ਪ੍ਰਯਾਗਰਾਜ : ਇੱਥੇ ਚੱਲ ਰਹੇ ਮਹਾਂਕੁੰਭ ਮੇਲੇ ਵਿੱਚ ਸੰਗਮ ਤੱਟ ’ਤੇ ਭਗਦੜ ’ਚ 35 ਤੋਂ 40 ਲੋਕ ਮਰ ਗਏ ਤੇ ਇਹ ਅੰਕੜਾ ਵੱਧ ਸਕਦਾ ਹੈ। ਮੰਗਲਵਾਰ ਰਾਤ ਕਰੀਬ ਡੇਢ ਵਜੇ ਭਗਦੜ ਮਚੀ ਜਦੋਂ ਲੋਕ ਸੰਗਮ ਤੱਟ ’ਤੇ ਮੌਨੀ ਮੱਸਿਆ ਦੇ ਇਸ਼ਨਾਨ ਲਈ ਉਡੀਕ ਕਰ ਰਹੇ ਸਨ। ਹਾਦਸੇ ਦੇ ਕਾਰਨ ਦਾ ਫੌਰੀ ਪਤਾ ਨਹੀਂ ਲੱਗ ਸਕਿਆ ਕਿਉਕਿ ਯੂ ਪੀ ਸਰਕਾਰ ਨੇ ਦੇਰ ਸ਼ਾਮ ਤਕ ਕੋਈ ਬਿਆਨ ਨਹੀਂ ਦਿੱਤਾ। ਪੱਤਰਕਾਰਾਂ ਨੇ ਸਿ੍ਰਸ਼ਟੀ ਮੈਡੀਕਲ ਕਾਲਜ ਵਿੱਚ 20 ਲਾਸ਼ਾਂ ਦੇਖੀਆਂ।
ਭਾਰੀ ਭੀੜ ਨੂੰ ਦੇਖਦਿਆਂ ਪ੍ਰਯਾਗਰਾਜ ਵਿੱਚ ਦਾਖਲ ਹੋਣ ਦੇ 8 ਰਾਹ ਬੰਦ ਕਰ ਦਿੱਤੇ ਗਏ ਹਨ। ਪੂਰੇ ਮੇਲਾ ਖੇਤਰ ਨੂੰ ਨੋ-ਵਹੀਕਲ ਜ਼ੋਨ ਐਲਾਨ ਦਿੱਤਾ ਗਿਆ ਹੈ। ਸਾਰੇ ਵਹੀਕਲ ਪਾਸ ਰੱਦ ਕਰ ਦਿੱਤੇ ਗਏ ਹਨ। ਸ਼ਹਿਰ ਵਿੱਚ ਫੋਰ-ਵ੍ਹੀਲਰ ਦੀ ਐਂਟਰੀ ਰੋਕ ਦਿੱਤੀ ਗਈ ਹੈ। ਇਹ ਵਿਵਸਥਾ ਚਾਰ ਫਰਵਰੀ ਤਕ ਰਹੇਗੀ।
ਯੂ ਪੀ ਦੇ ਮੰਤਰੀ ਸੰਜੇ ਨਿਸ਼ਾਦ ਨੇ ਇਹ ਪੀੜਾਦਾਇਕ ਬਿਆਨ ਦਿੱਤਾ ਕਿ ਜਿੱਥੇ ਏਨੀ ਭੀੜ ਹੁੰਦੀ ਹੈ ਉਥੇ ਅਜਿਹੀ ਨਿੱਕੀ-ਮੋਟੀ ਘਟਨਾ ਹੋ ਜਾਂਦੀ ਹੈ।
ਪ੍ਰਸ਼ਾਸਨ ਮੁਤਾਬਕ ਸੰਗਮ ਸਮੇਤ 44 ਘਾਟਾਂ ’ਤੇ ਬੁੱਧਵਾਰ ਦੇਰ ਰਾਤ ਤਕ 8 ਤੋਂ 10 ਕਰੋੜ ਸ਼ਰਧਾਲੂਆਂ ਦੇ ਡੁੱਬਕੀ ਲਾਉਣ ਦਾ ਅਨੁਮਾਨ ਹੈ।
ਅਮਿ੍ਰਤ ਇਸ਼ਨਾਨ ਕਾਰਨ ਜ਼ਿਆਦਾਤਰ ਪੰਟੂਨ ਪੁਲ ਬੰਦ ਸਨ। ਇਸ ਕਾਰਨ ਲੱਖਾਂ ਦੀ ਭੀੜ ਇਕੱਠੀ ਹੁੰਦੀ ਗਈ। ਇਸ ਦੌਰਾਨ ਬੈਰੀਕੇਡ ਵਿੱਚ ਫਸ ਕੇ ਕੁਝ ਲੋਕ ਡਿੱਗ ਗਏ। ਇਸ ਤੋਂ ਬਾਅਦ ਭਗਦੜ ਮਚ ਗਈ।
ਸੰਗਮ ਨੋਜ਼ ’ਤੇ ਦਾਖਲ ਹੋਣ ’ਤੇ ਵਾਪਸ ਜਾਣ ਦੇ ਰਾਹ ਵੱਖਰੇ-ਵੱਖਰੇ ਨਹੀਂ ਸਨ। ਲੋਕ ਜਿੱਧਰੋਂ ਆ ਰਹੇ ਸਨ, ਉਧਰੋਂ ਹੀ ਮੁੜ ਰਹੇ ਸਨ। ਭਗਦੜ ਮਚੀ ਤਾਂ ਭੱਜਣ ਦਾ ਮੌਕਾ ਨਹੀਂ ਮਿਲਿਆ ਤੇ ਲੋਕ ਇੱਕ-ਦੂਜੇ ’ਤੇ ਡਿਗਦੇ ਗਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿ੍ਰਤਕਾਂ ਦੇ ਪਰਵਾਰ ਵਾਲਿਆਂ ਨਾਲ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਕਰੋੜਾਂ ਸ਼ਰਧਾਲੂ ਪੁੱਜੇ ਹਨ। ਕੁਝ ਸਮੇਂ ਲਈ ਇਸ਼ਨਾਨ ਵਿੱਚ ਰੁਕਾਵਟ ਆਈ ਸੀ, ਪਰ ਫਿਰ ਲੋਕ ਆਰਾਮ ਨਾਲ ਇਸ਼ਨਾਨ ਕਰ ਰਹੇ ਸਨ। ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਲੋਕਾਂ ਨੂੰ ਸੰਜਮ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਸ਼ਰਧਾਲੂ ਸੰਗਮ ’ਤੇ ਹੀ ਇਸ਼ਨਾਨ ਦੀ ਨਾ ਸੋਚਣ, ਗੰਗਾ ਹਰ ਥਾਂ ਪਵਿੱਤਰ ਹੈ, ਜਿੱਥੇ ਤੱਟ ’ਤੇ ਥਾਂ ਮਿਲਦੀ ਹੈ, ਉਥੇ ਇਸ਼ਨਾਨ ਕਰ ਲੈਣ। ਰਾਹੁਲ ਗਾਂਧੀ ਨੇ ਕਿਹਾ ਕਿ ਵੀ ਆਈ ਪੀ ਕਲਚਰ ’ਤੇ ਸਰਕਾਰ ਦੀ ਬਦਇੰਤਜ਼ਾਮੀ ਕਾਰਨ ਭਗਦੜ ਮਚੀ। ਉਨ੍ਹਾ ਕਿਹਾ ਕਿ ਅਜਿਹੀ ਘਟਨਾ ਦੁਬਾਰਾ ਵਾਪਰ ਸਕਦੀ ਹੈ, ਇਸ ਨੂੰ ਰੋਕਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਮਹਾਕੁੰਭ ਨੂੰ ਫੌਜ ਹਵਾਲੇ ਕਰ ਦੇਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਵਿਸ਼ਵ ਪੱਧਰੀ ਵਿਵਸਥਾ ਦੇ ਦਾਅਵਿਆਂ ਪਿਛਲੀ ਸੱਚਾਈ ਸਾਹਮਣੇ ਆ ਗਈ ਹੈ। ਇਸ ਲਈ ਜਿਹੜੇ ਲੋਕ ਅਜਿਹੇ ਦਾਅਵੇ ਕਰ ਰਹੇ ਸਨ, ਉਨ੍ਹਾਂ ਨੂੰ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾਅੱਧੀਆਂ-ਅਧੂਰੀਆਂ ਤਿਆਰੀਆਂ, ਵੀ ਆਈ ਪੀ ਮੂਵਮੈਂਟ ਤੇ ਪ੍ਰਬੰਧਨ ਦੀ ਬਜਾਏ ਸਵੈ-ਪ੍ਰਚਾਰ ’ਤੇ ਧਿਆਨ ਕੇਂਦਰਤ ਕਰਨ ਕਾਰਨ ਅਜਿਹੀ ਘਟਨਾ ਵਾਪਰੀ। ਹਜ਼ਾਰਾਂ ਕਰੋੜ ਰੁਪਏ ਖਰਚ ਕਰਨ ਦੇ ਬਾਵਜੂਦ ਅਜਿਹੀਆਂ ਤਿਆਰੀਆਂ ਨਿੰਦਣਯੋਗ ਹਨ। ਤੀਰਥ ਯਾਤਰੀਆਂ ਲਈ ਰਿਹਾਇਸ਼ ਅਤੇ ਮੁੱਢਲੀ ਸਹਾਇਤਾ ਸਹੂਲਤਾਂ ਦਾ ਵਿਸਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਵੀ ਆਈ ਪੀਜ਼ ਦੀ ਆਵਾਜਾਈ ’ਤੇ ਰੋਕ ਲਗਾਈ ਜਾਣੀ ਚਾਹੀਦੀ ਹੈ। ਸਾਡੇ ਸੰਤ ਵੀ ਇਹੀ ਚਾਹੁੰਦੇ ਹਨ।