ਨਰੇਗਾ ਤੇ ਖੇਤੀ ਲਈ ਬਜਟ ’ਚ ਕੋਈ ਵਾਧਾ ਨਹੀਂ ਕੀਤਾ : ਮਾੜੀਮੇਘਾ

0
43

ਭਿੱਖੀਵਿੰਡ : ਸੀ ਪੀ ਆਈ ਬਲਾਕ ਭਿੱਖੀਵਿੰਡ ਦੀ ਮੀਟਿੰਗ ਟਹਿਲ ਸਿੰਘ ਲੱਧੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਜਟ ਵਿੱਚ ਨਰੇਗਾ ਦੇ ਕੰਮ, ਕਿਸਾਨੀ ਕਾਰਜ ਅਤੇ ਆਮ ਜਨਤਾ ਦੇ ਜੀਵਨ ਨੂੰ ਚੰਗੇਰਾ ਬਣਾਉਣ ਵਾਸਤੇ ਬਜਟ ਵਿੱਚ ਕੋਈ ਵੀ ਵਾਧਾ ਨਹੀਂ ਕੀਤਾ ਗਿਆ। ਨਰੇਗਾ ਉਹ ਕਾਰਜ ਹੈ, ਜਿਸ ਵਿੱਚ ਪਿੰਡ ਵਿੱਚ ਵਸਦਾ ਕੋਈ ਵੀ ਕਿਸਾਨ, ਦੁਕਾਨਦਾਰ ਅਤੇ ਮਜ਼ਦੂਰ ਭਾਵੇਂ ਉਹ ਮਰਦ ਹੈ ਜਾਂ ਔਰਤ, ਸਰਕਾਰੀ ਤੌਰ ’ਤੇ ਕੰਮ ਕਰ ਸਕਦਾ ਹੈ। ਮਾੜੀਮੇਘਾ ਨੇ ਕਿਹਾ ਸੀ ਪੀ ਆਈ ਨੇ ਪਾਰਲੀਮੈਂਟ ਦੀ ਚੋਣ ਸਮੇਂ ਇਹ ਮੁੱਦਾ ਉਠਾਇਆ ਸੀ ਕਿ ਨਰੇਗਾ ਦੇ ਕੰਮ ਦੀ ਦਿਹਾੜੀ ਪ੍ਰਤੀ ਦਿਨ 1000 ਰੁਪਏ ਅਤੇ ਸਾਲ ਵਿੱਚ ਕੰਮ ਘੱਟੋ-ਘੱਟ 200 ਦਿਨ ਹੋਣਾ ਚਾਹੀਦਾ ਹੈ। ਸਾਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਭਿੱਖੀਵਿੰਡ ਬਲਾਕ ਦੇ ਨਰੇਗਾ ਅਫਸਰ ਅਤੇ ਮੁਲਾਜ਼ਮ ਕੰਮ ਦੇਣ ਵਿੱਚ ਪੰਜਾਬ ਭਰ ਦੇ ਬਾਕੀ ਬਲਾਕਾਂ ਨਾਲੋਂ ਅੱਗੇ ਹਨ ਤੇ ਆਸ ਹੈ ਕਿ ਅਗਲਾ ਕੰਮਕਾਜੀ ਸਾਲ, ਜੋ 31 ਮਾਰਚ ਤੋਂ ਸ਼ੁਰੂ ਹੋਣਾ ਹੈ, ਉਸ ਵਿੱਚ ਵੀ ਅੱਗੇ ਹੀ ਰਹਿਣਗੇ।
ਮਾੜੀਮੇਘਾ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਇਸ ਵਕਤ ਆਟੇ ਦਾ ਰੇਟ 40 ਰੁਪਏ ਕਿੱਲੋ ਪਹੁੰਚਿਆ ਪਿਆ ਹੈ। ਇਹ ਪਤਾ ਲੱਗਾ ਹੈ ਕਿ ਲੰਘੇ ਸਾਲ ਦੌਰਾਨ ਪੰਜਾਬ ਦੀਆਂ ਖਰੀਦ ਏਜੰਸੀਆਂ ਨੇ ਕਣਕ ਹੀ ਘੱਟ ਖਰੀਦੀ ਹੈ ਅਤੇ ਸੈਂਟਰ ਦੀ ਏਜੰਸੀ ਐੱਫ ਸੀ ਆਈ ਕਣਕ ਖਰੀਦ ਕੇ ਦੇਸ਼ ਦੇ ਦੂਜੇ ਭਾਗਾਂ ਵਿੱਚ ਲੈ ਗਈ, ਜਿਸ ਕਰਕੇ ਪੰਜਾਬ ਸਰਕਾਰ ਕੋਲ ਕਣਕ ਦਾ ਸਟੋਰ ਹੀ ਨਾ-ਮਾਤਰ ਹੈ। ਇਸ ਪ੍ਰਸਥਿਤੀ ਵਿੱਚ ਪ੍ਰਾਈਵੇਟ ਫਰਮਾਂ ਨੇ ਆਟੇ ਦੇ ਰੇਟ ਵਧਾ ਕੇ ਗਰੀਬ ਤੇ ਮੱਧ ਵਰਗ ਲੋਕਾਂ ਦਾ ਕਚੂੰਬਰ ਕੱਢਿਆ ਹੋਇਆ ਹੈ। ਕਣਕ ਦਾ ਸੀਜ਼ਨ ਫਿਰ ਸਿਰ ’ਤੇ ਆ ਗਿਆ ਹੈ, ਇਸ ਲਈ ਪੰਜਾਬ ਸਰਕਾਰ ਆਪਣੀਆਂ ਏਜੰਸੀਆਂ ਰਾਹੀਂ ਕਣਕ ਖਰੀਦ ਕੇ ਵਧੇਰੇ ਸਟੋਰ ਕਰੇ, ਤਾਂ ਜੋ ਫਿਰ ਅਜਿਹੀ ਮੁਸ਼ਕਲ ਨਾ ਆਵੇ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਕੈਨੇਡਾ ਦੀ ਧਰਤੀ ’ਤੇ ਸ਼ਹੀਦੀ ਦਾ ਜਾਮ ਪੀਣ ਵਾਲੇ ਭਾਈ ਭਾਗ ਸਿੰਘ ਭਿੱਖੀਵਿੰਡ, ਸ਼ਹੀਦ ਰਾਜਗੁਰੂ, ਸੁਖਦੇਵ ਤੇ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭਿੱਖੀਵਿੰਡ ਅੱਡੇ ’ਤੇ ਸੀ ਪੀ ਆਈ ਅਤੇ ਪੰਜਾਬ ਇਸਤਰੀ ਸਭਾ ਵੱਲੋਂ ਔਰਤ ਦਿਵਸ ’ਤੇ 8 ਮਾਰਚ ਨੂੰ ਜ਼ਿਲ੍ਹਾ ਪੱਧਰ ਦੀ ਸਿਆਸੀ ਕਾਨਫਰੰਸ ਤੇ ਨਾਟਕ ਮੇਲਾ ਕਰਵਾਇਆ ਜਾਵੇਗਾ।
ਮੀਟਿੰਗ ਨੂੰ ਸੀ ਪੀ ਆਈ ਦੇ ਬਲਾਕ ਸਕੱਤਰ ਨਰਿੰਦਰ ਸਿੰਘ ਅਲਗੋਂ, ਪੰਜਾਬ ਇਸਤਰੀ ਸਭਾ ਦੀ ਸੂਬਾਈ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਕੌਰ ਮਾੜੀਮੇਘਾ, ਸਰਬ ਭਾਰਤ ਨੌਜਵਾਨ ਸਭਾ ਦੇ ਪ੍ਰਮੁੱਖ ਆਗੂ ਸੁਖਦੇਵ ਸਿੰਘ ਕਾਲਾ, ਜ਼ਿਲ੍ਹਾ ਪ੍ਰਧਾਨ ਰਸਾਲ ਸਿੰਘ ਪਹੂਵਿੰਡ, ਕਿਸਾਨ ਆਗੂ ਪੂਰਨ ਸਿੰਘ ਮਾੜੀਮੇਘਾ ਤੇ ਵੀਰੋ ਸਾਂਡਪੁਰਾ ਨੇ ਵੀ ਸੰਬੋਧਨ ਕੀਤਾ। ਮੀਟਿੰਗ ਵਿੱਚ ਮਨਜੀਤ ਕੌਰ ਅਲਗੋਂ, ਗੁਰਨਾਮ ਸਿੰਘ ਕਲਸੀਆਂ, ਬਿੰਦਰ ਕੌਰ ਅਲਗੋਂ, ਪਰਮਜੀਤ ਕੌਰ ਮਾੜੀਮੇਘਾ ਤੇ ਕਾਬਲ ਸਿੰਘ ਖਾਲੜਾ ਆਦਿ ਹਾਜ਼ਰ ਸਨ।