ਬੇਂਗਲੁਰੂ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਕਿਹਾ ਕਿ ਸੁਰੱਖਿਆ ਦੀ ਕਮਜ਼ੋਰ ਸਥਿਤੀ ਵਿੱਚ ਸ਼ਾਂਤੀ ਕਦੇ ਵੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਅਤੇ ਮਜ਼ਬੂਤ ਹੋ ਕੇ ਹੀ ਬਿਹਤਰ ਆਲਮੀ ਵਿਵਸਥਾ ਲਈ ਕੰਮ ਕੀਤਾ ਜਾ ਸਕਦਾ ਹੈ। ਉਹ ਇਥੇ ਯੇਲਹੰਕਾ ਏਅਰ ਫੋਰਸ ਸਟੇਸ਼ਨ ’ਤੇ ਏਸ਼ੀਆ ਦੀ ਸਭ ਤੋਂ ਵੱਡੀ ਏਅਰੋ ਸਪੇਸ ਅਤੇ ਰੱਖਿਆ ਪ੍ਰਦਰਸ਼ਨੀ ਮੰਨੀ ਜਾਂਦੀ ਏਅਰੋ ਇੰਡੀਆ ਦੇ 15ਵੇਂ ਐਡੀਸ਼ਨ ਦਾ ਉਦਘਾਟਨ ਕਰਨ ਮਗਰੋਂ ਬੋਲ ਰਹੇ ਸਨ। ਉਨ੍ਹਾ ਇਸ ਸ਼ੋਅ ਨੂੰ ਦੇਸ਼ ਦੀ ਤਾਕਤ ਦਾ ਮਹਾਂਕੁੰਭ ਕਰਾਰ ਦਿੱਤਾ।
ਉਨ੍ਹਾ ਕਿਹਾ ਕਿ ਵੱਡਾ ਮੁਲਕ ਹੋਣ ਦੇ ਨਾਤੇ ਭਾਰਤ ਨੇ ਹਮੇਸ਼ਾ ਸ਼ਾਂਤੀ ਤੇ ਸਥਿਰਤਾ ਦੀ ਵਕਾਲਤ ਕੀਤੀ ਹੈ। ਉਨ੍ਹਾ ਕਿਹਾਅਸੀਂ ਭਾਰਤੀ ਸੁਰੱਖਿਆ ਜਾਂ ਸ਼ਾਂਤੀ ਨੂੰ ਇਕੱਲਤਾ ਵਿੱਚ ਨਹੀਂ ਦੇਖਦੇ। ਸੁਰੱਖਿਆ, ਸਥਿਰਤਾ ਅਤੇ ਸ਼ਾਂਤੀ ਸਾਂਝੇ ਉੱਦਮ ਹਨ, ਜੋ ਕੌਮੀ ਸਰਹੱਦਾਂ ਤੋਂ ਪਾਰ ਹੁੰਦੇ ਹਨ। ਏਅਰੋ ਇੰਡੀਆ ਵਿੱਚ ਹੋਰਨਾਂ ਮੁਲਕਾਂ ਦੇ ਸਾਡੇ ਦੋਸਤਾਂ ਦੀ ਮੌਜੂਦਗੀ ਇਸ ਤੱਥ ਦਾ ਪ੍ਰਮਾਣ ਹੈ ਕਿ ਸਾਡੇ ਭਾਈਵਾਲ ਇਕ ਧਰਤੀ, ਇਕ ਪਰਵਾਰ, ਇਕ ਭਵਿੱਖ ਦੇ ਸਾਡੇ ਦਿ੍ਰਸ਼ਟੀਕੋਣ ਨੂੰ ਸਾਂਝਾ ਕਰਦੇ ਹਨ।




