ਚੰਡੀਗੜ੍ਹ : ਪੰਜਾਬ ਪੁਲਸ ਨੇ ਪਾਬੰਦੀਸ਼ੁਦਾ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀ ਕੇ ਆਈ) ਦੇ ਦੋ ਮੁੱਖ ਕਾਰਕੁਨਾਂ ਨੂੰ ਗਿ੍ਰਫਤਾਰ ਕੀਤਾ ਹੈ, ਜਿਨ੍ਹਾਂ ਦੇ ਪਾਕਿਸਤਾਨ ਅਧਾਰਤ ਦਹਿਸ਼ਤਗਰਦ ਹਰਵਿੰਦਰ ਸਿੰਘ ਰਿੰਦਾ ਅਤੇ ਅਮਰੀਕਾ ਅਧਾਰਤ ਗੈਂਗਸਟਰ ਹੈਪੀ ਪੱਸੀਆਂ ਨਾਲ ਸਿੱਧੇ ਸੰਬੰਧ ਸਨ।
ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਜਗਦੀਸ਼ ਸਿੰਘ ਉਰਫ ਜੱਗਾ ਅਤੇ ਸ਼ੁਭਦੀਪ ਸਿੰਘ ਔਲਖ ਉਰਫ ਸ਼ੁਭ ਨੂੰ ਇੱਕ ਵੱਡੇ ਅੱਤਵਾਦੀ ਅਪ੍ਰੇਸ਼ਨ ਦੇ ਹਿੱਸੇ ਵਜੋਂ ਪੰਜਾਬ ਵਿੱਚ ਮਿਥ ਕੇ ਕਤਲ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਖੁਫੀਆ ਜਾਣਕਾਰੀ ’ਤੇ ਸਟੇਟ ਸਪੈਸ਼ਲ ਅਪ੍ਰੇਸ਼ਨ ਸੈੱਲ ਮੁਹਾਲੀ ਨੇ ਇਨ੍ਹਾਂ ਨੂੰ ਕਾਬੂ ਕੀਤਾ।
ਉਨ੍ਹਾ ਕਿਹਾ ਕਿ ਮੁਲਜ਼ਮਾਂ ਨੇ ਸ਼ੁਰੂਆਤੀ ਪੁੱਛ-ਪੜਤਾਲ ਦੌਰਾਨ ਖੁਲਾਸਾ ਕੀਤਾ ਕਿ ਉਨ੍ਹਾਂ ਰਿੰਦਾ ਦੇ ਨਿਰਦੇਸ਼ਾਂ ’ਤੇ ਇਸ ਮਹੀਨੇ 10 ਫਰਵਰੀ ਨੂੰ ਮਹਾਰਾਸ਼ਟਰ ਦੇ ਨਾਂਦੇੜ ਵਿੱਚ ਇੱਕ ਕਤਲ ਕੀਤਾ ਅਤੇ ਇੱਕ ਹੋਰ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਮੁਲਜ਼ਮਾਂ ਕੋਲੋਂ ਦੋ 32 ਬੋਰ ਪਿਸਤੌਲ ਅਤੇ ਪੰਜ ਰੌਂਦ ਬਰਾਮਦ ਕੀਤੇ ਗਏ ਹਨ ਅਤੇ ਪੂਰੇ ਨੈੱਟਵਰਕ ਦਾ ਪਰਦਾ ਫਾਸ਼ ਕਰਨ ਲਈ ਜਾਂਚ ਜਾਰੀ ਹੈ। ਦੋਵੇਂ ਤਰਨ ਤਾਰਨ ਜ਼ਿਲ੍ਹੇ ਤੋਂ ਹਨ।