ਡਰੋਨ ਰਾਹੀਂ ਹੈਰੋਇਨ ਮੰਗਵਾਉਣ ਵਾਲਾ ਗਿ੍ਰਫਤਾਰ

0
71

ਪਠਾਨਕੋਟ (ਦਵਿੰਦਰ ਸਿੰਘ)-ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾ ਕੇ ਸਰਹੱਦੀ ਖੇਤਰ ਵਿੱਚ ਸਪਲਾਈ ਕਰਨ ਵਾਲੇ ਜਤਿੰਦਰ ਕੁਮਾਰ ਉਰਫ ਕਾਲੀ ਪਿੰਡ ਪੁਰਾਣਾ ਤਾਰਾਗੜ੍ਹ ਨੂੰ ਸੀ ਆਈ ਏ ਸਟਾਫ ਦੀ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਐੱਸ ਐੱਸ ਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਬ-ਇੰਸਪੈਕਟਰ ਅਰੁਣ ਕੁਮਾਰ ਇੰਚਾਰਜ ਸੀ ਆਈ ਏ ਸਟਾਫ ਪਠਾਨਕੋਟ ਸਾਥੀ ਕਰਮਚਾਰੀਆਂ ਨਾਲ ਪਿੰਡ ਜੈਨਪੁਰ ਥਾਣਾ ਨਰੋਟ ਜੈਮਲ ਸਿੰਘ ਵਿਖੇ ਮੌਜੂਦ ਸਨ ਤਾਂ ਜਤਿੰਦਰ ਨੇ ਕੁਝ ਸਮਾਂ ਪਹਿਲਾਂ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਮੰਗਵਾਈ ਸੀ, ਪਰ ਕੁਝ ਤਕਨੀਕੀ ਖਰਾਬੀ ਕਰਕੇ ਪਾਕਿਸਤਾਨ ਤੋਂ ਆਇਆ ਡਰੋਨ ਵਾਪਸ ਨਹੀਂ ਜਾ ਸਕਿਆ ਸੀ, ਜਿਹੜਾ ਕਿ ਉਸ ਨੇ ਲੁਕਾ ਕੇ ਰੱਖਿਆ ਹੋਇਆ ਹੈ। ਪੁਲਸ ਪਾਰਟੀ ਨੇ ਜਤਿੰਦਰ ਕੁਮਾਰ ਨੂੰ ਫੜ ਕੇ ਪੁਛਗਿੱਛ ਕੀਤੀ ਤਾਂ ਪਿੰਡ ਕਿੱਲਪੁਰ ਦੇ ਸੰਗਰਾਵਾਂ ਵਿੱਚ ਲੁਕਾ ਕੇ ਰੱਖਿਆ ਗਿਆ ਡਰੋਨ ਅਤੇ ਹੈਰੋਇਨ ਬਰਾਮਦ ਕੀਤੀ ਗਈ।ਜਤਿੰਦਰ ਕੁਮਾਰ ਤੋਂ ਇੱਕ ਜੀ ਪੀ ਐਸ ਇਲੈਕਟ੍ਰਾਨਿਕ ਡਰੋਨ, 42 ਗ੍ਰਾਮ 17 ਮਿਲੀਗਰਾਮ ਹੈਰੋਇਨ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਬਰਾਮਦ ਹੋਇਆ ਹੈ।
ਕਿੱਲੋ ਹੈਰੋਇਨ ਸਮੇਤ ਦੋ ਫੜੇ
ਭਿੱਖੀਵਿੰਡ/ਖਾਲੜਾ (ਲਖਵਿੰਦਰ ਸਿੰਘ ਗੋਲਣ,
ਰਣਬੀਰ ਸਿੰਘ ਗੋਲਣ)
ਖਾਲੜਾ ਪੁਲਸ ਨੇ ਸਰਹੱਦੀ ਪਿੰਡ ਡੱਲ ਤੋਂ ਦੋ ਵਿਅਕਤੀਆਂ ਨੂੰ ਇੱਕ ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਡੀ ਐੱਸ ਪੀ ਭਿੱਖੀਵਿੰਡ ਨਿਰਮਲ ਸਿੰਘ ਨੇ ਦੱਸਿਆ ਕਿ ਚੌਕੀ ਇੰਚਾਰਜ ਰਾਜੋਕੇ ਏ ਐੱਸ ਆਈ ਨਿਰਮਲ ਸਿੰਘ ਨੂੰ ਗੁਪਤ ਜਾਣਕਾਰੀ ਪ੍ਰਾਪਤ ਹੋਈ ਕਿ ਸੰਨੀ ਅਤੇ ਬਲਵਿੰਦਰ ਸਿੰਘ ਵਾਸੀ ਪਿੰਡ ਡੱਲ ਪਾਕਿਸਤਾਨੀ ਡਰੋਨ ਵੱਲੋਂ ਸੁੱਟੀ ਗਈ ਹੈਰੋਇਨ ਲੈ ਕੇ ਬਾਰਡਰ ਤੋਂ ਪਿੰਡ ਡੱਲ ਵੱਲ ਆ ਰਹੇ ਹਨ।ਪੁਲਸ ਪਾਰਟੀ ਨੇ ਨਾਕਾਬੰਦੀ ਕਰਕੇ ਮੋਟਰਸਾਈਕਲ ਸਪਲੈਂਡਰ ’ਤੇ ਆ ਰਹੇ ਦੋਵਾਂ ਨੂੰ ਰੋਕਿਆ ਤਾਂ ਸੰਨੀ ਕੋਲੋਂ ਤਲਾਸ਼ੀ ਦੌਰਾਨ 509 ਗ੍ਰਾਮ ਹੈਰੋਇਨ ਅਤੇ ਬਲਵਿੰਦਰ ਸਿੰਘ ਕੋਲੋਂ 513 ਗ੍ਰਾਮ ਹੈਰੋਇਨ ਬਰਾਮਦ ਹੋਈ।
ਡੀ ਐੱਸ ਪੀ ਨੇ ਦੱਸਿਆ ਕਿ ਦੋਵਾਂ ਵਿਅਕਤੀਆਂ ਵਿਰੁੱਧ ਪਹਿਲਾਂ ਵੀ ਮੁਕੱਦਮੇ ਦਰਜ ਹਨ।