ਫਰੀਦਕੋਟ (ਐਲਿਗਜ਼ੈਂਡਰ ਡਿਸੂਜਾ)-ਜੈਤੋ ਨੇੜਲੇ ਪਿੰਡ ਚੰਦਭਾਨ ’ਚ ਬੁੱਧਵਾਰ ਦਿਨੇ ਹੋਈ ਹਿੰਸਾ ਤੋਂ ਬਾਅਦ ਵੀਰਵਾਰ ਐੱਸ ਪੀ ਜਸਮੀਤ ਸਿੰਘ ਦੀ ਅਗਵਾਈ ਵਿੱਚ ਪੁਲਸ ਨੇ ਪਿੰਡ ਵਿੱਚ ਫਲੈਗ ਮਾਰਚ ਕੱਢਿਆ। ਇਸ ਮੌਕੇ ਡੀ ਐੱਸ ਪੀ ਜੈਤੋ ਸੁਖਦੀਪ ਸਿੰਘ ਅਤੇ ਐੱਸ ਐੱਚ ਓ ਜੈਤੋ ਰਾਜੇਸ਼ ਕੁਮਾਰ ਵੀ ਮੌਜੂਦ ਸਨ। ਹਿੰਸਕ ਝੜਪ ਦੇ ਸੰਬੰਧ ’ਚ ਪੁਲਸ ਵੱਲੋਂ ਦਰਜ ਕੀਤੀ ਗਈ ਐੱਫ ਆਈ ਆਰ ਵਿੱਚ ਪਿੰਡ ਦੀ ਦਲਿਤ ਸਰਪੰਚ ਅਮਨਦੀਪ ਕੌਰ, ਉਸ ਦੇ ਪਤੀ ਕੁਲਦੀਪ ਸਿੰਘ ਸਮੇਤ 41 ਮਾਲੂਮ ਅਤੇ 50 ਨਾਮਾਲੂਮ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। 38 ਲੋਕਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਘਟਨਾ ਸਥਾਨ ’ਤੇ ਜ਼ਖ਼ਮੀ ਹੋਏ ਅਤੇ ਕੋਟਕਪੂਰਾ ਹਸਪਤਾਲ ਵਿੱਚ ਜ਼ੇਰੇ ਇਲਾਜ ਏ ਐੱਸ ਆਈ ਨਛੱਤਰ ਸਿੰਘ ਦੇ ਬਿਆਨ ’ਤੇ ਇਹ ਪਰਚਾ ਦਰਜ ਹੋਇਆ ਹੈ। ਅਧਿਕਾਰੀ ਅਨੁਸਾਰ ਗਲੀ ’ਚ ਨਾਲੀ ਬਣਾਏ ਜਾਣ ਦੇ ਵਿਵਾਦ ਕਾਰਨ ਸਰਪੰਚ ਤੇ ਉਸ ਦੇ ਪਤੀ ਦੀ ਅਗਵਾਈ ’ਚ ਪਿੰਡ ਦੇ ਕੁੱਝ ਵਿਅਕਤੀਆਂ ਨੇ ਬਠਿੰਡਾ-ਫ਼ਰੀਦਕੋਟ ਸੜਕ ’ਤੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ ਸੀ। ਅੱੈਸ ਐੱਚ ਓ ਜੈਤੋ ਰਾਜੇਸ਼ ਕੁਮਾਰ ਜਦੋਂ ਧਰਨਾਕਾਰੀਆਂ ਕੋਲ ਗੱਲਬਾਤ ਰਾਹੀਂ ਮਾਮਲਾ ਨਿਬੇੜਨ ਦੀ ਪੇਸ਼ਕਸ਼ ਲੈ ਕੇ ਪੁੱਜੇ, ਤਾਂ ਅਗਵਾਈ ਕਰਨ ਵਾਲਿਆਂ ਨੇ ਲੋਕਾਂ ਨੂੰ ਕਥਿਤ ਤੌਰ ’ਤੇ ਉਕਸਾਇਆ ਅਤੇ ਹਿੰਸਾ ਲਈ ਪ੍ਰੇਰਿਆ। ਭੜਕੀ ਹੋਈ ਭੀੜ ਨੇ ਇੱਟਾਂ-ਰੋੜਿਆਂ ਦੀ ਵਾਛੜ ਕਰਨ ਤੋਂ ਇਲਾਵਾ ਮੀਡੀਆ ਕਰਮਚਾਰੀਆਂ ਅਤੇ ਪੁਲਸ ਦੀਆਂ ਗੱਡੀਆਂ ਤੋਂ ਇਲਾਵਾ ਜਾਮ ’ਚ ਫਸੇ ਪ੍ਰਾਈਵੇਟ ਵਾਹਨਾਂ ਦੀ ਵੀ ਭੰਨ-ਤੋੜ ਕੀਤੀ। ਇਸ ਦੌਰਾਨ ਗੱਡੀਆਂ ’ਚ ਪਿਆ ਕੀਮਤੀ ਸਾਮਾਨ ਅਤੇ ਨਕਦੀ ਚੋਰੀ ਕਰ ਲਈ ਗਈ ਅਤੇ ਪੁਲਸ ਮੁਲਾਜ਼ਮਾਂ ਨੂੰ ਘੇਰ ਕੇ ਸੱਟਾਂ ਮਾਰੀਆਂ ਗਈਆਂ। ਪੁਲਸ ਮੁਲਾਜ਼ਮਾਂ ਤੋਂ ਅਸਲਾ ਖੋਹਣ ਦੀ ਕੋਸ਼ਿਸ਼ ਅਤੇ ਮਹਿਲਾ ਪੁਲਸ ਕਰਮਚਾਰੀਆਂ ਨੂੰ ਅਪਸ਼ਬਦ ਬੋਲ ਕੇ ਬੇਇੱਜ਼ਤ ਕਰਨ ਦੇ ਦੋਸ਼ ਵੀ ਲਾਏ ਗਏ ਹਨ। ਦਰਅਸਲ ਦਲਿਤ ਭਾਈਚਾਰੇ ਦੇ ਲੋਕਾਂ ਦੇ ਘਰਾਂ ਦੇ ਪਾਣੀ ਦੀ ਨਿਕਾਸੀ ਲਈ ਗਲੀ ਬਣਾਈ ਜਾਣੀ ਹੈ। ਇਸ ਲਈ ਇੱਕ ਜ਼ਿਮੀਂਦਾਰ ਤੇ ਕੁਝ ਹੋਰ ਲੋਕਾਂ ਦੇ ਥੜ੍ਹੇ ਤੋੜੇ ਜਾਣੇ ਹਨ। ਉਹ ਪਰਵਾਰ ਇਸ ਦਾ ਵਿਰੋਧ ਕਰ ਰਹੇ ਹਨ। ਬੁੱਧਵਾਰ ਪੁਲਸ ਨੇ ਜਲ ਤੋਪਾਂ ਦੀ ਵਰਤੋਂ ਕਰਕੇ ਧਰਨਾਕਾਰੀਆਂ ਨੂੰ ਖਦੇੜਿਆ ਸੀ। ਜਿਨ੍ਹਾਂ ਨੂੰ ਹਿਰਾਸਤ ’ਚ ਲਿਆ ਹੈ, ਉਨ੍ਹਾਂ ’ਚ ਚੰਦਭਾਨ ਪਿੰਡ ਦੇ ਅੰਮਿ੍ਰਤਪਾਲ ਸਿੰਘ, ਮਨਪ੍ਰੀਤ ਸਿੰਘ, ਹਰਜਿੰਦਰ ਸਿੰਘ, ਸ਼ੈਬਰ ਸਿੰਘ, ਬਲਜਿੰਦਰ ਸਿੰਘ, ਸੰਦੀਪ ਸਿੰਘ, ਜਸਵਿੰਦਰ ਸਿੰਘ, ਸਰਬਜੀਤ ਕੌਰ, ਰਾਜਿੰਦਰ ਕੌਰ, ਅਮਨਦੀਪ ਕੌਰ, ਗੁਰਜੀਵਨ ਸਿੰਘ ਉਰਫ ਜਿੰਮੀ, ਮਨਪ੍ਰੀਤ ਸਿੰਘ, ਲੱਖਾ ਸਿੰਘ, ਅਮਨ ਸਿੰਘ, ਜਸਵਿੰਦਰ ਸਿੰਘ, ਬੰਟੀ ਸਿੰਘ, ਅਰਸ਼ਦੀਪ ਸਿੰਘ, ਸੁਖਵੀਰ ਸਿੰਘ, ਸੰਦੀਪ ਸਿੰਘ, ਅਰਸ਼ਦੀਪ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਨਸੀਬ ਸਿੰਘ, ਚਮਕੌਰ ਸਿੰਘ, ਗੁਰਦੀਪ ਸਿੰਘ, ਸਹਿਜਪ੍ਰੀਤ ਸਿੰਘ, ਮਹਿਕਦੀਪ ਸਿੰਘ, ਕੁਲਦੀਪ ਸਿੰਘ, ਗੁਰਤੇਜ ਸਿੰਘ, ਗੁਰਦੇਵ ਸਿੰਘ, ਕੁਲਵਿੰਦਰ ਸਿੰਘ, ਜਗਸੀਰ ਸਿੰਘ, ਅਵਤਾਰ ਸਿੰਘ, ਜਸਵਿੰਦਰ ਸਿੰਘ, ਕੁਲਦੀਪ ਸਿੰਘ, ਸਿਕੰਦਰ ਸਿੰਘ, ਅਮਨਦੀਪ ਸਿੰਘ ਉਰਫ ਅਮਨਾ ਵਾਸੀ ਵਿਰਕ ਖੁਰਦ ਤੇ ਸੰਦੀਪ ਸਿੰਘ ਵਾਸੀ ਨਰੂਆਣਾ (ਬਠਿੰਡਾ) ਹਨ।