ਮਾਨਸਾ (ਆਤਮਾ ਸਿੰਘ ਪਮਾਰ/ਰੀਤਵਾਲ)
ਸਿੱਧੂ ਮੂਸੇਵਾਲਾ ਦੇ ਨਜ਼ਦੀਕੀ ਟਰਾਂਸਪੋਰਟਰ ਪ੍ਰਗਟ ਸਿੰਘ ਦੇ ਘਰ ਗੋਲੀਆਂ ਚਲਾ ਕੇ 30 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਫਿਰੋਜ਼ਪੁਰ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟ ’ਤੇ ਲਿਆਂਦੇ ਜਸਦੇਵ ਸਿੰਘ ਜੱਸੀ ਪੈਂਚਰ ਵਾਸੀ ਮਾਨਸਾ ਨੂੰ ਨਾਲ ਲੈ ਕੇ ਪਿੰਡ ਭੈਣੀ ਬਾਘਾ ਲਾਗੇ ਲੁਕੋ ਕੇ ਰੱਖੇ ਗਏ ਹਥਿਆਰਾਂ ਦੀ ਬਰਾਮਦਗੀ ਲਈ ਗਈ ਪੁਲਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ ਗਈ। ਜਵਾਬ ਵਿੱਚ ਜਦੋਂ ਪੁਲਸ ਨੇ ਫਾਇਰਿੰਗ ਕੀਤੀ ਤਾਂ ਪੈਂਚਰ ਦੇ ਪੈਰ ਵਿੱਚ ਗੋਲੀ ਲੱਗ ਗਈ, ਜਿਸ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਭਰਤੀ ਕਰਵਾਇਆ ਗਿਆ। ਇਸ ਤੋਂ ਪਹਿਲਾਂ ਪੁਲਸ ਨੇ ਕਮਲ ਮੱਦੀ ਅਤੇ ਪ੍ਰਭਜੋਤ ਸਿੰਘ ਉਰਫ ਖਾਧਾ ਨੂੰ ਇਸ ਮਾਮਲੇ ’ਚ ਗਿ੍ਰਫਤਾਰ ਕੀਤਾ ਸੀ। ਬੀਤੀ 2 ਫਰਵਰੀ ਦੀ ਰਾਤ ਪ੍ਰਗਟ ਸਿੰਘ ਦੇ ਘਰ ’ਤੇ ਮੋਟਰਸਾਇਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਸਨ। ਬਾਅਦ ’ਚ ਉਸ ਦੇ ਵਾਟਸਐਪ ਨੰਬਰ ’ਤੇ ਮੈਸੇਜ ਭੇਜ ਕੇ 30 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਪ੍ਰਗਟ ਸਿੰਘ ਦੇ ਭਰਾ ਬਲਜਿੰਦਰ ਸਿੰਘ ਦੇ ਬਿਆਨਾਂ ’ਤੇ 3 ਫਰਵਰੀ ਨੂੰ ਥਾਣਾ ਸਿਟੀ 2 ਦੀ ਪੁਲਸ ਨੇ ਆਰਮਜ਼ ਐਕਟ ਤਹਿਤ ਅਣਪਛਾਤੇ ਵਿਅਕਤੀਆਂ ’ਤੇ ਮਾਮਲਾ ਦਰਜ ਕਰ ਲਿਆ ਸੀ। ਇਸ ਮਾਮਲੇ ਦੀ ਜਾਂਚ ਲਈ ਮਾਨਸਾ ਪੁਲਸ ਵੱਲੋਂ ਇੱਕ ਟੀਮ ਗਠਿਤ ਕੀਤੀ ਗਈ ਸੀ, ਜਿਸ ਦੀ ਪੜਤਾਲ ਦੌਰਾਨ ਕਮਲ ਮੱਦੀ, ਪ੍ਰਭਜੋਤ ਸਿੰਘ ਉਰਫ ਖਾਧਾ ਵਾਸੀਅਨ ਮਾਨਸਾ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਇਕਲ ਵੀ ਬਰਾਮਦ ਕਰ ਲਿਆ ਗਿਆ ਸੀ। 7 ਫਰਵਰੀ ਨੂੰ ਮਾਨਸਾ ਪੁਲਸ ਨੇ ਪੈਂਚਰ ਨੂੰ ਲਿਆ ਕੇ ਕੋਰਟ ਤੋਂ ਉਸ ਦਾ ਪੁਲਸ ਰਿਮਾਂਡ ਲਿਆ। ਇਸ ਮਾਮਲੇ ਵਿੱਚ 8 ਫਰਵਰੀ ਨੂੰ ਮਾਨਸਾ ਪੁਲਸ ਨੇ ਹਿਮਾਚਲ ਪ੍ਰਦੇਸ਼ ਦੇ ਡਲਹੌਜੀ ਤੋਂ ਸੁਖਬੀਰ ਸਿੰਘ ਉਰਫ ਸੰਨੀ ਮਾਨ, ਨੂਰਪ੍ਰੀਤ ਸਿੰਘ ਵਾਸੀ ਤਲਵੰਡੀ ਸਾਬੋ, ਜਸਪ੍ਰੀਤ ਸਿੰਘ ਉਰਫ ਜੱਸੀ ਵਾਸੀ ਔਤਾਂਵਾਲੀ, ਸ਼ੂਟਰ ਅੰਮਿ੍ਰਤਪਾਲ ਸਿੰਘ ਉਰਫ ਫੌਜੀ ਵਾਸੀ ਦਮੋਦਰ ਜ਼ਿਲ੍ਹਾ ਗੁਰਦਾਸਪੁਰ ਨੂੰ ਸਕੌਡਾ ਸਮੇਤ ਇਨ੍ਹਾਂ ਵਿਅਕਤੀਆਂ ਦਾ ਪੁਲਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ। ਮਾਮਲੇ ਵਿੱਚ ਸਾਹਮਣੇ ਆਇਆ ਕਿ ਕੈਨੇਡਾ ਵਿੱਚ ਬੈਠੇ ਰੁਪਿੰਦਰ ਸਿੰਘ ਵਾਸੀ ਲਖਮੀਵਾਲਾ ਹਾਲ ਅਬਾਦ ਕੈਨੇਡਾ, ਮਾਨਸਾ ਵਾਸੀ ਜਸ਼ਨਦੀਪ ਸ਼ਰਮਾ ਵਾਸੀ ਮਾਨਸਾ ਹਾਲ ਅਬਾਦ ਇੰਗਲੈਂਡ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਪਤਾ ਲੱਗਾ ਹੈ ਕਿ ਅੰਮਿ੍ਰਤਪਾਲ ਸਿੰਘ ਨੇ ਇਸ ਘਟਨਾ ਨੂੰ ਅੰਜ਼ਾਮ ਦੇਣ ਲਈ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਮੰਗਵਾਏ ਸਨ। ਇਨ੍ਹਾਂ ਹਥਿਆਰਾਂ ਨੂੰ ਭੈਣੀ ਬਾਘਾ ਵਿਖੇ ਲੁਕੋ ਕੇ ਰੱਖਿਆ ਗਿਆ ਹੈ। ਸੋਮਵਾਰ ਨੂੰ ਜਦੋਂ ਪੁਲਸ ਪਾਰਟੀ ਜੱਸੀ ਪੈਂਚਰ ਨੂੰ ਖੇਤਾਂ ਵਿੱਚ ਲੁਕੋਏ ਹਥਿਆਰਾਂ ਨੂੰ ਬਰਾਮਦ ਕਰਵਾਉਣ ਗਈ ਤਾਂ ਉਥੇ ਪਹਿਲਾਂ ਹੀ ਲੋਡ ਕਰਕੇ ਰੱਖੇ ਪਿਸਟਲ ਨਾਲ ਜੱਸੀ ਪੈਂਚਰ ਨੇ ਪੁਲਸ ’ਤੇ ਹਮਲਾ ਕਰ ਦਿੱਤਾ। ਐੱਸ ਐੱਸ ਪੀ ਮਾਨਸਾ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਹਮਲੇ ਦੇ ਜਵਾਬ ਵਿੱਚ ਜਦੋਂ ਪੁਲਸ ਨੇ ਗੋਲੀਆਂ ਚਲਾਈਆਂ ਤਾਂ ਇੱਕ ਗੋਲੀ ਜੱਸੀ ਪੈਂਚਰ ਦੇ ਪੈਰਾਂ ’ਚ ਲੱਗੀ। ਉਨ੍ਹਾ ਦੱਸਿਆ ਕਿ ਪੁਲਸ ਨੇ ਪੈਂਚਰ ਤੋਂ ਇੱਕ ਪਿਸਟਲ 30 ਬੋਰ ਅਤੇ ਇੱਕ ਪਿਸਟਲ 32 ਬੋਰ ਅਤੇ ਕੁਝ ਕਾਰਤੂਸ ਵੀ ਬਰਾਮਦ ਕੀਤੇ ਹਨ। ਜੱਸੀ ਪੈਂਚਰ ਨੂੰ ਇਲਾਜ ਲਈ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।





