ਟੁੱਟੀ ਸੀਟ ਦੇਣ ’ਤੇ ਕੇਂਦਰੀ ਮੰਤਰੀ ਵੱਲੋਂ ਏਅਰ ਇੰਡੀਆ ਦੀ ਖਿਚਾਈ

0
37

ਭੋਪਾਲ : ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਨਿੱਚਰਵਾਰ ਟੁੱਟੀ ਅਤੇ ਦੱਬੀ ਸੀਟ ਅਲਾਟ ਕਰਨ ਲਈ ਏਅਰ ਇੰਡੀਆ ਦੀ ਨਿੰਦਾ ਕੀਤੀ। ਉਨ੍ਹਾ ਇਸ ਨੂੰ ਅਨੈਤਿਕ ਕਰਾਰ ਦਿੰਦਿਆਂ ਕਿਹਾ ਏਅਰਲਾਈਨ ਯਾਤਰੀਆਂ ਤੋਂ ਪੂਰਾ ਕਿਰਾਇਆ ਵਸੂਲਦੀ ਹੈ, ਫਿਰ ਉਨ੍ਹਾਂ ਨੂੰ ਨੁਕਸਾਨੀਆਂ ਸੀਟਾਂ ’ਤੇ ਬੈਠਣ ਲਈ ਮਜਬੂਰ ਕਰਦੀ ਹੈ।
ਚੌਹਾਨ ਨੇ ‘ਐੱਕਸ’ ’ਤੇ ਆਪਣਾ ਅਨੁਭਵ ਸਾਂਝਾ ਕੀਤਾ, ਜਿਸ ਤੋਂ ਬਾਅਦ ਏਅਰ ਇੰਡੀਆ ਨੇ ਅਸੁਵਿਧਾ ਲਈ ਮੁਆਫੀ ਮੰਗੀ। ਚੌਹਾਨ ਪੂਸਾ ਵਿੱਚ ਕਿਸਾਨ ਮੇਲੇ ਦਾ ਉਦਘਾਟਨ ਕਰਨ, ਕੁਰੂਕਸ਼ੇਤਰ ’ਚ ਕੁਦਰਤੀ ਖੇਤੀ ਮਿਸ਼ਨ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਅਤੇ ਚੰਡੀਗੜ੍ਹ ਵਿੱਚ ਕਿਸਾਨ ਸੰਗਠਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਲਈ ਭੋਪਾਲ ਤੋਂ ਦਿੱਲੀ ਜਾ ਰਹੇ ਸਨ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਲਿਖਿਆਮੈਨੂੰ ਸੀਟ ਨੰਬਰ 8-ਸੀ ਅਲਾਟ ਕੀਤੀ ਗਈ ਸੀ। ਜਦੋਂ ਮੈਂ ਆਪਣੀ ਸੀਟ ’ਤੇ ਪਹੁੰਚ ਕੇ ਬੈਠ ਗਿਆ ਤਾਂ ਮੈਂ ਦੇਖਿਆ ਕਿ ਇਹ ਟੁੱਟੀ ਹੋਈ ਸੀ ਅਤੇ ਦੱਬੀ ਹੋਈ ਸੀ, ਬੈਠਣ ਲਈ ਠੀਕ ਨਹੀਂ ਸੀ।
ਚੌਹਾਨ ਨੇ ਦਾਅਵਾ ਕੀਤਾ ਕਿ ਜਹਾਜ਼ ਦੀਆਂ ਕਈ ਸੀਟਾਂ ਇਸੇ ਤਰ੍ਹਾਂ ਦੀ ਹਾਲਤ ਵਿੱਚ ਸਨ। ਉਨ੍ਹਾ ਕਿਹਾਸਾਥੀ ਯਾਤਰੀਆਂ ਮੈਨੂੰ ਉਨ੍ਹਾਂ ਨਾਲ ਸੀਟ ਦੀ ਅਦਲਾ-ਬਦਲੀ ਕਰਨ ਲਈ ਕਿਹਾ, ਪਰ ਮੈਂ ਆਪਣੇ ਆਰਾਮ ਲਈ ਆਪਣੇ ਕਿਸੇ ਵੀ ਦੋਸਤ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦਾ ਸੀ। ਇਸ ਲਈ ਮੈਂ ਉਸੇ ਸੀਟ ’ਤੇ ਆਪਣੀ ਯਾਤਰਾ ਪੂਰੀ ਕਰਨ ਦਾ ਫੈਸਲਾ ਕੀਤਾ। ਮੈਂ ਸੋਚਿਆ ਸੀ ਕਿ ਟਾਟਾ ਮੈਨੇਜਮੈਂਟ ਵੱਲੋਂ ਕਮਾਨ ਸੰਭਾਲਣ ਤੋਂ ਬਾਅਦ ਏਅਰ ਇੰਡੀਆ ਦੀ ਸੇਵਾ ’ਚ ਸੁਧਾਰ ਹੋਵੇਗਾ, ਪਰ ਮੈਂ ਗਲਤ ਨਿਕਲਿਆ।
ਚੌਹਾਨ ਨੇ ਅੱਗੇ ਪੁੱਛਿਆ ਕਿ ਕੀ ਏਅਰ ਇੰਡੀਆ ਪ੍ਰਬੰਧਨ ਇਹ ਯਕੀਨੀ ਬਣਾਉਣ ਲਈ ਕਦਮ ਚੁੱਕੇਗਾ ਕਿ ਭਵਿੱਖ ਵਿੱਚ ਕਿਸੇ ਵੀ ਯਾਤਰੀ ਨੂੰ ਅਜਿਹੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜਾਂ ਇਹ ਯਾਤਰੀਆਂ ਦੀ ਆਪਣੀ ਮੰਜ਼ਲ ’ਤੇ ਪਹੁੰਚਣ ਦੀ ਤਾਕੀਦ ਦਾ ਸ਼ੋਸ਼ਣ ਕਰਨਾ ਜਾਰੀ ਰੱਖੇਗਾ? ਚੌਹਾਨ ਦੇ ਟਵੀਟ ਦਾ ਨੋਟਿਸ ਲੈਂਦਿਆਂ ਏਅਰ ਇੰਡੀਆ ਨੇ ਜਵਾਬ ਦਿੱਤਾ ਅਤੇ ਮੁਆਫੀ ਮੰਗੀ।