ਵੈਨਕੂਵਰ : ਸੋਮਵਾਰ ਟੋਰਾਂਟੋ ਪੀਅਰਸਨ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਨ ਦੀ ਕੋਸ਼ਿਸ਼ ਕਰਦੇ ਹੋਏ ਡੈਲਟਾ ਏਅਰਲਾਈਨਜ਼ ਦੇ ਜਹਾਜ਼ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ 17 ਯਾਤਰੀ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ ਇੱਕ ਬੱਚੇ ਸਮੇਤ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਅਮਰੀਕਾ ਦੇ ਸ਼ਹਿਰ ਮਿਨੀਆਪੋਲੀਸ ਤੋਂ ਆਏ ਜਹਾਜ਼ ਵਿੱਚ ਅਮਲੇ ਦੇ ਚਾਰ ਮੈਂਬਰ ਅਤੇ 76 ਯਾਤਰੀ ਸਵਾਰ ਸਨ। ਦੁਪਹਿਰ ਢਾਈ ਕੁ ਵਜੇ ਵਾਪਰੇ ਹਾਦਸੇ ਤੋਂ ਬਾਅਦ ਹਵਾਈ ਅੱਡਾ ਤਿੰਨ ਘੰਟੇ ਬੰਦ ਰੱਖਣਾ ਪਿਆ ਤਾਂ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਹੋ ਸਕੇ। ਕੁਝ ਲੋਕਾਂ ਵੱਲੋਂ ਬਣਾਈ ਮੌਕੇ ਦੀ ਵੀਡੀਓ ਤੋਂ ਪਤਾ ਲੱਗਦਾ ਹੈ ਕਿ ਜਹਾਜ਼ ਉੱਤਰਦੇ ਸਮੇਂ ਰਨਵੇਅ ਤੋਂ ਤਿਲਕ ਕੇ ਟੇਢਾ ਹੁੰਦਿਆਂ ਪਲਟ ਗਿਆ ਸੀ। ਜਹਾਜ਼ ਦਾ ਪਿਛਲਾ ਹਿੱਸਾ ਜ਼ਿਆਦਾ ਨੁਕਸਾਨਿਆ ਗਿਆ ਹੈ। ਜ਼ਿਕਰਯੋਗ ਹੈ ਕਿ ਹਵਾਈ ਅੱਡੇ ਦਾ ਬਹੁਤਾ ਖੇਤਰ ਤਿੰਨ ਫੁੱਟ ਤੋਂ ਵੀ ਉੱਚੀ ਬਰਫ ਦੀ ਤਹਿ ਨਾਲ ਢਕਿਆ ਹੋਇਆ ਹੈ ਅਤੇ ਅਕਸਰ ਰਨਵੇਅ ਸਮੇਤ ਸੰਚਾਲਨ ਲਈ ਜ਼ਰੂਰੀ ਸਥਾਨਾਂ ਦੀ ਹੀ ਸਫਾਈ ਕੀਤੀ ਜਾਂਦੀ ਹੈ। ਇਸ ਹਾਦਸੇ ਦੇ ਪਿੱਛੇ ਬਰਫ ਦੇ ਢੇਰਾਂ ਨੂੰ ਵੀ ਕਥਿਤ ਤੌਰ ’ਤੇ ਕਾਰਨ ਮੰਨਿਆ ਜਾ ਰਿਹਾ ਹੈ।



