ਨਵੀਂ ਦਿੱਲੀ : ਦਹਿਸ਼ਤਗਰਦੀ ਵਿਰੋਧੀ ਜਾਂਚ ਕਰਨ ਵਾਲੀ ਸੰਘੀ ਏਜੰਸੀ ਐੱਨ ਆਈ ਏ ਨੇ ਬੁੱਧਵਾਰ ਦੱਸਿਆ ਕਿ ਇਸ ਨੇ ਪਾਕਿਸਤਾਨ ਸਥਿਤ ਖੁਫੀਆ ਏਜੰਟਾਂ ਨੂੰ ਦੇਸ਼ ਦੀ ਰੱਖਿਆ ਸੰਬੰਧੀ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਮੁਲਜ਼ਮ ਕਾਰਵਾਰ ਨੇਵਲ ਬੇਸ ਅਤੇ ਕੋਚੀ ਨੇਵਲ ਬੇਸ ’ਤੇ ਦੇਸ਼ ਧਰੋਹ ਕਰਦੇ ਹੋਏ ਭਾਰਤੀ ਰੱਖਿਆ ਟਿਕਾਣਿਆਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਦੁਸ਼ਮਣ ਨੂੰ ਦੇ ਰਹੇ ਸਨ। ਮੁਲਜ਼ਮਾਂ ਦੀ ਪਛਾਣ ਵੇਤਾਨ ਲਕਸ਼ਮਣ ਟੰਡੇਲ, ਅਕਸ਼ੈ ਰਵੀ ਨਾਇਕ ਅਤੇ ਅਭਿਲਾਸ਼ ਪੀ ਏ ਵਜੋਂ ਹੋਈ ਹੈ। ਏਜੰਸੀ ਨੇ ਕਿਹਾ ਕਿ ਟੰਡੇਲ ਅਤੇ ਨਾਇਕ ਨੂੰ ਕਰਨਾਟਕ ਦੇ ਉੱਤਰ ਕੰਨੜ ਜ਼ਿਲ੍ਹੇ ਤੋਂ ਗਿ੍ਰਫਤਾਰ ਕੀਤਾ ਗਿਆ, ਜਦੋਂਕਿ ਅਭਿਲਾਸ਼ ਪੀ ਏ ਨੂੰ ਕੇਰਲਾ ਦੇ ਕੋਚੀ ਤੋਂ ਫੜਿਆ ਗਿਆ ਹੈ। ਤਿੰਨੋਂ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਇੰਟੈਲੀਜੈਂਸ ਆਪਰੇਟਿਵ ਦੇ ਸੰਪਰਕ ਵਿੱਚ ਪਾਏ ਗਏ ਹਨ। ਉਹ ਕਾਰਵਾਰ ਨੇਵਲ ਬੇਸ ਅਤੇ ਕੋਚੀ ਨੇਵਲ ਬੇਸ ’ਤੇ ਭਾਰਤੀ ਰੱਖਿਆ ਸਥਾਪਨਾਵਾਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰ ਰਹੇ ਸਨ ਅਤੇ ਜਾਣਕਾਰੀ ਦੇ ਬਦਲੇ ਪੈਸੇ ਲੈ ਰਹੇ ਸਨ। ਇਸ ਮਾਮਲੇ ਵਿੱਚ ਹੁਣ ਤੱਕ ਇਨ੍ਹਾਂ ਤਿੰਨਾਂ ਸਣੇ ਕੁੱਲ ਅੱਠ ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ।




