ਸ਼ਾਹਕੋਟ (ਗਿਆਨ ਸੈਦਪੁਰੀ)
ਨਵੀਂ ਨਗਰ ਪੰਚਾਇਤ ਸ਼ਾਹਕੋਟ ਲਈ ਵੋਟਾਂ 21 ਦਸੰਬਰ 2024 ਨੂੰ ਪਈਆਂ ਸਨ, ਪਰ ਇਸ ਦਾ ਪ੍ਰਧਾਨ ਤੇ ਮੀਤ ਪ੍ਰਧਾਨ ਚੁਣਨ ਵਿੱਚ ਵੱਡੀ ਰੁਕਾਵਟ ਪੈਂਦੀ ਰਹੀ। ਆਖ਼ਰ ਹਾਈ ਕੋਰਟ ਦੀ ਸਖ਼ਤੀ ਅਤੇ ਕਾਂਗਰਸ ਪਾਰਟੀ ਦੇ ਚੁਣੇ ਗਏ ਮੈਂਬਰਾਂ ਦੀ ਇੱਕਜੁਟਤਾ ਦੀ ਬਦੌਲਤ 6 ਫਰਵਰੀ ਨੂੰ ਕਾਂਗਰਸ ਪਾਰਟੀ ਦੇ ਗੁਲਜ਼ਾਰ ਸਿੰਘ ਥਿੰਦ ਪ੍ਰਧਾਨ ਅਤੇ ਕਾਂਗਰਸ ਪਾਰਟੀ ਦੀ ਕੁਲਜੀਤ ਰਾਣੀ ਉੱਪ ਪ੍ਰਧਾਨ ਚੁਣੇ ਗਏ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਦਿ੍ਰੜ੍ਹਤਾ, ਇੱਛਾ ਸ਼ਕਤੀ ਤੇ ਹਰਮਨਪਿਆਰਤਾ ਵੀ ਭੰਵਰ ’ਚ ਫਸੀ ਕਿਸ਼ਤੀ ਪਾਰ ਲਾਉਣ ਵਿੱਚ ਸਹਾਈ ਹੋਈ। ਨਗਰ ਪੰਚਾਇਤਾਂ ਵਿੱਚ ਸ਼ਾਇਦ ਸ਼ਾਹਕੋਟ ਦੀ ਇੱਕਲੌਤੀ ਕਮੇਟੀ ਹੈ, ਜਿਸ ਦੀ ਪ੍ਰਧਾਨਗੀ ਦੀ ਕਲਗ਼ੀ ਕਾਂਗਰਸ ਪਾਰਟੀ ਦੇ ਸਿਰ ’ਤੇ ਸਜੀ ਹੈ।ਪਹਿਲਾਂ ਪ੍ਰਧਾਨਗੀ ਅਤੇ ਉੱਪ ਪ੍ਰਧਾਨਗੀ ਲਈ 16 ਜਨਵਰੀ ਦੀ ਤਰੀਕ ਤੈਅ ਹੋਈ ਸੀ।ਚੋਣ ਕਰਨ ਲਈ ਐੱਸ ਡੀ ਐੱਮ ਸ਼ਾਹਕੋਟ ਨੂੰ ਕਨਵੀਨਰ ਨਿਯੁਤਕ ਕੀਤਾ ਗਿਆ ਸੀ।16 ਜਨਵਰੀ ਦੀ ਸਵੇਰ ਨੂੰ ਹੀ ਪਤਾ ਲੱਗਾ ਕਿ ਉਹ ਅਚਾਨਕ ਛੁੱਟੀ ’ਤੇ ਚਲੇ ਗਏ ਸਨ।ਮੁੱਕਦੀ ਗੱਲ ਕਿ ਉਸ ਦਿਨ ਨਗਰ ਪੰਚਾਇਤ ਦੇ ਅਹੁਦੇਦਾਰ ਨਾ ਚੁਣੇ ਜਾ ਸਕੇ। ਚੋਣ ਲਈ ਅਗਲੀ ਤਰੀਕ 21 ਜਨਵਰੀ ਰੱਖ ਦਿੱਤੀ ਗਈ। ਇਸ ਦਿਨ ਚੋਣ ਕਰਵਾਉਣ ਦੀ ਜ਼ਿੰਮੇਵਾਰੀ ਤਹਿਸੀਲਦਾਰ ਸ਼ਾਹਕੋਟ ਦੀ ਲਾਈ ਗਈ। ਦੱਸਣਯੋਗ ਹੈ ਕਿ ਨਗਰ ਪੰਚਾਇਤ ਦੇ ਚੁਣੇ ਮੈਂਬਰਾਂ ਵਿੱਚ 9 ਕਾਂਗਰਸ ਪਾਰਟੀ ਅਤੇ 4 ‘ਆਪ’ ਦੇ ਹਨ। 21 ਜਨਵਰੀ ਨੂੰ ਵੀ ਜਦੋਂ ਚੋਣ ਨੇਪਰੇ ਨਾ ਚੜ੍ਹ ਸਕੀ ਤਾਂ ਕਾਂਗਰਸ ਪਾਰਟੀ ਨੇ ਹਾਈ ਕੋਰਟ ਦਾ ਦਰਵਾਜ਼ਾ ਜਾ ਖੜਕਾਇਆ।ਕੋਰਟ ਨੇ 6 ਫਰਵਰੀ ਨੂੰ ਚੋਣ ਕਰਵਾਉਣ ਦੇ ਹੁਕਮ ਵਿੱਚ ਦਿੱਤੀ ਹਦਾਇਤ ਦੀ ਸ਼ਬਦਾਵਲੀ ਸਖਤ ਕਿਸਮ ਦੀ ਵਰਤੀ ਦੱਸੀ ਜਾਂਦੀ ਹੈ।ਇਸ ਦੌਰਾਨ ਕਾਂਗਰਸ ਨੂੰ ਜਾਪਿਆ ਕਿ ਅਹੁਦੇਦਾਰਾਂ ਦੀ ਚੋਣ ਕਰਵਾਉਣ ਦੇ ਮਾਮਲੇ ਵਿੱਚ ਸੱਤਾਧਾਰੀ ਧਿਰ ਫਿਰ ਕੋਈ ਚਾਲ ਖੇਡ ਸਕਦੀ ਹੈ। ਆਮ ਤੌਰ ’ਤੇ ਇਹੀ ਹੁੰਦਾ ਹੈ ਕਿ ਚੁਣੇ ਗਏ ਮੈਂਬਰਾਂ ਨੂੰ ਪਾਲ਼ਾ ਬਦਲਣ ਲਈ ਮਜਬੂਰ ਕਰ ਦਿੱਤਾ ਜਾਵੇ। ਇਹ ਕੁਝ ਨਾ ਹੋਣ ਲਈ ਹਲਕਾ ਵਿਧਾਇਕ ਸ਼ੇਰੋਵਾਲੀਆ ਤੇ ਉਨ੍ਹਾ ਦੀ ਟੀਮ ਨੇ ਚੌਕਸੀ ਵਰਤੀ ਕਿ ਵਿਰੋਧੀ ਕਾਂਗਰਸ ਪਾਰਟੀ ਦੇ ਨੌਵਾਂ ਘਰਾਂ ਵਿੱਚ ਸੰਨ੍ਹ ਨਾ ਲਾ ਸਕੇ।
ਕਾਂਗਰਸ ਪਾਰਟੀ ਦੇ ਨਗਰ ਪੰਚਾਇਤ ’ਤੇ ਕਾਬਜ਼ ਹੋ ਜਾਣ ’ਤੇ ਹਲਕਾ ਵਿਧਾਇਕ ਦੀ ਲੋਕਪਿ੍ਰਅਤਾ ਵਧਣ ਦੀ ਗੱਲ ਵੀ ਸੁਣੀ ਜਾ ਰਹੀ ਹੈ।6 ਫਰਵਰੀ ਦੀ ਹੋਈ ਚੋਣ ਵਿੱਚ ਪ੍ਰਧਾਨ ਚੁਣੇ ਗਏ ਗੁਲਜ਼ਾਰ ਸਿੰਘ ਥਿੰਦ ਨੂੰ ਹਰ ਵਰਗ ਨੇ ਪਸੰਦ ਕੀਤਾ ਹੈ, ਸਮੇਤ ‘ਆਪ’ ਦੇ ਕੁਝ ਹਲਕਿਆਂ ਦੇ। ਸਮਰਥਕ ਤਾਂ ਇਹ ਵੀ ਕਹਿ ਰਹੇ ਹਨ ਕਿ 2027 ਦੀ ਅਸੈਂਬਲੀ ਲਈ ਸ਼ੇਰੋਵਾਲੀਆ ਦੀ ਟਿਕਟ ਨਹੀਂ ਬਲਕਿ ਸੀਟ ਪੱਕੀ ਹੈ।ਇਸ ਤਰ੍ਹਾਂ ਕਾਂਗਰਸ ਪਾਰਟੀ ਦੇ ਨਗਰ ਪੰਚਾਇਤ ਸ਼ਾਹਕੋਟ ’ਤੇ ਕਾਬਜ਼ ਹੋਣ ਦੇ ਕਾਂਗਰਸ ਪਾਰਟੀ ਤੇ ਵਿਰੋਧੀਆਂ ਵੱਲੋਂ ਵੱਖਰੇ-ਵੱਖਰੇ ਮਾਅਨੇ ਕੱਢੇ ਜਾ ਰਹੇ ਹਨ।





