ਵੈਨਕੂਵਰ : ਓਂਟਾਰੀਓ ਦੀ ਪੀਲ ਖੇਤਰੀ ਪੁਲਸ ਨੇ 6 ਪੰਜਾਬੀ ਨੌਜਵਾਨਾਂ ਨੂੰ ਗਿ੍ਰਫਤਾਰ ਕੀਤਾ ਹੈ, ਜਿਨ੍ਹਾਂ ’ਤੇ ਪਿਛਲੇ ਸਾਲ ਸਟੋਰਾਂ ’ਚੋਂ 60 ਹਜ਼ਾਰ ਡਾਲਰ (36 ਲੱਖ ਰੁਪਏ) ਦਾ ਘਿਓ ਤੇ ਮੱਖਣ ਚੋਰੀ ਕਰਨ ਦੇ ਦੋਸ਼ ਹਨ। ਇਨ੍ਹਾਂ ਦੀ ਪਛਾਣ ਸੁਖਮੰਦਰ ਸਿੰਘ (23) ਦਲਵਾਲ ਸਿੱਧੂ (28), ਨਵਦੀਪ ਚੌਧਰੀ (28), ਕਮਲਦੀਪ ਸਿੰਘ (38), ਵਿਸ਼ਵਜੀਤ ਸਿੰਘ (22) ਅਤੇ ਹਰਕੀਰਤ ਸਿੰਘ (25) ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਤਿੰਨ ਬਰੈਂਪਟਨ ਦੇ ਰਹਿਣ ਵਾਲੇ ਹਨ, ਪਰ ਬਾਕੀਆਂ ਦਾ ਕੋਈ ਪੱਕਾ ਪਤਾ ਨਹੀਂ ਹੈ।
ਪੁਲਸ ਅਨੁਸਾਰ ਇਨ੍ਹਾਂ ਨੇ ਪਿਛਲੇ ਸਾਲ ਬਰੈਂਪਟਨ ਦੇ ਕਰਿਆਨਾ ਸਟੋਰਾਂ ’ਚੋਂ ਕਈ ਵਾਰ ਮੱਖਣ ਤੇ ਘਿਉ ਚੋਰੀ ਕੀਤਾ ਅਤੇ ਬਚ ਨਿਕਲਦੇ ਰਹੇ। ਸਟੋਰ ਮਾਲਕਾਂ ਵੱਲੋਂ ਚੋਰੀ ਦੀਆਂ ਘਟਨਾਵਾਂ ’ਚ ਵਾਧਾ ਦਰਜ ਕਰਵਾਉਣ ਕਾਰਨ ਪੁਲਸ ਨੇ ਵਿਸ਼ੇਸ਼ ਜਾਂਚ ਟੀਮ ਬਣਾ ਕੇ ਮੁਲਜ਼ਮਾਂ ਨੂੰ ਕਾਬੂ ਕੀਤਾ। ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹ ਵੱਡੇ ਪੱਧਰ ’ਤੇ ਘਿਓ ਤੇ ਮੱਖਣ ਚੋਰੀ ਕਰਕੇ ਕਿਸ ਸਟੋਰ ਮਾਲਕ ਨੂੰ ਵੇਚਦੇ ਸਨ।