ਲੁਧਿਆਣਾ : ਸੰਗਰੂਰ ਜੇਲ੍ਹ ’ਚ ਬੰਦ ਗੈਂਗਸਟਰ ਸਾਗਰ ਨਿਊਟਨ ਦੀ ਮੰਗਲਵਾਰ ਚੰਡੀਗੜ੍ਹ ਦੇ ਪੀ ਜੀ ਆਈ ਵਿੱਚ ਮੌਤ ਹੋਣ ’ਤੇ ਉਸ ਦੇ ਦੇ ਪਰਵਾਰਕ ਮੈਂਬਰਾਂ ਤੇ ਸਮਰਥਕਾਂ ਨੇ ਬੁੱਧਵਾਰ ਇੱਥੇ ਹਾਈਵੇ ਜਾਮ ਕਰਦਿਆਂ ਦਾਅਵਾ ਕੀਤਾ ਕਿ ਉਸ ਦੀ ਰਹੱਸਮਈ ਹਾਲਾਤ ’ਚ ਮੌਤ ਹੋਈ ਹੈ। ਪਰਵਾਰ ਨੇ ਲਾਸ਼ ਨੂੰ ਫਿਰੋਜ਼ਪੁਰ ਰੋਡ ’ਤੇ ਰੱਖ ਕੇ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਉਹ ਉਦੋਂ ਤੱਕ ਸਸਕਾਰ ਨਹੀਂ ਕਰਨਗੇ, ਜਦੋਂ ਤੱਕ ਸਰਕਾਰ ਉਸ ਦੀ ਮੌਤ ਲਈ ਜ਼ਿੰਮੇਵਾਰ ਜੇਲ੍ਹ ਅਧਿਕਾਰੀਆਂ ਵਿਰੁੱਧ ਕਾਰਵਾਈ ਨਹੀਂ ਕਰਦੀ। ਇਸ ਦੌਰਾਨ ਸੜਕ ’ਤੇ ਭਾਰੀ ਟਰੈਫਿਕ ਜਾਮ ਲੱਗ ਗਿਆ। ਪਰਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਕਿ ਸਾਗਰ ਜਨਵਰੀ ਵਿੱਚ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ੀ ਲਈ ਆਇਆ ਤਾਂ ਉਹ ਤੰਦਰੁਸਤ ਸੀ। ਉਨ੍ਹਾ ਕਿਹਾ ਕਿ ਪੁਲਸ ਦਾ ਇਹ ਦਾਅਵਾ ਕਿ ਸਾਗਰ ਨੂੰ ਸ਼ੂਗਰ ਦਾ ਗੰਭੀਰ ਦੌਰਾ ਪਿਆ ਅਤੇ ਉਸ ਤੋਂ ਬਾਅਦ ਗੁਰਦੇ ਫੇਲ੍ਹ ਹੋ ਗਏ ਸਨ, ਸਰਾਸਰ ਝੂਠ ਹੈ। ਪਿਛਲੇ ਸਾਲ ਅਗਸਤ ਵਿੱਚ ਲੁਧਿਆਣਾ ਪੁਲਸ ਨੇ ਕਾਊਂਟਰ ਇੰਟੈਲੀਜੈਂਸ ਲੁਧਿਆਣਾ ਦੇ ਨਾਲ ਇੱਕ ਸਾਂਝੇ ਅਪ੍ਰੇਸ਼ਨ ਵਿੱਚ ਨਿਊਟਨ ਨੂੰ ਬਿਜਨੌਰ (ਯੂ ਪੀ) ਤੋਂ ਗਿ੍ਰਫਤਾਰ ਕੀਤਾ ਸੀ। ਉਹ ਕਤਲ, ਡਕੈਤੀ, ਚੋਰੀ ਅਤੇ ਨਸ਼ਾ ਤਸਕਰੀ ਸਮੇਤ 18 ਕੇਸਾਂ ਵਿੱਚ ਨਾਮਜ਼ਦ ਸੀ।