ਸੀ ਪੀ ਆਈ ਨੇ ਛੱਤੀਸਗੜ੍ਹ ਦੇ ਮੁਕਾਬਲਿਆਂ ’ਤੇ ਸਵਾਲ ਉਠਾਇਆ

0
117

ਨਵੀਂ ਦਿੱਲੀ : ਸੀ ਪੀ ਆਈ ਨੇ ਕਿਹਾ ਹੈ ਕਿ ਮਾਓਵਾਦੀਆਂ ਨਾਲ ਲੜਾਈ ਦੇ ਨਾਂਅ ’ਤੇ ਛੱਤੀਸਗੜ੍ਹ ਵਿੱਚ ਹਾਲ ਹੀ ’ਚ ਮੁਕਾਬਲੇ ਵਿੱਚ ਕਿਲਿੰਗ ਨੇ ਗੰਭੀਰ ਚਿੰਤਾ ਪੈਦਾ ਕਰ ਦਿੱਤੀ ਹੈ। ਪਾਰਟੀ ਨੇ ਕਿਹਾ ਹੈ ਕਿ ਹਾਲਾਂਕਿ ਉਸ ਦੇ ਮਾਓਵਾਦੀ ਅੱਤਵਾਦੀਆਂ ਨਾਲ ਵਿਚਾਰਧਾਰਕ ਮਤਭੇਦ ਹਨ, ਪਰ ਸਰਕਾਰ ਦੀ ਸਮੂਹਕ ਕਿਲਿੰਗ ਵਾਲੀ ਪਹੁੰਚ ਗੱਲਬਾਤ ਤੇ ਸਿਆਸੀ ਹੱਲ ਲਈ ਕੋਈ ਥਾਂ ਨਹੀਂ ਛੱਡਦੀ। ਸਥਾਨਕ ਲੋਕਾਂ ਨੇ ਸ਼ੰਕੇ ਜ਼ਾਹਰ ਕੀਤੇ ਹਨ ਕਿ ਮਾਓਵਾਦੀਆਂ ਨੂੰ ਖਤਮ ਕਰਨ ਦੀ ਓਟ ਵਿੱਚ ਬੇਗੁਨਾਹ ਕਬਾਇਲੀਆਂ ਨੂੰ ਗਲਤ ਨਿਸ਼ਾਨਾ ਬਣਾਇਆ ਗਿਆ ਹੈ। ਇਸ ਨਾਲ ਬੇਭਰੋਸਗੀ ਹੀ ਵਧੇਗੀ। ਪਾਰਟੀ ਦੇ ਕੌਮੀ ਸਕੱਤਰੇਤ ਨੇ ਕਿਹਾ ਕਿ ਖਿਤੇ ਦੇ ਵਿਸ਼ਾਲ ਕੁਦਰਤੀ, ਜੰਗਲੀ ਤੇ ਖਣਿਜ ਵਸੀਲੇ ਕਾਰਪੋਰੇਟ ਘਰਾਣਿਆਂ ਹਵਾਲੇ ਕੀਤੇ ਜਾ ਰਹੇ ਹਨ। ਇਸ ਨਾਲ ਹਜ਼ਾਰਾਂ ਕਬਾਇਲੀ ਉੱਜੜ ਰਹੇ ਹਨ ਜਾਂ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਕੀਤੇ ਜਾ ਰਹੇ ਹਨ। ਮਾਓਵਾਦ ਖਿਲਾਫ ਲੜਾਈ ਨੂੰ ਸਥਾਨਕ ਲੋਕਾਂ ਦੀ ਕੀਮਤ ’ਤੇ ਕੌਮੀ ਵਸੀਲਿਆਂ ਦੀ ਕਾਰਪੋਰੇਟੀ ਲੁਟਚੋਂਘ ਦਾ ਓਹਲਾ ਨਹੀਂ ਬਣਾਇਆ ਜਾਣਾ ਚਾਹੀਦਾ। ਪਾਰਟੀ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਕਥਿਤ ਮੁਕਾਬਲਿਆਂ ਦੀ ਨਿਰਪੱਖ ਤੇ ਅਜ਼ਾਦਾਨਾ ਜਾਂਚ ਹੋਣੀ ਚਾਹੀਦੀ ਹੈ ਤੇ ਇਨ੍ਹਾਂ ਦੀ ਲੋੜ ਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ।
ਕੈਪਟਨ ਸਣੇ ਦੋ ਫੌਜੀ ਸ਼ਹੀਦ
ਜੰਮੂ : ਅਖਨੂਰ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਨਾਲ ਹੋਏ ਬਾਰੂਦੀ ਸੁਰੰਗ ਧਮਾਕੇ ਵਿਚ ਕੈਪਟਨ ਸਣੇ ਦੋ ਫੌਜੀ ਸ਼ਹੀਦ ਹੋ ਗਏ, ਜਦੋਂਕਿ ਜ਼ਖਮੀ ਤੀਜੇ ਦੀ ਹਾਲਤ ਖਤਰੇ ਤੋਂ ਬਾਹਰ ਸੀ। ਫੌਜੀਆਂ ਦਾ ਦਸਤਾ ਗਸ਼ਤੀ ਡਿਊਟੀ ’ਤੇ ਸੀ, ਜਦੋਂ ਉਹ ਮੰਗਲਵਾਰ ਕਰੀਬ 3 ਵੱਜ ਕੇ 50 ਮਿੰਟ ’ਤੇ ਇਲਾਕੇ ਵਿੱਚ ਦਹਿਸ਼ਤਗਰਦਾਂ ਵੱਲੋਂ ਵਿਛਾਈ ਬਾਰੂਦੀ ਸੁਰੰਗ ਦੀ ਜ਼ੱਦ ਵਿਚ ਆ ਗਏ।