ਅਮਰੂਦ ਬਾਗ ਘੁਟਾਲੇ ’ਚ 12 ਕਰੋੜ ਮੁਆਵਜ਼ਾ ਲੈਣ ਵਾਲਾ ਭਗੌੜਾ ਮੁਲਜ਼ਮ ਕਾਬੂ

0
120

ਚੰਡੀਗੜ੍ਹ, (ਗੁਰਜੀਤ ਬਿੱਲਾ)
ਪੰਜਾਬ ਵਿਜੀਲੈਂਸ ਬਿਊਰੋ ਨੇ ਸਾਲ 2016-17 ਵਿੱਚ ਪਿੰਡ ਬਾਕਰਪੁਰ ਜਿਲ੍ਹਾ ਐੱਸ ਏ ਐੱਸ ਨਗਰ ਵਿੱਚ ਹੋਏ ‘ਅਮਰੂਦ ਬਾਗ ਘੁਟਾਲੇ’ ਦੇ ਸਹਿ-ਮੁਲਜ਼ਮ ਚੰਡੀਗੜ੍ਹ ਵਾਸੀ ਸੁਖਦੇਵ ਸਿੰਘ ਨੂੰ ਗਿ੍ਰਫ਼ਤਾਰ ਕੀਤਾ ਹੈ, ਜਿਸ ਨੇ ਸਰਕਾਰੀ ਮੁਲਾਜ਼ਮਾਂ ਅਤੇ ਹੋਰਨਾਂ ਨਾਲ ਮਿਲੀਭੁਗਤ ਕਰਕੇ ਧੋਖਾਧੜੀ ਰਾਹੀਂ ਆਪਣੇ ਅਤੇ ਆਪਣੀ ਪਤਨੀ ਦੇ ਖਾਤਿਆਂ ਵਿੱਚ ਲਗਭਗ 12 ਕਰੋੜ ਰੁਪਏ ਦਾ ਮੁਆਵਜ਼ਾ ਪ੍ਰਾਪਤ ਕੀਤਾ ਸੀ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸੁਖਦੇਵ ਸਿੰਘ ਨੇ ਧੋਖਾਧੜੀ, ਜਾਲ੍ਹਸਾਜ਼ੀ ਅਤੇ ਸਰਕਾਰੀ ਰਿਕਾਰਡ ਨਾਲ ਛੇੜਖਾਨੀ ਕਰਕੇ ਇਸ ਅਪਰਾਧਿਕ ਸਾਜ਼ਿਸ਼ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਦਾ ਨੁਕਸਾਨ ਪਹੁੰਚਿਆ ਅਤੇ ਮੁਲਜ਼ਮਾਂ ਨੇ ਰਿਸ਼ਵਤ ਰਾਹੀਂ ਗੈਰ-ਕਾਨੂੰਨੀ ਵਿੱਤੀ ਲਾਭ ਵੀ ਹਾਸਲ ਕੀਤਾ।
ਵਿਜੀਲੈਂਸ ਬਿਓਰੋ ਵੱਲੋਂ ਜਾਂਚ ਤੋਂ ਪਤਾ ਲੱਗਾ ਕਿ ਐੱਸ ਏ ਐੱਸ ਨਗਰ ਵਿੱਚ ਏਅਰੋਟ੍ਰੋਪੋਲਿਸ ਪ੍ਰੋਜੈਕਟ ਲਈ ਜ਼ਮੀਨ ਪ੍ਰਾਪਤੀ ਸੰਬੰਧੀ ਪ੍ਰਕਿਰਿਆ ਦੌਰਾਨ ਫਰਜੀ ਅਮਰੂਦਾਂ ਦੇ ਬਾਗ ਹੋਣ ਬਦਲੇ ਗੈਰ-ਕਾਨੂੰਨੀ ਵੱਧ ਮੁਆਵਜ਼ੇ ਦਾ ਦਾਅਵਾ ਕਰਨ ਦੇ ਇਰਾਦੇ ਨਾਲ ਮੁਲਜ਼ਮ ਸੁਖਦੇਵ ਸਿੰਘ ਨੇ ਪਿੰਡ ਬਾਕਰਪੁਰ ਵਿਖੇ 3 ਕਨਾਲ 16 ਮਰਲੇ ਜ਼ਮੀਨ ਖਰੀਦੀ ਸੀ। ਉਪਰੰਤ ਉਸ ਨੇ ਬਾਕਰਪੁਰ ਦੇ ਵਸਨੀਕ ਮੁੱਖ ਮੁਲਜ਼ਮ ਭੁਪਿੰਦਰ ਸਿੰਘ ਨਾਲ ਮਿਲ ਕੇ ਇਸ ਪਿੰਡ ਦੀ ਅਕਵਾਇਰ ਕੀਤੀ ਜਾਣ ਵਾਲੀ ਜ਼ਮੀਨ ’ਤੇ ਅਮਰੂਦ ਦੇ ਬਾਗ ਪੁਰਾਣੇ ਮੌਜੂਦ ਹੋਣ ਨੂੰ ਸਾਬਤ ਕਰਨ ਦੀ ਸਾਜ਼ਿਸ਼ ਰਚੀ। ਉਸ ਨੇ ਧੋਖਾਧੜੀ ਨਾਲ ਬੂਟਿਆਂ ਦਾ ਮੁਲਾਂਕਣ ਕਰਨ ਮੌਕੇ ਤਿੰਨ ਸਾਲ ਤੋਂ ਪੁਰਾਣੇ ਹੋਣ ਅਤੇ ਉਹਨਾਂ ਬੂਟਿਆਂ ਨੂੰ ਫ਼ਲ ਦੇਣ ਵਾਲੇ ਰੁੱਖਾਂ ਦੀ ਸ਼੍ਰੇਣੀ ਅਧੀਨ ਮੁਆਵਜ਼ੇ ਲਈ ਯੋਗ ਦਰਸਾਉਣ ਵਾਸਤੇ ਸੰਬੰੰਧਤ ਬਾਗਬਾਨੀ ਵਿਕਾਸ ਅਧਿਕਾਰੀ ਨਾਲ ਮਿਲੀਭੁਗਤ ਵੀ ਕੀਤੀ।
ਇਸ ਧੋਖਾਧੜੀ ਵਾਲੀ ਯੋਜਨਾ ਬਾਰੇ ਵਿਸਥਾਰ ਵਿੱਚ ਦੱਸਦਿਆਂ ਬੁਲਾਰੇ ਨੇ ਦੱਸਿਆ ਕਿ ਸੁਖਦੇਵ ਸਿੰਘ ਅਤੇ ਭੁਪਿੰਦਰ ਸਿੰਘ ਦਰਮਿਆਨ ਇੱਕ ਸਮਝੌਤਾ ਸੀ, ਜਿਸ ਤਹਿਤ ਸੁਖਦੇਵ ਸਿੰਘ ਮੁਲਾਜ਼ਮਾਂ ਨੂੰ ਰਿਸ਼ਵਤ ਦੇਣ ਸਹਿਤ ਸਾਰੇ ਖਰਚੇ ਸਹਿਣ ਕਰੇਗਾ, ਜਦੋਂ ਕਿ ਭੁਪਿੰਦਰ ਸਿੰਘ ਰਿਸ਼ਵਤ ਅਤੇ ਆਪਣੇ ਰੁਤਬੇ ਜ਼ਰੀਏ ਭੂਮੀ ਪ੍ਰਾਪਤੀ ਕੁਲੈਕਟਰ (ਐੱਲ ਏ ਸੀ) ਗ੍ਰੇਟਰ ਮੋਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ (ਗਮਾਡਾ) ਤੋਂ ਧੋਖਾਧੜੀ ਨਾਲ ਪ੍ਰਾਪਤ ਮੁਆਵਜ਼ੇ ਦੀ ਰਕਮ ਦਾ ਦੋ-ਤਿਹਾਈ ਹਿੱਸਾ ਆਪਣੇ ਕੋਲ ਰੱਖੇਗਾ।
ਉਹਨਾਂ ਦੱਸਿਆ ਕਿ ਪਿੰਡ ਬਾਕਰਪੁਰ ਦੇ ਅਸਲ ਖਸਰਾ ਗਿਰਦਾਵਰੀ ਮਾਲ ਰਜਿਸਟਰ (20162021) ਨੂੰ ਨਸ਼ਟ ਕਰ ਦਿੱਤਾ ਗਿਆ, ਤਾਂ ਜੋ ਇਸ ਧੋਖਾਧੜੀ ਦਾ ਪਤਾ ਨਾ ਲਗਾਇਆ ਜਾ ਸਕੇ ਅਤੇ 2019 ਵਿੱਚ ਇੱਕ ਨਵਾਂ ਜਾਲ੍ਹੀ ਖਸਰਾ ਗਿਰਦਾਵਰੀ ਰਜਿਸਟਰ ਤਿਆਰ ਕੀਤਾ ਗਿਆ। ਭੁਪਿੰਦਰ ਸਿੰਘ ਮਾਲ ਪਟਵਾਰੀ ਬਚਿੱਤਰ ਸਿੰਘ ਨਾਲ ਮਿਲ ਕੇ ਪੱਕੇ ਅਮਰੂਦਾਂ ਦੇ ਬਾਗ ਮੌਜੂਦ ਹੋਣ ਨੂੰ ਸਹੀ ਦਰਸਾਉਣ ਲਈ ਜ਼ਮੀਨੀ ਰਿਕਾਰਡ ਵਿੱਚ ਹੇਰਾਫੇਰੀ ਕਰਨ ਵਿੱਚ ਕਾਮਯਾਬ ਰਿਹਾ। ਇਸ ਤੋਂ ਬਾਅਦ ਸੁਖਦੇਵ ਸਿੰਘ ਅਤੇ ਉਸ ਦੀ ਪਤਨੀ ਹਰਬਿੰਦਰ ਕੌਰ ਨੇ ਧੋਖਾਧੜੀ ਨਾਲ ਗਮਾਡਾ ਤੋਂ ਕ੍ਰਮਵਾਰ 2,40,96,442 ਰੁਪਏ ਅਤੇ 9,57,86,642 ਰੁਪਏ ਪ੍ਰਾਪਤ ਕੀਤੇ।ਬੁਲਾਰੇ ਨੇ ਦੱਸਿਆ ਕਿ ਗੈਰ-ਕਾਨੂੰਨੀ ਢੰਗ ਨਾਲ ਪ੍ਰਾਪਤ ਮੁਆਵਜ਼ੇ ਵਿੱਚੋਂ ਭੁਪਿੰਦਰ ਸਿੰਘ ਦੇ ਹਿੱਸੇ ਨੂੰ ਤਬਦੀਲ ਕਰਨ ਵਾਸਤੇ ਸੁਖਦੇਵ ਸਿੰਘ ਨੇ ਸਾਲ 2022 ਵਿੱਚ ਪਿੰਡ ਚੱਪੜਚਿੜੀ ਜਿਲ੍ਹਾ ਮੋਹਾਲੀ ਵਿਖੇ ਲਗਭਗ 6 ਵਿੱਘੇ ਜ਼ਮੀਨ ਭੁਪਿੰਦਰ ਸਿੰਘ ਨੂੰ ਘੱਟ ਮੁੱਲ ’ਤੇ ਵੇਚ ਦਿੱਤੀ। ਇਸੇ ਤਰ੍ਹਾਂ ਪਿੰਡ ਕੈਲੋਂ, ਮੋਹਾਲੀ ਵਿੱਚ ਉਸ ਦੀ ਪਤਨੀ ਹਰਬਿੰਦਰ ਕੌਰ ਦੀ ਮਲਕੀਅਤ ਵਾਲੀ 32 ਕਨਾਲ ਜ਼ਮੀਨ ਵੀ ਘੱਟ ਮੁੱਲ ’ਤੇ ਭੁਪਿੰਦਰ ਸਿੰਘ ਨੂੰ ਵੇਚ ਦਿੱਤੀ ਗਈ।
ਬੁਲਾਰੇ ਨੇ ਦੱਸਿਆ ਕਿ ਵਾਰ-ਵਾਰ ਸੰਮਨ ਜਾਰੀ ਕਰਨ ਦੇ ਬਾਵਜੂਦ ਸੁਖਦੇਵ ਸਿੰਘ ਕਾਨੂੰਨੀ ਕਾਰਵਾਈਆਂ ਤੋਂ ਬਚ ਰਿਹਾ ਸੀ ਅਤੇ ਜਾਂਚ ਦੌਰਾਨ ਸਹਿਯੋਗ ਨਹੀਂ ਕਰ ਰਿਹਾ ਸੀ। ਹੋਰ ਲਾਭ ਪ੍ਰਾਪਤ ਕਰਨ ਵਾਲੇ ਸਹਿ-ਮੁਲਜ਼ਮਾਂ ਵਾਂਗ ਉਸ ਨੇ ਧੋਖਾਧੜੀ ਨਾਲ ਪ੍ਰਾਪਤ ਕੀਤੀ ਮੁਆਵਜ਼ਾ ਰਕਮ ਸਵੈ-ਇੱਛਾ ਨਾਲ ਖਜ਼ਾਨੇ ਵਿੱਚ ਜਮ੍ਹਾਂ ਨਹੀਂ ਕਰਵਾਈ ਅਤੇ ਅਦਾਲਤ ਤੋਂ ਅਗਾਊਂ ਜ਼ਮਾਨਤ ਵੀ ਨਹੀਂ ਸੀ ਲਈ।
ਲਾਭ ਪ੍ਰਾਪਤ ਕਰਨ ਵਾਲੇ ਸਹਿ-ਮੁਲਜ਼ਮਾਂ ਵੱਲੋਂ ਹੁਣ ਤੱਕ 86 ਕਰੋੜ ਰੁਪਏ ਜਮ੍ਹਾਂ ਕਰਵਾਏ ਜਾ ਚੁੱਕੇ ਹਨ ਅਤੇ 12 ਕਰੋੜ ਰੁਪਏ ਦੀ ਇਸ ਮੁਲਜਮ ਤੋਂ ਕੀਤੀ ਜਾਣ ਵਾਲੀ ਰਿਕਵਰੀ ਨਾਲ ਵਾਪਸ ਹੋਣ ਵਾਲੀ ਮੁਆਵਜ਼ੇ ਦੀ ਕੁੱਲ ਰਕਮ 100 ਕਰੋੜ ਰੁਪਏ ਹੋ ਜਾਵੇਗੀ। ਇਸ ਕੇਸ ਵਿੱਚ ਹੁਣ ਤੱਕ ਕੁੱਲ 7 ਸਰਕਾਰੀ ਮੁਲਾਜ਼ਮ ਅਤੇ 16 ਆਮ ਵਿਅਕਤੀ ਗਿ੍ਰਫਤਾਰ ਕੀਤੇ ਜਾ ਚੁੱਕੇ ਹਨ ਅਤੇ ਇਸ ਸੰਬੰਧੀ ਅਗਲੇਰੀ ਜਾਂਚ ਜਾਰੀ ਹੈ।