ਉੱਠ ਕਿਰਤੀਆ ਉੱਠ ਵੇ…

0
36

ਸ਼ਾਹਕੋਟ (ਗਿਆਨ ਸੈਦਪੁਰੀ)
ਪੰਜਾਬ ਖੇਤ ਮਜ਼ਦੂਰ ਸਭਾ ਅਤੇ ਏਟਕ ਵੱਲੋਂ ਜਗਰਾਵਾਂ ਵਿਖੇ ਕੀਤੇ ਗਏ ਰੋਸ ਪ੍ਰਦਰਸ਼ਨ ਵਿਚ ਕਿਰਤੀਆਂ ਦੇ ਚੁੱਲ੍ਹਿਆਂ ਦੀ ਠੰਢੀ ਹੋ ਰਹੀ ਅੱਗ ਨੂੰ ਮਘਦਾ ਰੱਖਣ ਅਤੇ ਸੁੱਤੀਆਂ ਹੋਈਆਂ ਸਰਕਾਰਾਂ ਨੂੰ ਜਗਾਉਣ, ਖੇਤ ਮਜ਼ਦੂਰਾਂ ਅਤੇ ਕਿਸਾਨਾਂ ਦੇ ਏਕੇ ਨੂੰ ਪਕੇਰਾ ਕਰਨ, ਦਲਿਤਾਂ ਉੱਤੇ ਹੁੰਦੇ ਅੱਤਿਆਚਾਰਾਂ ਨੂੰ ਰੋਕਣ, ਵਿਦਿਆ ਦਾ ਮਹੱਤਵ ਦੱਸਣ ਅਤੇ ਲੁਟੇਰੀ ਜਮਾਤ ਵੱਲੋਂ ਫੈਲਾਏ ਜਾ ਰਹੇ ਅੰਧ-ਵਿਸ਼ਵਾਸ ਤੋਂ ਉੱਪਰ ਉੱਠਣ ਲਈ ਸੁਨੇਹਾ ਦਿੰਦੀਆਂ ਆਗੂਆਂ ਦੀਆਂ ਤਕਰੀਰਾਂ ਮੌਕੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੇ ਗੀਤ ‘ਉੱਠ ਕਿਰਤੀਆ ਉੱਠ ਵੇ, ਉੱਠਣ ਦਾ ਵੇਲਾ, ਜੜ੍ਹ ਵੈਰੀ ਦੀ ਪੁੱਟ ਵੇ, ਪੁੱਟਣ ਦਾ ਵੇਲਾ…’ ਦਾ ਹੋਕਾ ਵੀ ਕੰਨਾਂ ਵਿੱਚ ਗੂੰਜਣ ਲੱਗ ਪਿਆ। ਇਹ ਰੋਸ ਪ੍ਰਦਰਸ਼ਨ ਦਸ ਕੇਂਦਰੀ ਟਰੇਡ ਯੂਨੀਅਨਾਂ ਦੇ ਦੇਸ਼-ਵਿਆਪੀ ਰੋਸ ਪ੍ਰਦਰਸ਼ਨ ਦਾ ਹਿੱਸਾ ਵੀ ਸੀ। ਜਗਰਾਵਾਂ ਦੇ ਬੱਸ ਅੱਡੇ ਵਿੱਚ ਕੀਤੇ ਇਕੱਠ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਬਜਟ ਦੀ ਅਸਲੀਅਤ ਵੀ ਬਿਆਨ ਕੀਤੀ ਗਈ। ਅੱਡੇ ਵਿੱਚ ਕੀਤੇ ਗਏ ਰੋਸ ਪ੍ਰਦਰਸ਼ਨ ਉਪਰੰਤ ਖੇਤ ਮਜ਼ਦੂਰ, ਕਿਸਾਨ ਤੇ ਹੋਰ ਕਾਮੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਤਹਿਸੀਲ ਕੰਪਲੈਕਸ ਪਹੁੰਚੇ। ਇੱਥੇ ਐੱਸ ਡੀ ਐੱਮ ਜਗਰਾਵਾਂ ਕਰਨਦੀਪ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਮਜ਼ਦੂਰ ਵਰਗ ਦੇ ਦਿਨੋ-ਦਿਨ ਹੋ ਰਹੇ ਮੰਦੜੇ ਹਾਲ ਬਿਆਨ ਕਰਦਿਆਂ ਕਿਹਾ ਕਿ ਖੇਤ ਮਜ਼ਦੂਰ ਸਮਾਜ ਦੇ ਪੀੜਤ ਵਰਗਾਂ ਵਿੱਚੋਂ ਸਭ ਤੋਂ ਹੇਠਲਾ ਵਰਗ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਇਹ ਮਹੱਤਵਪੂਰਨ ਪੱਖ ਵੀ ਭੁਲਾ ਦਿੱਤਾ ਜਾਂਦਾ ਰਿਹਾ ਹੈ ਕਿ ਖੇਤ ਮਜ਼ਦੂਰਾਂ ਨੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਪੰਜਾਬ ਵਿੱਚ ਹਰਾ ਇਨਕਲਾਬ ਲਿਆਂਦਾ। ਇਸੇ ਸਦਕਾ ਹੀ ਅਨਾਜ ਦੇ ਮਾਮਲੇ ਵਿੱਚ ਦੇਸ਼ ਆਤਮ ਨਿਰਭਰ ਹੋਇਆ। ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕਿਰਤੀ ਵਰਗ ਸਾਡੀਆਂ ਸਰਕਾਰਾਂ ਦਾ ਏਜੰਡਾ ਹੀ ਨਹੀਂ ਬਣ ਸਕਿਆ। ਮਸਲਾ ਭਾਵੇਂ ਸਮਾਜਕ ਸੁਰੱਖਿਆ ਦਾ ਹੋਵੇ, ਭਾਵੇਂ ਜਾਤ-ਪਾਤ ਦੇ ਕੋਹੜ ਦਾ ਤੇ ਭਾਵੇਂ ਅਸਮਾਨ ਛੂੰਹਦੀ ਮਹਿੰਗਾਈ ਦਾ, ਸਰਕਾਰਾਂ ਦੀ ਸੰਵੇਦਨਹੀਣਤਾ ਅਤੇ ਉਦਾਸੀਨਤਾ ਦੁੱਖ ਦਿੰਦੀ ਹੈ। ਮਜ਼ਦੂਰ ਆਗੂ ਨੇ ਗੋਦੀ ਮੀਡੀਆ ਦੇ ਕਿਰਦਾਰ ’ਤੇ ਵੀ ਸਵਾਲ ਉਠਾਇਆ। ਕਾਮਰੇਡ ਗੋਰੀਆ ਨੇ ਵਾਰੀ-ਵਾਰੀ ਸੱਤਾ ਸੰਭਾਲਦੀਆਂ ਆ ਰਹੀਆਂ ਸਿਆਸੀ ਪਾਰਟੀਆਂ ਨੂੰ ਚਿਤਾਵਨੀ ਵੀ ਦਿੱਤੀ ਕਿ ਉਨ੍ਹਾਂ ਨੂੰ ਇਹ ਗੱਲ ਚੇਤੇ ਰੱਖਣੀ ਪਵੇਗੀ ਕਿ ਭਵਿੱਖ ਵਿੱਚ ਦਲਿਤ ਤੇ ਮਜ਼ਦੂਰ ਵਰਗ ਨੂੰ ਅਣਡਿੱਠ ਕਰਕੇ ਸੱਤਾ ਦਾ ਸਵਾਦ ਨਹੀਂ ਮਾਣ ਸਕਣਗੀਆਂ।
ਮਜ਼ਦੂਰਾਂ ਦੇ ਇਕੱਠ ਨੂੰ ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਕਿਹਾ ਕਿ ਕੇਂਦਰ ਸਰਕਾਰ ਤਾਂ ਪਿਛਲੇ 10 ਸਾਲਾਂ ਤੋਂ ਕਾਰਪੋਰੇਟ ਘਰਾਣਿਆਂ ਦੀ ਹੇਜਲੀ ਬਣੀ ਹੋਈ ਹੈ, ਪਰ ਪੰਜਾਬ ਸਰਕਾਰ ਵੀ ਦਲਿਤ ਤੇ ਮਜ਼ਦੂਰ ਵਰਗਾਂ ਦੇ ਮਸਲੇ ਹੱਲ ਕਰਨ ਵਿੱਚ ਅਸਫ਼ਲ ਰਹੀ ਹੈ। ਪਿਛਲੇ ਸਮੇਂ ਮਜ਼ਦੂਰ ਜਥੇਬੰਦੀਆਂ ਨਾਲ ਅੱਠ ਵਾਰ ਮੀਟਿੰਗਾਂ ਰੱਖੀਆਂ ਗਈਆਂ, ਪਰ ਕਿਸੇ ਵੀ ਮੀਟਿੰਗ ਵਿੱਚ ਮੁੱਖ ਮੰਤਰੀ ਸ਼ਾਮਲ ਨਹੀਂ ਹੋਏ। ਉਨ੍ਹਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਦਾਨ ਸਿੰਘ ਵਾਲੀ ਦੀ ਬਸਤੀ ਜੀਵਨ ਸਿੰਘ ਦੇ 8 ਦਲਿਤ ਘਰਾਂ ਨੂੰ ਨਸ਼ਾ ਤਸਕਰਾਂ ਵੱਲੋਂ ਸਾੜ ਕੇ ਸਵਾਹ ਕਰ ਦੇਣ ਦੀ ਹੌਲਨਾਕ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਮਾਂ ਸੰਘਰਸ਼ਾਂ ਨੂੰ ਹੋਰ ਤੇਜ਼ ਕਰਨ ਦੀ ਮੰਗ ਕਰਦਾ ਹੈ।
ਏਟਕ ਲੁਧਿਆਣਾ ਦੇ ਜਨਰਲ ਸਕੱਤਰ ਐੱਮ ਐੱਸ ਭਾਟੀਆ ਨੇ ਕਿਹਾ ਕਿ ਏਟਕ ਹਮੇਸ਼ਾ ਮਜ਼ਦੂਰਾਂ ਦੇ ਨਾਲ ਖਲੋਂਦੀ ਹੈ। ਅਸੀਂ ਇਹ ਵਰਤਾਰਾ ਜਾਰੀ ਰੱਖਾਂਗੇ। ਕੁਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਲੁਧਿਆਣਾ ਦੇ ਜਨਰਲ ਸਕੱਤਰ ਚਮਕੌਰ ਸਿੰਘ ਨੇ ਵੀ ਮਜ਼ਦੂਰ ਵਰਗ ਦੀਆਂ ਮੰਗਾਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦਾ ਨਹੁੰ-ਮਾਸ ਦਾ ਰਿਸ਼ਤਾ ਹੈ। ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਹੁਕਮ ਰਾਜ, ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਦੇ ਸੂਬਾਈ ਆਗੂ ਐੱਸ ਪੀ ਸਿੰਘ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।
ਐੱਸ ਡੀ ਐੱਮ ਨੂੰ ਦਿੱਤੇ ਮੰਗ ਪੱਤਰ ਵਿੱਚ ਮਜ਼ਦੂਰ ਤੇ ਗ਼ਰੀਬ ਕਿਸਾਨਾਂ ਦੇ ਕਰਜ਼ੇ ’ਤੇ ਲੀਕ ਫੇਰਨ, ਸਹਿਕਾਰੀ ਸੁਸਾਇਟੀਆਂ ਵਿੱਚ ਬੇਜ਼ਮੀਨੇ ਮਜ਼ਦੂਰਾਂ ਦੇ ਬਿਨਾਂ ਸ਼ਰਤਾਂ ਦੇ ਹਿੱਸੇ ਪਾਉਣ, ਖੁਦਕੁਸ਼ੀ ਪੀੜਤ ਪਰਵਾਰਾਂ ਨੂੰ ਮੁਆਵਜ਼ਾ ਦੇਣ, ਘਰਾਂ ਦੇ ਮੀਟਰ ਪੁੱਟਣੇ ਬੰਦ ਕਰਨ, ਲੋੜਵੰਦ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਦੇਣ, ਮਨਰੇਗਾ ਤਹਿਤ ਮਜ਼ਦੂਰਾਂ ਨੂੰ ਪੂਰਾ ਸਾਲ ਕੰਮ ਦੇਣ, ਕੰਮ ਦਿਹਾੜੀ 600 ਰੁਪਏ ਕਰਨ, ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਨ, ਜਾਤ-ਪਾਤੀ ਦਾਬੇ ਤਹਿਤ ਦਲਿਤਾਂ ’ਤੇ ਹੁੰਦਾ ਅੱਤਿਆਚਾਰ ਬੰਦ ਕਰਨ ਅਤੇ ਬੁਢਾਪਾ ਤੇ ਵਿਧਵਾ ਪੈਨਸ਼ਨਾਂ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨਾ ਸ਼ਾਮਲ ਹਨ।