ਹਰਮਨਦੀਪ ਦੀ ਨਿਸ਼ਾਨਦੇਹੀ ’ਤੇ ਹੋਰ ਦੋ ਕਿੱਲੋ ਹੈਰੋਇਨ ਬਰਾਮਦ

0
39

ਅੰਮਿ੍ਰਤਸਰ : ਕਾਊਂਟਰ ਇੰਟੈਲੀਜੈਂਸ ਪੁਲਸ ਨੇ ਹਰਮਨਦੀਪ ਸਿੰਘ ਦੀ ਨਿਸ਼ਾਨਦੇਹੀ ’ਤੇ ਹੋਰ ਦੋ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ ਅਤੇ ਹੁਣ ਤੱਕ ਇਸ ਮਾਮਲੇ ਵਿੱਚ 15 ਕਿੱਲੋ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਹੈਰੋਇਨ ਪਿੰਡ ਬੋਪਾਰਾਏ ਬਾਜ ਸਿੰਘ ਨੇੜੇ ਨਹਿਰ ਦੇ ਕੋਲ ਲੁਕਾਈ ਹੋਈ ਸੀ। ਹਰਮਨਦੀਪ ਸਿੰਘ ਕੋਲੋਂ ਕੀਤੀ ਜਾ ਰਹੀ ਪੁੱਛ-ਪੜਤਾਲ ਦੌਰਾਨ ਉਸ ਦੇ ਹੈਰੋਇਨ ਤਸਕਰੀ ਨਾਲ ਜੁੜੇ ਵਿਅਕਤੀਆਂ ਨਾਲ ਸੰਬੰਧਾਂ ਬਾਰੇ ਪਤਾ ਲਾਇਆ ਜਾ ਰਿਹਾ ਹੈ।
ਸਕੂਟਰੀ ਸੜ ਕੇ ਤਬਾਹ
ਰੂਪਨਗਰ : ਘਨੌਲੀ ਨੇੜੇ ਐੱਸ ਵਾਈ ਐੱਲ ਨਹਿਰ ਕੰਢੇ ਸਨਿੱਚਰਵਾਰ ਸਕੂਟਰੀ ਅਚਾਨਕ ਅੱਗ ਲੱਗਣ ਨਾਲ ਤਬਾਹ ਹੋ ਗਈ। ਛੱਜੂ ਰਾਮ ਨੇ ਦੱਸਿਆ ਕਿ ਉਹ ਪਿੰਡ ਘਨੌਲੀ ਤੋਂ ਡੰਗੋਲੀ ਸਥਿਤ ਭੱਠੇ ਤੋਂ ਇੱਟਾਂ ਖਰੀਦਣ ਲਈ ਜਾ ਰਿਹਾ ਸੀ, ਜਦੋਂ ਪਿੰਡ ਮਕੌੜੀ ਨੇੜੇ ਐੱਸ ਵਾਈ ਐੱਲ ਨਹਿਰ ਕੋਲ ਪੁੱਜਿਆ ਤਾਂ ਸਕੂਟਰੀ ਨੂੰ ਅਚਾਨਕ ਅੱਗ ਲੱਗ ਗਈ। ਉਸ ਨੇ ਮਿੱਟੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ’ਤੇ ਕਾਬੂ ਨਾ ਪਾਇਆ ਜਾ ਸਕਿਆ ਅਤੇ ਦੇਖਦਿਆਂ ਹੀ ਦੇਖਦਿਆਂ ਸਕੂਟਰੀ ਸੜ ਕੇ ਤਬਾਹ ਹੋ ਗਈ।
ਜੇਲ੍ਹ ’ਚੋਂ ਸੀ ਐੱਮ ਨੂੰ ਧਮਕੀ
ਜੈਪੁਰ : ਦੌਸਾ ਦੀ ਸਲਾਵਾਸ ਜੇਲ੍ਹ ਦੇ ਇੱਕ ਕੈਦੀ ਨੇ ਸ਼ੁੱਕਰਵਾਰ ਰਾਤ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੂੰ ਕਥਿਤ ਤੌਰ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਪੁਲਸ ਨੇ ਦੱਸਿਆ ਕਿ ਜਬਰ-ਜ਼ਨਾਹ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ 29 ਸਾਲਾ ਰਿੰਕੂ ਨੇ ਜੈਪੁਰ ਪੁਲਸ ਕੰਟਰੋਲ ਰੂਮ ਨੂੰ ਫੋਨ ਕੀਤਾ ਅਤੇ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਪੁਲਸ ਨੇ ਸਲਾਵਾਸ ਜੇਲ੍ਹ ਵਿੱਚ ਕਾਲ ਕਰਨ ਲਈ ਵਰਤੇ ਗਏ ਮੋਬਾਇਲ ਫੋਨ ਦੀ ਲੋਕੇਸ਼ਨ ਟਰੇਸ ਕਰ ਲਈ ਅਤੇ ਤੜਕੇ 3 ਵਜੇ ਤੋਂ ਸਵੇਰੇ 7 ਵਜੇ ਤੱਕ ਜੇਲ੍ਹ ਵਿੱਚ ਵੱਡੇ ਪੱਧਰ ’ਤੇ ਤਲਾਸ਼ੀ ਦੌਰਾਨ ਫੋਨ ਬਰਾਮਦ ਕਰ ਲਿਆ। ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਸੀ।
ਫਰਾਹ ਖਾਨ ਖਿਲਾਫ ਸ਼ਿਕਾਇਤ
ਮੁੰਬਈ : ਹੋਲੀ ਨੂੰ ਕਥਿਤ ਤੌਰ ’ਤੇ ‘ਗਵਾਰਾਂ ਦਾ ਤਿਉਹਾਰ’ ਦੱਸਣ ’ਤੇ ਫਿਲਮ ਨਿਰਮਾਤਾ ਤੇ ਨਿਰਦੇਸ਼ਕ ਫਰਾਹ ਖਾਨ ਖਿਲਾਫ ਅਪਰਾਧਕ ਸ਼ਿਕਾਇਤ ਦਰਜ ਕੀਤੀ ਗਈ ਹੈ। ਸ਼ਿਕਾਇਤ ਕਰਨ ਵਾਲੇ ਵਿਕਾਸ ਜੈਰਾਮ ਪਾਠਕ (45) ਉਰਫ ਹਿੰਦੁਸਤਾਨੀ ਭਾਊ ਨੇ ਦੋਸ਼ ਲਾਇਆ ਹੈ ਕਿ ਵੀਰਵਾਰ ਨੂੰ ਇੱਕ ਟੀ ਵੀ ਸ਼ੋਅ ਦੌਰਾਨ ਫਰਾਹ ਖਾਨ ਵੱਲੋਂ ਕੀਤੀ ਗਈ ‘ਛਪਰੀ’ ਟਿੱਪਣੀ ਨੇ ਹਿੰਦੂਆਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਖਾਰ ਪੁਲਸ ਥਾਣੇ ਦੇ ਅਧਿਕਾਰੀ ਨੇ ਕਿਹਾ ਕਿ ਅਜੇ ਤੱਕ ਕੋਈ ਐੱਫ ਆਈ ਆਰ ਦਰਜ ਨਹੀਂ ਕੀਤੀ ਗਈ, ਜਾਂਚ ਜਾਰੀ ਹੈ।
ਸੁਰੰਗ ਧਮਾਕੇ ’ਚ ਜਵਾਨ ਜ਼ਖਮੀ
ਜੰਮੂ : ਪੁਣਛ ਜ਼ਿਲ੍ਹੇ ’ਚ ਸਨਿੱਚਰਵਾਰ ਕੰਟਰੋਲ ਰੇਖਾ ਨੇੜੇ ਬਾਰੂਦੀ ਸੁਰੰਗ ਧਮਾਕੇ ਕਾਰਨ ਇੱਕ ਫੌਜੀ ਜਵਾਨ ਜ਼ਖਮੀ ਹੋ ਗਿਆ। ਧਮਾਕਾ ਸਵੇਰੇ 10.50 ਵਜੇ ਮੇਂਢਰ ਦੇ ਕਿ੍ਰਸ਼ਨਾ ਘਾਟੀ ਸੈਕਟਰ ਦੇ ਨਾਂਗੀ-ਟਾਕੇਰੀ ਖੇਤਰ ਵਿੱਚ ਉਦੋਂ ਹੋਇਆ, ਜਦੋਂ ਜਵਾਨ ਗਸ਼ਤ ਕਰ ਰਹੇ ਸਨ।