ਵੱਕਾਰ ਦਾ ਸਵਾਲ ਬਣੇ ਜਜ਼ਬਾਤੀ ਮਸਲੇ ਦਾ ਸੁਖਦ ਅੰਤ

0
164

ਸ਼ਾਹਕੋਟ (ਗਿਆਨ ਸੈਦਪੁਰੀ)
ਪੁਲਸ ਤੇ ਸਿਵਲ ਅਧਿਕਾਰੀਆਂ ਦੀ ਉਲਝੇ ਮਾਮਲੇ ਨੂੰ ਸੁਲਝਾਉਣ ਦੀ ਇੱਛਾ-ਸ਼ਕਤੀ ਤੇ ਸਿਆਣਪ ਨੇ ਚੰਗਿਆੜੀ ਤੋਂ ਭਾਂਬੜ ਬਣ ਸਕਣ ਦੀ ਸੰਭਾਵਨਾ ਨੂੰ ਸਮੇਂ ਸਿਰ ਰੋਕ ਲਿਆ, ਜਿਸ ਧਿਰ ਨੇ ਆਸਥਾ ਦੇ ਵੇਗ ਵਿੱਚ ਕਾਹਲ ਨਾਲ ਕਦਮ ਚੁੱਕ ਕੇ ਮਸਲਾ ਪੈਦਾ ਕੀਤਾ ਸੀ, ਉਸ ਨੇ ਵੀ ਪਰ੍ਹਿਆ ਦੀ ਗੱਲ ਮੰਨ ਕੇ ਆਪਣੇ ਮਨ ਨੂੰ ਸਮਝਾ ਲਿਆ।ਇਹ ਗੱਲ ਆਪਣੀ ਥਾਂ ਹੈ ਕਿ ਉਨ੍ਹਾਂ ਦੇ ਚਿਹਰਿਆਂ ’ਤੇ ਰੋਸ ਅਤੇ ਮਾਯੂਸੀ ਸਪੱਸ਼ਟ ਦਿਖਦੀ ਰਹੀ।
ਹੋਇਆ ਇੰਜ ਕਿ ਪਿਛਲੇ ਦਿਨੀਂ ਡਾ. ਭੀਮ ਰਾਓ ਅੰਬੇਡਕਰ ਆਰਮੀ ਪੰਜਾਬ ਦੇ ਸੂਬਾ ਪ੍ਰਧਾਨ ਵੀਰ ਕੁਲਵੰਤ ਸਿੰਘ ਢੰਡੋਵਾਲ ਦੀ ਅਗਵਾਈ ਵਿੱਚ ਨਗਰ ਪੰਚਾਇਤ ਸ਼ਾਹਕੋਟ ਦੀ ਖਾਲੀ ਪਈ ਜ਼ਮੀਨ ਵਿੱਚ ‘ਭਗਵਾਨ ਵਾਲਮੀਕਿ ਗਿਆਨ ਆਸ਼ਰਮ’ ਦੀ ਸਥਾਪਨਾ ਦੇ ਮੰਤਵ ਨਾਲ ਮਹਾਂਰਿਸ਼ੀ ਵਾਲਮੀਕਿ ਜੀ ਦੀ ਮੂਰਤੀ ਸਥਾਪਤ ਕਰਕੇ ਨਿਸ਼ਾਨ ਸਾਹਿਬ ਝੁਲਾ ਦਿੱਤਾ ਗਿਆ । ਇਹ ਪ੍ਰਕਿਰਿਆ ਨਗਰ ਪੰਚਾਇਤ ਸ਼ਾਹਕੋਟ ਦੇ ਧਿਆਨ ਵਿੱਚ ਆਈ ਤਾਂ ਮਾਡਲ ਥਾਣਾ ਸ਼ਾਹਕੋਟ ਵਿੱਚ ਕੁਝ ਵਿਅਕਤੀਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ। ਇਸ ਸ਼ਿਕਾਇਤ ’ਤੇ ਪੁਲਸ ਵੱਲੋਂ ਕਾਰਵਾਈ ਕਰਨ ਦੇ ਚਰਚਿਆਂ ਦੌਰਾਨ ਡੀ ਐੱਸ ਪੀ ਦਫ਼ਤਰ ਸ਼ਾਹਕੋਟ ਵਿੱਚ ਮੀਟਿੰਗ ਰੱਖ ਲਈ ਗਈ।ਇਸ ਮੀਟਿੰਗ ਵਿੱਚ ਡੀ ਐੱਸ ਪੀ ਉਕਾਂਰ ਸਿੰਘ ਬਰਾੜ, ਐੱਸ ਐੱਚ ਓ ਸ਼ਾਹਕੋਟ ਬਲਵਿੰਦਰ ਸਿੰਘ ਭੁੱਲਰ, ਤਹਿਸੀਲਦਾਰ ਸ਼ਾਹਕੋਟ ਮਨਿੰਦਰ ਸਿੰਘ ਸਿੱਧੂ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਸਾਬਕਾ ਪ੍ਰਧਾਨ ਪਵਨ ਕੁਮਾਰ ਪੁਰੀ, ਬੂਟਾ ਸਿੰਘ ਕਲਸੀ ਮੈਂਬਰ ਨਗਰ ਪੰਚਾਇਤ ਸ਼ਾਹਕੋਟ, ਜਸਵਿੰਦਰ ਗਿੱਲ ਫੁੱਮਣ ਮੈਂਬਰ ਨਗਰ ਪੰਚਾਇਤ ਸ਼ਾਹਕੋਟ, ਸਾਬਕਾ ਐੱਮ ਸੀ ਕਮਲ ਕੁਮਾਰ ਨਾਹਰ, ਸਾਬਕਾ ਐੱਮ ਸੀ ਰੋਮੀ ਗਿੱਲ, ਸਥਾਨਕ ਸਿਆਸੀ ਆਗੂ, ਮਾਰਕਿਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਬਲਕਾਰ ਸਿੰਘ ਚੱਠਾ, ਬੀ ਆਰ ਅੰਬੇਡਕਰ ਆਰਮੀ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਢੰਡੋਵਾਲ, ਸੋਨੂੰ ਮਿੱਤਲ, ਅਮਨਦੀਪ ਸੈਦਪੁਰੀ, ਪਵਨ ਮੀਏਂਵਾਲ, ਟਿੰਪੀ ਕੁਮਰਾ, ਤਾਰੀ ਗਿੱਲ ਨੰਬਰਦਾਰ, ਜੱਸਾ ਨਾਹਰ, ਤਾਰਾ ਸਿੰਘ ਸਾਬਕਾ ਸਰਪੰਚ ਥੰਮੂਵਾਲ, ਸੁਰਜੀਤ ਸਿੰਘ ਮਲਸੀਆਂ, ਨਰੇਸ਼ ਰੌਂਤ, ਗੁਰਪ੍ਰੀਤ ਸਿੰਘ, ਵੱਖ-ਵੱਖ ਦਲਿਤ ਤੇ ਮਜ਼ਦੂਰ ਜਥੇਬੰਦੀਆਂ ਦੇ ਸਰਗਰਮ ਆਗੂ ਅਤੇ ਕੁਝ ਸਮਾਜਕ ਕਾਰਕੁਨ ਸ਼ਾਮਲ ਹੋਏ। ਮੀਟਿੰਗ ਵਿੱਚ ਮਸਲੇ ਦੇ ਸਬੰਧ ਵਿੱਚ ਵੱਖ-ਵੱਖ ਸੁਰਾਂ ਉਠਦੀਆਂ ਰਹੀਆਂ। ਡੀ ਐੱਸ ਪੀ ਨੇ ਮਸਲੇ ਨੂੰ ਹੱਲ ਕਰਨ ਲਈ ਸੰਤੁਲਤ ਅਤੇ ਬਾ-ਦਲੀਲ ਗੱਲਾਂ ਕੀਤੀਆਂ। ਉਨ੍ਹਾ ਕਿਹਾ ਕਿ ਇਲਾਕੇ ਵਿੱਚ ਲਾਅ ਐਂਡ ਆਰਡਰ ਨੂੰ ਕਾਇਮ ਰੱਖਣ ਲਈ ਉਹ ਦਿ੍ਰੜ੍ਹ ਹਨ। ਉਨ੍ਹਾ ਕਿਹਾ ਕਿ ਉਹ ਕਿਸੇ ਵੀ ਧਿਰ ਨੂੰ ਉੱਚਾ ਜਾਂ ਨੀਵਾਂ ਨਾ ਦਿਖਾਉਣ ਦੀ ਸੋਚ ਅਨੁਸਾਰ ਕੋਈ ਸਨਮਾਨਜਨਕ ਫੈਸਲਾ ਚਾਹੁੰਦੇ ਹਨ। ਕੁਲਵੰਤ ਸਿੰਘ ਢੰਡੋਵਾਲ ਨੇ ਕਿਹਾ ਕਿ ਭਗਵਾਨ ਵਾਲਮੀਕਿ ਦੀ ਮੂਰਤੀ ਅਤੇ ਗਿਆਨ ਆਸ਼ਰਮ ਦੀ ਸਥਾਪਨਾ ਪਿੱਛੇ ਕੋਈ ਨਿੱਜੀ ਲਾਭ ਦੀ ਲਾਲਸਾ ਨਹੀਂ, ਸਗੋਂ ਵਾਲਮੀਕਿ ਭਾਈਚਾਰੇ ਨੂੰ ਸਵੈਮਾਣ ਨਾਲ ਜਿਊਣ ਲਈ, ਸਿੱਖਿਅਤ ਅਤੇ ਸੇਧਤ ਕਰਨਾ ਹੈ। ਮੀਟਿੰਗ ’ਚ ਸ਼ਾਮਲ ਵਾਲਮੀਕਿ ਭਾਈਚਾਰੇ ਦੀ ਇੱਕ ਧਿਰ ਦਾ ਉਜਰ ਸੀ ਕਿ ਭਗਵਾਨ ਵਾਲਮੀਕਿ ਦੀ ਮੂਰਤੀ ਸਥਾਪਤ ਕਰਨ ਸੰਬੰਧੀ ਉਸ ਨਾਲ ਕੋਈ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ। ਨਗਰ ਪੰਚਾਇਤ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਨੇ ਕਿਹਾ ਕਿ ਇਸ ਸੰਬੰਧੀ ਨਗਰ ਪੰਚਾਇਤ ਨੂੰ ਲਿਖਤੀ ਮੰਗ ਕੀਤੀ ਜਾਂਦੀ ਤਾਂ ਕੋਈ ਰਾਹ ਕੱਢਣ ਬਾਰੇ ਵਿਚਾਰਿਆ ਜਾ ਸਕਦਾ ਸੀ।ਮਾਰਕਿਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਬਲਕਾਰ ਸਿੰਘ ਚੱਠਾ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਪਵਨ ਪੁਰੀ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਨਿਰਮਲ ਸਿੰਘ ਮਲਸੀਆਂ, ਦਲਿਤ ਆਗੂ ਸਾਬੀ ਧਾਰੀਵਾਲ, ਰੋਨੀ ਗਿੱਲ, ਜਥੇਦਾਰ ਬਲਬੀਰ ਸਿੰਘ ਚੀਮਾ, ਦਲਬੀਰ ਸਿੰਘ ਸੱਭਰਵਾਲ, ਬਲਵਿੰਦਰ ਮਾਲੜੀ, ਜੋਗਿੰਦਰ ਸਿੰਘ ਬਿੱਲੀ ਬੜੈਚ ਆਦਿ ਨੇ ਵੀ ਮਾਮਲੇ ਨੂੰ ਸਮੇਟਣ ਲਈ ਆਪੋ-ਆਪਣੀਆਂ ਦਲੀਲਾਂ ਦਿੱਤੀਆਂ। ਕਾਫ਼ੀ ਲੰਮਾ ਸਮਾਂ ਹੋਏ ਵਿਚਾਰ-ਵਟਾਂਦਰੇ ਦੌਰਾਨ ਸਭ ਲਈ ਵੱਕਾਰ ਦਾ ਸਵਾਲ ਬਣਿਆ ਮਸਲਾ ਕਿਸੇ ਤਣ-ਪੱਤਣ ਨਾ ਲੱਗਦਾ ਵੇਖ ਕੇ ਨਗਰ ਪੰਚਾਇਤ ਸ਼ਾਹਕੋਟ ਦੇ ਨੁਮਾਇੰਦਿਆਂ, ਮੂਰਤੀ ਸਥਾਪਤ ਕਰਨ ਵਾਲੀ ਧਿਰ ਤੇ ਕੁਝ ਹੋਰ ਮੋਹਤਬਰਾਂ ’ਤੇ ਅਧਾਰਤ ਇੱਕ ਕਮੇਟੀ ਗਠਿਤ ਕੀਤੀ ਗਈ। ਇਸ ਕਮੇਟੀ ਦੀ ਅਧਿਕਾਰੀਆਂ ਨਾਲ ਦੁਬਾਰਾ ਲੰਮੀ ਗੱਲਬਾਤ ਹੋਈ। ਆਖ਼ਰ ਫੈਸਲਾ ਹੋਇਆ ਕਿ ਜਿੱਥੇ ਮੂਰਤੀ ਸਥਾਪਤ ਕੀਤੀ ਗਈ ਹੈ, ਇਸ ਦੇ ਨੇੜੇ ਬਣੇ ਵਾਲਮੀਕਿ ਮੰਦਰ ਵਿੱਚ ਮੂਰਤੀ ਦੁਬਾਰਾ ਸਥਾਪਤ ਕਰ ਦਿੱਤੀ ਜਾਵੇ। ਇਸ ਦੇ ਨਾਲ ਇਹ ਵੀ ਤੈਅ ਹੋਇਆ ਕਿ 4 ਮਰਲੇ ਵਿੱਚ ਬਣੇ ਹੋਏ ਮੰਦਰ ਲਈ ਨਗਰ ਪੰਚਾਇਤ ਵੱਲੋਂ 6 ਮਰਲੇ ਥਾਂ ਹੋਰ ਦਿੱਤੀ ਜਾਵੇਗੀ।
ਮੀਟਿੰਗ ਵਿੱਚ ਸ਼ਾਮਲ ਸਾਰੀਆ ਧਿਰਾਂ ਫੈਸਲੇ ਨੂੰ ਅਮਲ ਵਿੱਚ ਲਿਆਉਣ ਲਈ ਉੱਥੇ ਪਹੁੰਚੀਆਂ, ਜਿੱਥੇ ਭਗਵਾਨ ਵਾਲਮੀਕਿ ਦੀ ਮੂਰਤੀ ਸਥਾਪਤ ਸੀ। ਧਾਰਮਕ ਵਿਅਕਤੀਆਂ ਵੱਲੋਂ ਪੂਜਾ ਅਰਚਨਾ ਤੇ ਅਰਦਾਸ ਕਰਨ ਉਪਰੰਤ ਮੂਰਤੀ ਮੰਦਰ ਵਿੱਚ ਸਥਾਪਤ ਕਰ ਦਿੱਤੀ ਗਈ। ਇਸ ਸਾਰੀ ਪ੍ਰਕਿਰਿਆ ਦੌਰਾਨ ਵੀ ਕੁਝ ਅੜਿੱਕੇ ਪੈਂਦੇ ਰਹੇ। ਅੰਤ ਵਿੱਚ ਗਿਆਨ ਆਸ਼ਰਮ ਦੀ ਸਥਾਪਨਾ ਕਰਨ ਦੀ ਇੱਛੁਕ ਧਿਰ ਵੱਲੋਂ ਉੱਥੇ ਮੌਜੂਦ ਡੀ ਐੱਸ ਪੀ ਉਕਾਰ ਸਿੰਘ ਬਰਾੜ, ਨਗਰ ਪੰਚਾਇਤ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਤਹਿਸੀਲਦਾਰ ਮਨਿੰਦਰ ਸਿੰਘ ਸਿੱਧੂ ਤੇ ਹੋਰਨਾਂ ਨੂੰ ਲੰਗਰ ਛਕਾਇਆ ਗਿਆ। ਇਸ ਤਰ੍ਹਾਂ ਬੁੱਧਵਾਰ ਦੇਰ ਸ਼ਾਮ ਨੂੰ ਸਭ ਲਈ ਵੱਕਾਰ ਬਣੇ ਮਸਲੇ ਦਾ ਸੁਖਦ ਨਿਬੇੜਾ ਹੋਇਆ।