ਫਤਿਹਗੜ੍ਹ ਚੂੜੀਆਂ ਚੌਕੀ ’ਤੇ ਹਮਲੇ ਦੇ ਤਿੰਨ ਮੁਲਜ਼ਮ ਮੁਕਾਬਲੇ ਦੌਰਾਨ ਕਾਬੂ

0
181

ਅੰਮਿ੍ਰਤਸਰ : ਪੁਲਸ ਨੇ ਐਤਵਾਰ ਰਾਤ ਦਹਿਸ਼ਤੀ ਮਡਿਊਲ ਦਾ ਪਰਦਾ ਫਾਸ਼ ਕਰਦਿਆਂ ਅੰਮਿ੍ਰਤਸਰ ਹਵਾਈ ਅੱਡੇ ਨੇੜਿਓਂ ਤਿੰਨ ਮਸ਼ਕੂਕਾਂ ਨੂੰ ਗਿ੍ਰਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਲਵਪ੍ਰੀਤ, ਕਰਨਦੀਪ ਤੇ ਬੂਟਾ ਸਿੰਘ ਵਜੋਂ ਦੱਸੀ ਗਈ ਹੈ।
ਇਨ੍ਹਾਂ ਵਿਚੋਂ ਦੋ ਜਣੇ (ਲਵਪ੍ਰੀਤ ਸਿੰਘ ਤੇ ਬੂਟਾ ਸਿੰਘ) ਮਗਰੋਂ ਏ ਐੱਸ ਆਈ ਗੁਰਜੀਤ ਸਿੰਘ ਦਾ ਪਿਸਤੌਲ ਖੋਹ ਕੇ ਭੱਜਣ ਦੀ ਕੋਸ਼ਿਸ਼ ਦੌਰਾਨ ਪੁਲਸ ਫਾਇਰਿੰਗ ਵਿਚ ਜ਼ਖਮੀ ਹੋ ਗਏ। ਦੋਵਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਹ ਘਟਨਾ ਰਾਤ 11 ਵਜੇ ਰਾਜਾਸਾਂਸੀ ਇਲਾਕੇ ਦੀ ਦੱਸੀ ਜਾਂਦੀ ਹੈ। ਪੁਲਸ ਨੇ ਮਸ਼ਕੂਕਾਂ ਕੋਲੋਂ ਇੱਕ ਏ ਕੇ-47 ਰਾਈਫਲ, ਦੋ ਪਿਸਤੌਲ ਅਤੇ ਕੁਝ ਕਾਰਤੂਸ ਬਰਾਮਦ ਕੀਤੇ ਹਨ। ਘਟਨਾ ਦਾ ਪਤਾ ਲੱਗਦੇ ਹੀ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਹੋਰਨਾਂ ਪੁਲਸ ਅਧਿਕਾਰੀਆਂ ਨਾਲ ਮੌਕੇ ’ਤੇ ਪਹੁੰਚ ਗਏ ਸਨ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਫਤਹਿਗੜ੍ਹ ਚੂੜੀਆਂ ਪੁਲਸ ਚੌਕੀ ਧਮਾਕੇ ਦੇ ਤਿੰਨ ਮਸ਼ਕੂਕ ਰਾਜਾਸਾਂਸੀ ਇਲਾਕੇ ਵੱਲ ਜਾ ਰਹੇ ਹਨ। ਪੁਲਸ ਨੇ ਫੌਰੀ ਹਰਕਤ ਵਿਚ ਆਉਂਦਿਆਂ ਤਿੰਨਾਂ ਮਸ਼ਕੂਕਾਂ ਨੂੰ ਕਾਬੂ ਕਰ ਲਿਆ। ਇਸ ਦੌਰਾਨ ਦੋ ਮਸ਼ਕੂਕਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਦੀ ਜਵਾਬੀ ਕਾਰਵਾਈ ਵਿਚ ਜ਼ਖਮੀ ਹੋ ਗਏ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਮੁੱਢਲੀ ਪੁੱਛਗਿਛ ਦੌਰਾਨ ਮਸ਼ਕੂਕਾਂ ਨੇ ਮੰਨਿਆ ਹੈ ਕਿ ਬੀਤੇ ਦਿਨੀਂ ਫਤਿਹਗੜ੍ਹ ਚੂੜੀਆਂ ਰੋਡ ਨੇੜੇ ਬੰਦ ਪਈ ਪੁਲਸ ਚੌਕੀ ਕੋਲ ਹੋਇਆ ਧਮਾਕਾ ਵੀ ਇਨ੍ਹਾਂ ਵੱਲੋਂ ਕੀਤਾ ਗਿਆ ਸੀ। ਇਨ੍ਹਾਂ ਨੇ ਪੈਕੇਟ ਵਿੱਚ ਬੰਦ ਕੋਈ ਵਿਸਫੋਟਕ ਸਮੱਗਰੀ ਸੁੱਟੀ ਸੀ, ਜਿਸ ਨਾਲ ਧਮਾਕਾ ਹੋਇਆ। ਉਨ੍ਹਾ ਦੱਸਿਆ ਕਿ ਬੂਟਾ ਸਿੰਘ ਦਾ ਭਰਾ ਦੁਬਈ ਵਿੱਚ ਰਹਿੰਦਾ ਸੀ ਅਤੇ ਉਸ ਦੇ ਸੰਬੰਧ ਵਿਦੇਸ਼ ਬੈਠੇ ਅੱਤਵਾਦੀਆਂ ਅਤੇ ਗੈਂਗਸਟਰਾਂ ਨਾਲ ਸਨ। ਉਹ ਅੱਗੇ ਉਸ ਦੇ ਸੰਪਰਕ ਵਿੱਚ ਆਏ ਅਤੇ ਪੈਸੇ ਲੈ ਕੇ ਕੰਮ ਕਰ ਰਹੇ ਸਨ।