6.9 C
Jalandhar
Thursday, February 6, 2025
spot_img

ਲੋਕਾਂ ਦੇ ਜਮਹੂਰੀ ਹੱਕਾਂ ਨੂੰ ਦਰੜਿਆ ਜਾ ਰਿਹੈ : ਬੰਤ ਬਰਾੜ

ਜਲੰਧਰ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤਾ ਬਜਟ ਮੋਦੀ ਸਰਕਾਰ ਵੱਲੋਂ ਅਪਣਾਈਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਜਾਰੀ ਰੱਖਣ ਦੇ ਐਲਾਨਨਾਮੇ ਤੋਂ ਵੱਧ ਕੁਝ ਵੀ ਨਹੀਂ ਹੈ। ਇਸ ਬਜਟ ਵਿੱਚ ਮਜ਼ਦੂਰ, ਕਿਸਾਨ ਲਈ ਕੁਝ ਵੀ ਨਹੀਂ। ਸਿਹਤ, ਸਿੱਖਿਆ ਤੇ ਰੁਜ਼ਗਾਰ ਬਾਰੇ ਕੋਈ ਠੋਸ ਯੋਜਨਾਬੰਦੀ ਦਾ ਇਸ ਬਜਟ ਵਿੱਚ ਕੋਈ ਜ਼ਿਕਰ ਤੱਕ ਨਹੀਂ ਹੈ। ਬੇਕਾਬੂ ਮਹਿੰਗਾਈ ਨੂੰ ਰੋਕਣ ਦੀ ਘਾਟ ਇਸ ਬਜਟ ’ਚ ਸਪੱਸ਼ਟ ਝਲਕਦੀ ਹੈ। ਇਹ ਬਜਟ ਮਜ਼ਦੂਰਾਂ, ਕਿਸਾਨਾਂ ਦੀਆਂ ਉਮੀਦ ਮੁਤਾਬਕ ਨਹੀਂ। ਪੰਜ ਫਰਵਰੀ ਨੂੰ ਦੇਸ਼ ਪੱਧਰ ’ਤੇ ਬਜਟ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕੀਤਾ। ਜ਼ਿਲ੍ਹਾ ਕੌਂਸਲ ਜਲੰਧਰ ਦੀ ਪਰਮਜੀਤ ਸਮਰਾਏ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਬਰਾੜ ਨੇ ਕਿਹਾ ਕਿ ਅੱਜ ਦੇਸ਼ ਦਾ ਸੰਵਿਧਾਨ ਖਤਰੇ ਚ ਹੈ, ਲੋਕਾਂ ਦੇ ਜਮਹੂਰੀ ਹੱਕਾਂ ਨੂੰ ਦਰੜਿਆ ਜਾ ਰਿਹਾ। ਮੋਦੀ ਸਰਕਾਰ ਦੇ ਵਿਰੋਧ ਨੂੰ ਦੇਸ਼ ਵਿਰੋਧੀ ਗਰਦਾਨ ਕੇ ਬੁੱਧੀਜੀਵੀਆਂ ਨੂੰ ਜੇਲ੍ਹਾਂ ’ਚ ਡੱਕਿਆ ਹੋਇਆ ਹੈ। ਜ਼ਿਲ੍ਹਾ ਸਕੱਤਰ ਰਸ਼ਪਾਲ ਕੈਲੇ ਨੇ ਕਿਹਾ ਕਿ ਸੰਵਿਧਾਨ ਅਤੇ ਲੋਕਤੰਤਰ ਦੀ ਰਖਵਾਲੀ ਲਈ ਪਾਰਟੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ 23 ਮਾਰਚ ਤੋਂ ਲੈ ਕੇ ਡਾਕਟਰ ਬੀ ਆਰ ਅੰਬੇਡਕਰ ਦੇ ਜਨਮ ਦਿਨ 14 ਅਪ੍ਰੈਲ ਤੱਕ 21 ਦਿਨ ਜਨ-ਸੰਪਰਕ ਮੁਹਿੰਮ ਚਲਾਈ ਜਾਵੇਗੀ। ਇਸ ਦੌਰਾਨ ਜਨਰਲ ਬਾਡੀ ਮੀਟਿੰਗਾਂ ਕੀਤੀਆਂ ਜਾਣਗੀਆਂ ਤੇ 14 ਅਪ੍ਰੈਲ ਨੂੰ ਡਾਕਟਰ ਅੰਬੇਡਕਰ ਦੇ ਜਨਮ ਦਿਨ ’ਤੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕੀਤਾ ਜਾਵੇਗਾ। ਚੰਡੀਗੜ੍ਹ ਵਿੱਚ ਹੋ ਰਹੀ ਪਾਰਟੀ ਦੀ ਕੌਮੀ ਕਾਨਫਰੰਸ ਨੂੰ ਸਫਲ ਬਣਾਉਣ ਲਈ ਅੱਜ ਤੋਂ ਹੀ ਤਿਆਰੀਆਂ ਆਰੰਭ ਕੀਤੀਆਂ ਜਾਣਗੀਆਂ। ਇਸ ਕੰਮ ਲਈ ਪੰਜ ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ। ਮੀਟਿੰਗ ਨੂੰ ਖੇਤ ਮਜ਼ਦੂਰ ਸਭਾ ਦੇ ਪ੍ਰਧਾਨ ਵੀਰ ਕੁਮਾਰ, ਜਨਰਲ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਿਕੰਦਰ ਸੰਧੂ, ਸਕੱਤਰ ਪਰਵਿੰਦਰ ਫਲਪੋਤਾ ਤੇ ਪਾਰਟੀ ਦੇ ਜ਼ਿਲ੍ਹਾ ਸਹਾਇਕ ਸਕੱਤਰ ਹਰਜਿੰਦਰ ਮੌਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਡਾਕਟਰ ਅੰਬੇਡਕਰ ਦੇ ਬੁੱਤ ਖੰਡਿਤ ਕਰਨਾ ਗਹਿਰੀ ਸਾਜ਼ਿਸ਼ ਦਾ ਹਿੱਸਾ ਹੈ ਤੇ ਵਿਸ਼ੇਸ ਕਰਕੇ ਪੰਜਾਬ ਵਿਚ ਦਲਿਤ ਵਰਗ ਤੇ ਕਿਸਾਨਾਂ ਦਰਮਿਆਨ ਨਫਰਤ ਪੈਦਾ ਕਰਨ ਦੀ ਘਟੀਆ ਚਾਲ ਹੈ। ਮੀਟਿੰਗ ਵਿਚ ਮਹਿੰਦਰ ਘੋੜਾਵਾਹੀ, ਸਵਰਨ ਕੁਰੈਸ਼ੀਆਂ ਤੇ ਸੰਦੀਪ ਦੌਲੀਕੇ ਨੇ ਵੀ ਆਪਣੇ ਵਿਚਾਰ ਰੱਖੇ।

Related Articles

Latest Articles