ਭਾਰਤ ਨੂੰ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਕਰਾਰ ਦੇਣ ਵਾਲੇ ਮੋਦੀ ਨੂੰ ਡੱਲੇਵਾਲ ਦੇ ਸਵਾਲ

0
112

ਪਟਿਆਲਾ : ਢਾਬੀ ਗੁੱਜਰਾਂ ਬਾਰਡਰ ਉੱਤੇ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਬੱਲੋ ਦੀ ਪਹਿਲੀ ਬਰਸੀ ਨੂੰ ਸਮਰਪਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਵੱਡੀ ਗਿਣਤੀ ’ਚ ਕਿਸਾਨ ਮੌਜੂਦ ਸਨ। ਸ਼ੁਭਕਰਨ ਸਿੰਘ ਦੀ ਪਿਛਲੇ ਸਾਲ 21 ਫਰਵਰੀ ਨੂੰ ਢਾਬੀ ਗੁਜਰਾਂ ਬਾਰਡਰ ’ਤੇ ਹਰਿਆਣਾ ਪੁਲਸ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਰਾਮਪੁਰਾ ਫੂਲ ਨੇੜਲੇ ਬਲੋ ਪਿੰਡ ਦਾ ਵਸਨੀਕ ਸ਼ੁਭਕਰਨ ਸਿੰਘ 20 ਸਾਲਾਂ ਦਾ ਸੀ।
ਮਰਨ ਵਰਤ ’ਤੇ ਚੱਲ ਰਹੇ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਦੇਸ਼ਾਂ ਵਿੱਚ ਜਾ ਕੇ ਭਾਰਤ ਨੂੰ ਲੋਕਤੰਤਰ ਦਾ ਸਭ ਤੋਂ ਵੱਡਾ ਥੰਮ੍ਹ ਕਹਿਣ ਵਾਲੇ ਦਾਅਵਿਆਂ ਨੂੰ ਨਕਾਰਿਆ। ਉਨ੍ਹਾ ਸਵਾਲ ਕੀਤਾ ਕਿ ਕੀ ਲੋਕਤੰਤਰ ਵਿੱਚ ਕਿਸੇ ਨੂੰ ਜਮਹੂਰੀ ਅਧਿਕਾਰ ਨਾਲ ਅੰਦੋਲਨ ਕਰਨ ਦਾ ਵੀ ਹੱਕ ਨਹੀਂ? ਜਾਂ ਫਿਰ ਕੀ ਉਹ ਰਾਜਧਾਨੀ ਨਹੀਂ ਜਾ ਸਕਦੇ ? ਜਾਂ ਫਿਰ ਕੀ ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰਨ, ਉਨ੍ਹਾਂ ਦੀਆਂ ਲੱਤਾਂ-ਬਾਹਾਂ ਤੋੜਨ ਵਾਲਿਆਂ ਦੇ ਵਿਰੁੱਧ ਕੋਈ ਕਾਰਵਾਈ ਦੀ ਵਿਵਸਥਾ ਨਹੀਂ ਹੁੰਦੀ? ਉਨ੍ਹਾ ਸਮੂਹ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਅਜਿਹੇ ਲੋਕ ਰਾਜ ਦੇ ਨਾਲ ਲੜਾਈ ਲੜਨ ਲਈ ਇੱਕਜੁੱਟ ਹੋ ਕੇ ਅੱਗੇ ਆਉਣ ਦਾ ਸਮਾਂ ਹੈ। ਡੱਲੇਵਾਲ ਨੇ ਕਿਹਾ ਕਿ ਕਿਸਾਨਾਂ ਦੀ ਲੜਾਈ ਨੂੰ ਜਿੱਤ ਤੱਕ ਪਹੁੰਚਾਉਣਾ ਹੀ ਸ਼ੁਭਕਰਨ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।