ਪੰਜਾਬੀ ਸੱਭਿਆਚਾਰ ਦੇ ਚਿਤੇਰੇ ਜਰਨੈਲ ਸਿੰਘ ਆਰਟਿਸਟ ਨਹੀਂ ਰਹੇ

0
45

ਚੰਡੀਗੜ੍ਹ : ਪੰਜਾਬੀ ਸੱਭਿਆਚਾਰ ਤੇ ਇਤਿਹਾਸ ਦੇ ਚਿਤੇਰੇ ਅਤੇ ਦੇਸ਼-ਦੁਨੀਆ ਵਿੱਚ ਪੰਜਾਬੀ ਚਿੱਤਰਕਾਰੀ ਦੇ ਆਲੰਬਰਦਾਰ ਜਰਨੈਲ ਸਿੰਘ ਆਰਟਿਸਟ ਸਦੀਵੀ ਵਿਛੋੜਾ ਦੇ ਗਏ। ਉਹ ਚੰਡੀਗੜ੍ਹ ’ਚ ਜ਼ੇਰੇ-ਇਲਾਜ ਸਨ। ਪ੍ਰਗਤੀਸ਼ੀਲ ਲੇਖਕ ਸੰਘ ਨੇ ਕਿਹਾ ਹੈ ਕਿ ਉਹਨਾ ਦਾ ਅਚਾਨਕ ਤੁਰ ਜਾਣਾ ਪੰਜਾਬੀ ਕਲਾ, ਸੱਭਿਆਚਾਰ ਅਤੇ ਸਾਹਿਤ ਦੇ ਖੇਤਰ ਲਈ ਵੱਡਾ ਘਾਟਾ ਹੈ। ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਪੰਜਾਬ ਇਕਾਈ ਦੇ ਪ੍ਰਧਾਨ ਸੁਰਜੀਤ ਜੱਜ, ਪੰਜਾਬ ਇਕਾਈ ਦੇ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ, ਨਾਟਕਕਾਰ ਸਵਰਾਜਬੀਰ ਅਤੇ ਪੰਜਾਬੀ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਸਾਂਝੇ ਸ਼ੋਕ ਸੰਦੇਸ਼ ਵਿੱਚ ਕਿਹਾ ਕਿ ਉਹਨਾ ਆਪਣੇ ਪਿਤਾ ਅਤੇ ਪ੍ਰਸਿੱਧ ਚਿੱਤਰਕਾਰ ਕਿਰਪਾਲ ਸਿੰਘ ਦੀ ਕਲਾ ਦੀ ਵਿਰਾਸਤ ਨੂੰ ਅੱਗੇ ਤੋਰਿਆ, ਸਗੋਂ ਉਸ ਵਿੱਚ ਵਾਧਾ ਕਰਦਿਆਂ ਪੰਜਾਬ ਦੀ ਚਿੱਤਰਕਾਰੀ ਦੇ ਇਤਿਹਾਸ ਨੂੰ ਸਾਂਭਿਆ ਅਤੇ ਕਿਤਾਬੀ ਰੂਪ ਵਿੱਚ ਪ੍ਰਕਾਸ਼ਤ ਕਰਵਾ ਕੇ ਕਲਾ ਅਤੇ ਅਦਬੀ ਜਗਤ ਨੂੰ ਅਮੀਰ ਕੀਤਾ। ਕਾਫੀ ਲੰਮੇ ਸਮੇਂ ਤੋਂ ਕੈਨੇਡਾ ਵਿੱਚ ਵਸਦੇ ਜਰਨੈਲ ਦਾ ਜਨਮ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ। ਉਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੜ੍ਹਾਈ ਕੀਤੀ ਅਤੇ ਪਿਤਾ ਕਿਰਪਾਲ ਸਿੰਘ ਤੋਂ ਚਿੱਤਰਕਾਰੀ ਦੀ ਕਲਾ ਦੇ ਗੁਰ ਸਿੱਖਦਿਆਂ ਕਲਾ ਦੇ ਖੇਤਰ ਵਿਚ ਬੁਲੰਦੀਆਂ ਨੂੰ ਛੋਹਿਆ। ਉਸ ਨੂੰ ਪੰਜਾਬ ਲਲਿਤ ਕਲਾ ਅਕਾਦਮੀ ਐਵਾਰਡ ਦੇ ਨਾਲ-ਨਾਲ ਇੰਟਰਨੈਸ਼ਨਲ ਚੈਂਬਰ ਆਫ ਕਾਮਰਸ ਟੋਰਾਂਟੋ ਵੱਲੋਂ ਅਚੀਵਰ ਅਵਾਰਡ (2001), ਕੈਨੇਡੀਅਨ ਇੰਸਸਟੀਚਿਊਟ ਆਫ ਪੋਰਟਰੇਟ ਆਰਟਿਸਟਸ ਵੱਲੋਂ ਡੇਨੀਅਲ ਪੀ ਇਜ਼ਰਡ ਮੈਡਲ, ਲਾਈਫ ਟਾਈਮ ਅਚੀਵਮੈਂਟ ਐਵਾਰਡ ਹਾਸਿਲ ਕੀਤੇ ਅਤੇ ਬਹੁਤ ਸਾਰੀਆਂ ਅੰਤਰਰਾਸ਼ਟਰੀ ਪ੍ਰਦਰਸ਼ਨੀਆਂ ਵਿੱਚ ਆਪਣੇ ਚਿੱਤਰਾਂ ਦੀ ਨੁਮਾਇਸ਼ ਲਗਾਈ।
ਚਿੱਤਰਕਾਰੀ ਦੇ ਨਾਲ-ਨਾਲ ਉਹਨਾ ਇੱਕ ਲੇਖਕ ਦੇ ਰੂਪ ਵਿੱਚ ਪਹਿਲੀ ਕਿਤਾਬ ‘ਪੰਜਾਬੀ ਚਿੱਤਰਕਾਰ’ ਲਿਖੀ ਅਤੇ 2014 ਵਿੱਚ ਕਾਮਾਗਾਟਾਮਾਰੂ ਦੇ ਦੁਖਾਂਤ ਬਾਰੇ ਅਜਮੇਰ ਰੋਡੇ ਨਾਲ ਸਾਂਝੀ ਪੁਸਤਕ ‘ਏ ਜਰਨੀ ਵਿਦ ਦੀ ਐਂਡਲੈੱਸ ਆਈ: ਸਟੋਰੀਜ਼ ਆਫ ਕਾਮਾਗਾਟਾਮਾਰੂ ਇਨਸੀਡੈਂਟ’ ਦੀ ਸਿਰਜਣਾ ਕੀਤੀ।
ਉਹ ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਦੀਆਂ ਸਾਹਿਤਕ, ਸੱਭਿਆਚਾਰਕ ਤੇ ਕਲਾਤਮਕ ਸੇਵਾਵਾਂ ਨਾਲ ਲਗਾਤਾਰ ਜੁੜੇ ਰਹੇ। ਇਹਨੀਂ ਦਿਨੀਂ ਭਾਰਤ ਵਿੱਚ ਆਏ ਹੋਏ ਸਨ ਅਤੇ ਲਿਵਰ ਦੀ ਭਿਆਨਕ ਬਿਮਾਰੀ ਕਾਰਨ ਉਹਨਾ ਦਾ ਦੇਹਾਂਤ ਹੋਇਆ।
ਉਹਨਾ ਦੀ ਮੌਤ ’ਤੇ ਡਾ. ਹਰਵਿੰਦਰ ਸਿਰਸਾ, ਗੁਲਜ਼ਾਰ ਪੰਧੇਰ, ਡਾ. ਪਾਲ ਕੌਰ, ਕਰਨੈਲ ਸਿੰਘ ਵਜ਼ੀਰਾਬਾਦ, ਡਾ. ਅਨੂਪ ਸਿੰਘ, ਬਲਦੇਵ ਸਿੰਘ ਬੱਲੀ, ਅਰਵਿੰਦਰ ਕੌਰ ਕਾਕੜਾ, ਜਸਪਾਲ ਮਾਨਖੇੜਾ, ਤਰਸੇਮ, ਸੰਤੋਖ ਸੁੱਖੀ ਤੇ ਸਤਪਾਲ ਭੀਖੀ ਨੇ ਗਹਿਰੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।