ ਲਈ ਕੁਰਬਾਨੀਆਂ ਦੇਣੀਆਂ ਪੈ ਰਹੀਆਂ ਹਨ, ਜਿਵੇਂ ਆਜ਼ਾਦੀ ਦੀ ਲੜਾਈ ਵਿੱਚ ਸੂਰਬੀਰਾਂ ਨੂੰ ਦੇਣੀਆਂ ਪਈਆਂ ਸਨ।
ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਕਿਸਾਨ ਭੈਣ-ਭਰਾਵਾਂ ਨੇ ਸਖਤ ਮਿਹਨਤ ਕਰਕੇ ਦੇਸ਼ ਨੂੰ ਅਨਾਜ ਦੀ ਪੈਦਾਵਾਰ ’ਚ ਆਤਮਨਿਰਭਰ ਬਣਾਇਆ। ਰਾਸ਼ਟਰਪਤੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਕਰਾਉਣ ਲਈ 13 ਮਹੀਨਿਆਂ ਦੇ ਅੰਦੋਲਨ ਦੌਰਾਨ 700 ਤੋਂ ਵੱਧ ਕਿਸਾਨਾਂ ਨੇ ਸ਼ਹਾਦਤਾਂ ਦਿੱਤੀਆਂ। ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ, ਜਿਸ ਦਾ ਵਾਅਦਾ ਕੀਤਾ ਗਿਆ ਸੀ, ਲਾਗੂ ਕਰਾਉਣ ਲਈ ਹੁਣ ਉਹ ਫਿਰ ਅੰਦੋਲਨ ਦੇ ਰਾਹ ਹਨ। ਜਦੋਂ ਕਿਸਾਨਾਂ ਨੇ ਉਨ੍ਹਾ ਨੂੰ ਮਿਲਣ ਦਾ ਸਮਾਂ ਮੰਗਿਆ ਤਾਂ ਉਨ੍ਹਾ ਕੋਲ ਉਨ੍ਹਾਂ ਨੂੰ ਮਿਲਣ ਲਈ ਸਮਾਂ ਨਹੀਂ ਨਿਕਲਿਆ, ਜਿਨ੍ਹਾਂ ਦੇਸ਼ ਨੂੰ ਅਨਾਜ ਪੈਦਾਵਾਰ ਵਿੱਚ ਆਤਮਨਿਰਭਰ ਬਣਾਇਆ। ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਮਜ਼ਦੂਰ ਭੈਣ-ਭਰਾਵਾਂ ਨੇ ਅਣਥੱਕ ਮਿਹਨਤ ਕਰਕੇ ਸਾਡੇ ਬੁਨਿਆਦੀ ਢਾਂਚੇ ਤੇ ਮੈਨੂੰ ਫੈਕਚਰਿੰਗ ਸੈਕਟਰ ਦਾ ਕਾਇਆਕਲਪ ਕੀਤਾ। ਹਕੀਕਤ ਇਹ ਹੈ ਕਿ ਅੱਜ 90 ਫੀਸਦੀ ਮਜ਼ਦੂਰਾਂ ਨੂੰ ਘੱਟੋ-ਘੱਟ ਵੇਤਨ ਨਹੀਂ ਮਿਲਦਾ ਅਤੇ ਇਨ੍ਹਾਂ ਨੂੰ ਅਧਿਕਾਰ ਦਿਵਾਉਣ ਦੀ ਥਾਂ 12 ਘੰਟੇ ਕੰਮ ਕਰਨ ਦਾ ਕਾਨੂੰਨ ਲਿਆਂਦਾ ਜਾ ਰਿਹਾ ਹੈ। ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਹਾਲੀਆ ਸਾਲਾਂ (ਮੋਦੀ ਰਾਜ ਦੌਰਾਨ) ਆਰਥਿਕ ਵਿਕਾਸ ਦੀ ਦਰ ਲਗਾਤਾਰ ਉੱਚੀ ਰਹੀ ਹੈ, ਜਿਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ ਅਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਥਾਂ ਵਿੱਚ ਵਧੇਰੇ ਪੈਸਾ ਆਇਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਜ ਸਭਾ ਵਿੱਚ ਦੱਸਿਆ ਸੀ ਕਿ 2018 ਤੋਂ 2020 ਤੱਕ 25 ਹਜ਼ਾਰ ਤੋਂ ਵੱਧ ਲੋਕਾਂ ਨੇ ਖੁਦਕੁਸ਼ੀਆਂ ਕੀਤੀਆਂ। ਇਨ੍ਹਾਂ ਪਿੱਛੇ ਦੀਵਾਲੀਆਪਨ, ਬੇਰੁਜ਼ਗਾਰੀ ਤੇ ਕਰਜ਼ ਵਰਗੇ ਵੱਡੇ ਕਾਰਨ ਸਾਹਮਣੇ ਆਏ ਹਨ।
ਭਾਰਤ ਦੀ ਰਾਸ਼ਟਰਪਤੀ ਦੇਸ਼ ਦੀ ਪ੍ਰਥਮ ਨਾਗਰਿਕ ਹੈ, ਇਸ ਕਰਕੇ ਉਨ੍ਹਾ ਨੂੰ ਮਹਾਮਹਿਮ ਕਿਹਾ ਜਾਂਦਾ ਹੈ। ਮਹਾਮਹਿਮ ਨੂੰ ਸਰਕਾਰ ਦੀਆਂ ਗੱਲਾਂ ਤੋਂ ਇਲਾਵਾ ਲੋਕਾਂ ਦੇ ਸਹੀ ਦੁੱਖ ਦਰਦ ਨੂੰ ਸਮਝਣਾ ਚਾਹੀਦਾ ਹੈ। ਲੋਕਾਂ ਦੀ ਆਵਾਜ਼ ਨੂੰ ਸੁਣਨਾ ਹੀ ਸਹੀ ਗਣਤੰਤਰ ਹੈ ਅਤੇ ਇਸ ਨਾਲ ਹੀ ਮਹਾਮਹਿਮ ਦੇ ਅਹੁਦੇ ਦੀ ਸ਼ਾਨ ਵਧਦੀ ਹੈ। ਕੌਮ ਦੇ ਨਾਂਅ ਸੰਦੇਸ਼ ਵਿੱਚ ਗਣ ਦੀ ਆਵਾਜ਼ ਨਹੀਂ ਸੁਣਾਈ ਦਿੱਤੀ, ਸਿਰਫ ਤੰਤਰ (ਸਰਕਾਰ) ਦੀ ਗੱਲ ਹੀ ਸੁਣਾਈ ਗਈ ਹੈ।