ਅੰਮਿ੍ਰਤਸਰ (ਨਰਿੰਦਰਜੀਤ ਸਿੰਘ) : ਪੁਲਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਇਕ ਕਥਿਤ ਨਸ਼ਾ ਤਸਕਰ ਹਰਮਨਦੀਪ ਸਿੰਘ ਵਾਸੀ ਪਿੰਡ ਘੁੰਮਣਪੁਰਾ ਨੂੰ ਕਾਬੂ ਕਰਕੇ 10 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਡੀ ਜੀ ਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ‘ਐਕਸ’ ’ਤੇ ਦੱਸਿਆ ਕਿ ਹਰਮਨਦੀਪ ਪਾਕਿਸਤਾਨੀ ਤਸਕਰ ਚਾਚਾ ਬਾਵਾ ਦੇ ਸੰਪਰਕ ਵਿੱਚ ਸੀ। ਇਹ ਹੈਰੋਇਨ ਅਟਾਰੀ ਸਰਹੱਦ ਰਸਤੇ ਡਰੋਨ ਰਾਹੀਂ ਆਈ ਸੀ। ਸੂਚਨਾ ਮਿਲੀ ਸੀ ਕਿ ਉਹ ਮੋਟਰਸਾਈਕਲ ’ਤੇ ਰਾਮ ਤੀਰਥ ਰੋਡ ’ਤੇ ਪਿੰਡ ਕਾਲੇ ਨੇੜੇ ਡੇਰਾ ਰਾਧਾ ਸਵਾਮੀ ਵੱਲ ਕਿਸੇ ਨੂੰ ਹੈਰੋਇਨ ਦੇਣ ਜਾ ਰਿਹਾ ਹੈ। ਕਾਊਂਟਰ ਇੰਟੈਲੀਜੈਂਸ ਦੇ ਅਧਿਕਾਰੀਆਂ ਨੇ ਰਾਮ ਤੀਰਥ ਰੋਡ ’ਤੇ ਲਾਏ ਨਾਕੇ ’ਤੇ ਉਸ ਨੂੰ ਨੱਪ ਲਿਆ।
ਪਾਈਆ ਹੈਰੋਇਨ ਫੜੀ
ਜਲੰਧਰ : ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਨੇ ਕਾਕੀ ਪਿੰਡ ਨੇੜੇ ਰਾਜਪਾਲ ਉਰਫ ਪਾਲੀ ਵਾਸੀ ਰਵਿਦਾਸ ਕਾਲੋਨੀ ਜਲੰਧਰ ਦੀ ਤਲਾਸ਼ੀ ਦੌਰਾਨ 52 ਗ੍ਰਾਮ ਹੈਰੋਇਨ ਬਰਾਮਦ ਕੀਤੀ। ਜਾਂਚ ਤੋਂ ਪਤਾ ਲੱਗਾ ਕਿ ਪਾਲੀ ਨਸ਼ਾ ਤਸਕਰੀ ਦੇ ਵੱਡੇ ਆਪ੍ਰੇਸ਼ਨ ਵਿੱਚ ਸ਼ਾਮਲ ਸੀ। ਉਸ ਦੇ ਇਕਬਾਲੀਆ ਬਿਆਨ ਦੇ ਆਧਾਰ ’ਤੇ ਪੁਲਸ ਟੀਮ ਨੇ ਪਿੰਡ ਢਿੱਲਵਾਂ ਜਲੰਧਰ ਦੇ ਨੇੜੇ ਇੱਕ ਟਿਕਾਣੇ ਤੋਂ ਹੋਰ 206 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਮਹਿਲਾ ਕਾਂਸਟੇਬਲ ਨੇ ਫਾਹਾ ਲਿਆ
ਲੁਧਿਆਣਾ : ਲਾਡੋਵਾਲ ਸਥਿਤ ਐੱਨ ਡੀ ਆਰ ਐੱਫ ਹੈੱਡਕੁਆਰਟਰ ਵਿੱਚ ਤਾਇਨਾਤ ਮਹਿਲਾ ਕਾਂਸਟੇਬਲ ਸਿਮਰਨਜੀਤ ਕੌਰ ਨੇ ਚੁੰਨੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਿਮਰਨਜੀਤ ਕੌਰ ਡਿਊਟੀ ’ਤੇ ਨਹੀਂ ਆਈ, ਜਿਸ ਕਰਕੇ ਉਹ ਉਸ ਨੂੰ ਮਿਲਣ ਲਈ ਕਮਰੇ ਵਿਚ ਪੁੱਜੇ, ਪਰ ਕਾਫ਼ੀ ਦੇਰ ਤੱਕ ਦਰਵਾਜ਼ਾ ਖੜਕਾਉਣ ਤੋਂ ਬਾਅਦ ਵੀ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਅਧਿਕਾਰੀਆਂ ਨੇ ਦਰਵਾਜ਼ੇ ਨੂੰ ਧੱਕਾ ਮਾਰ ਕੇ ਤੋੜਿਆ ਅਤੇ ਦੇਖਿਆ ਕਿ ਮਹਿਲਾ ਕਾਂਸਟੇਬਲ ਦੀ ਲਾਸ਼ ਚੁੰਨੀ ਨਾਲ ਲਟਕ ਰਹੀ ਸੀ। ਏ ਐੱਸ ਆਈ ਮੇਜਰ ਸਿੰਘ ਨੇ ਦੱਸਿਆ ਕਿ ਮਿ੍ਰਤਕਾ ਮਾਨਸਾ ਦੀ ਰਹਿਣ ਵਾਲੀ ਸੀ ਅਤੇ ਉਸ ਨੇ 7 ਸਤੰਬਰ 2024 ਨੂੰ ਇੱਥੇ ਡਿਊਟੀ ਜੁਆਇਨ ਕੀਤੀ ਸੀ। ਜਾਂਚ ਅਧਿਕਾਰੀ ਦੇ ਅਨੁਸਾਰ ਕਮਰੇ ਜਾਂ ਲਾਸ਼ ਦੇ ਆਲੇ-ਦੁਆਲੇ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।




