ਚੰਡੀਗੜ੍ਹ : ਆਮ ਆਦਮੀ ਪਾਰਟੀ ਅਤੇ ਕਾਂਗਰਸ ਗੱਠਜੋੜ ਕੋਲ ਬਹੁਮਤ ਹੋਣ ਦੇ ਬਾਵਜੂਦ ਭਾਜਪਾ ਨੇ ਵੀਰਵਾਰ ਵੱਡਾ ਉਲਟਫੇਰ ਕਰਦਿਆਂ ਚੰਡੀਗੜ੍ਹ ਦੇ ਮੇਅਰ ਦੀ ਚੋਣ ਜਿੱਤ ਲਈ। ਭਾਜਪਾ ਉਮੀਦਵਾਰ ਹਰਪ੍ਰੀਤ ਕੌਰ ਬਬਲਾ ਨੂੰ 19 ਵੋਟਾਂ ਮਿਲੀਆਂ, ਜਦੋਂ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਗੱਠਜੋੜ ਦੀ ਉਮੀਦਵਾਰ ਪ੍ਰੇਮਲਤਾ ਨੂੰ 17 ਵੋਟਾਂ ਮਿਲੀਆਂ। ਹੈਰਾਨੀ ਦੀ ਗੱਲ ਹੈ ਕਿ ਨਿਗਮ ’ਚ ਭਾਜਪਾ ਕੋਲ 16 ਕੌਂਸਲਰਾਂ ਦੀਆਂ ਵੋਟਾਂ ਸਨ, ਜਦੋਂ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਗੱਠਜੋੜ ਕੋਲ ਇੱਕ ਸੰਸਦ ਮੈਂਬਰ ਦੀ ਵੋਟ ਸਮੇਤ 20 ਵੋਟਾਂ ਸਨ। ਇਹ ਸਪੱਸ਼ਟ ਹੈ ਕਿ ਕਰਾਸ ਵੋਟਿੰਗ ਹੋਈ, ਜਿਸ ਕਾਰਨ ਭਾਜਪਾ ਉਮੀਦਵਾਰ ਜੇਤੂ ਬਣੀ। ‘ਆਪ’ ਜਾਂ ਕਾਂਗਰਸ ਪਾਰਟੀ ਦੇ ਕਿਸੇ ਵੀ ਤਿੰਨ ਕੌਂਸਲਰਾਂ ਨੇ ਭਾਜਪਾ ਨੂੰ ਵੋਟ ਦਿੱਤੀ ਹੈ। ਚੋਣ ਦੌਰਾਨ ਕੋਈ ਵੀ ਵੋਟ ਰੱਦ ਨਹੀਂ ਐਲਾਨੀ ਗਈ। ਕੁੱਲ 36 ਵੋਟਾਂ ਪਈਆਂ, ਜਿਸ ਵਿੱਚੋਂ 1 ਵੋਟ ਕਾਂਗਰਸ ਐੱਮ ਪੀ ਮਨੀਸ਼ ਤਿਵਾੜੀ ਦੀ ਸੀ। ਚੋਣ ਜਿੱਤਣ ਤੋਂ ਬਾਅਦ ਬਬਲਾ ਨੇ ਮੇਅਰ ਵਜੋਂ ਅਹੁਦਾ ਸੰਭਾਲ ਕੇ ਕਿਹਾ ਕਿ ਉਹ ਸਾਰੇ ਕੌਂਸਲਰਾਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਸ਼ਹਿਰ ਦੀ ਭਲਾਈ ਲਈ ਮਿਲ ਕੇ ਕੰਮ ਕਰਨਗੇ।
ਦੂਜੇ ਪਾਸੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਹੋਈ ਚੋਣ ਆਪ-ਕਾਂਗਰਸ ਗੱਠਜੋੜ ਵੱਲੋਂ ਲੜਨ ਵਾਲੇ ਕਾਂਗਰਸ ਦੇ ਉਮੀਦਵਾਰਾਂ ਨੇ ਭਾਜਪਾ ਨੂੰ ਹਰਾ ਕੇ ਜਿੱਤ ਲਈ। ਸੀਨੀਅਰ ਡਿਪਟੀ ਮੇਅਰ ਵਜੋਂ ਕਾਂਗਰਸ ਦੇ ਜਸਬੀਰ ਸਿੰਘ ਬੰਟੀ ਅਤੇ ਡਿਪਟੀ ਮੇਅਰ ਵਜੋਂ ਕਾਂਗਰਸ ਦੀ ਤਰੁਣਾ ਮਹਿਤਾ ਜੇਤੂ ਰਹੇ।