ਪੰਜਾਬ ਵਿਧਾਨ ਸਭਾ ਦਾ ਦੋ ਦਿਨਾ ਅਜਲਾਸ ਅੱਜ ਤੋਂ

0
131

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਦੋ ਦਿਨਾ ਵਿਸ਼ੇਸ਼ ਇਜਲਾਸ ਸੋਮਵਾਰ ਸ਼ੁਰੂ ਹੋ ਰਿਹਾ ਹੈ। ਬਜਟ ਇਜਲਾਸ ਤੋਂ ਐਨ ਪਹਿਲਾਂ ਹੋ ਰਹੇ ਇਸ ਇਜਲਾਸ ’ਚ ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਨੀਤੀ ਦੇ ਕੌਮੀ ਖਰੜੇ ਖਿਲਾਫ ਵਿਸ਼ੇਸ਼ ਮਤਾ ਲਿਆਉਣ ਦੀ ਸੰਭਾਵਨਾ ਹੈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਇਸ ਖਰੜੇ ਦੇ ਵਿਰੋਧ ’ਚ ਮਤਾ ਪਾਸ ਕੀਤੇ ਜਾਣ ਦੀ ਮੰਗ ਉਠਾਈ ਜਾ ਰਹੀ ਹੈ। ਪੰਜਾਬ ਸਰਕਾਰ ਕਿਸਾਨਾਂ ਦੇ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਚੱਲ ਰਹੇ ਅੰਦੋਲਨ ਦਰਮਿਆਨ ਕੌਮੀ ਖੇਤੀ ਮੰਡੀਕਰਨ ਨੀਤੀ ਖਿਲਾਫ ਅਜਿਹਾ ਮਤਾ ਲਿਆ ਸਕਦੀ ਹੈ।
ਸੋਨੀਆ ਮਾਨ ਆਪ ’ਚ
ਨਵੀਂ ਦਿੱਲੀ : ਪੰਜਾਬੀ ਅਦਾਕਾਰਾ ਸੋਨੀਆ ਮਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਹੈ। ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਉਸ ਨੂੰ ਮੈਂਬਰਸ਼ਿਪ ਦਿੱਤੀ। ਸੋਨੀਆ ਮਾਨ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਦੇਵ ਸਿੰਘ ਮਾਨ ਦੀ ਬੇਟੀ ਹੈ।
ਜਨਰਲ ਦਿਵੇਦੀ ਫਰਾਂਸ ਦੌਰੇ ’ਤੇ
ਨਵੀਂ ਦਿੱਲੀ : ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਭਾਰਤ-ਫਰਾਂਸ ਰੱਖਿਆ ਸਹਿਯੋਗ ਨੂੰ ਹੁਲਾਰਾ ਦੇਣ ਦੀਆਂ ਕੋਸ਼ਿਸ਼ਾਂ ਵਜੋਂ 24 ਤੋਂ 27 ਫਰਵਰੀ ਤੱਕ ਫਰਾਂਸ ਦਾ ਦੌਰਾ ਕਰਨਗੇ। ਰੱਖਿਆ ਮੰਤਰਾਲੇ ਨੇ ਕਿਹਾ ਕਿ ਜਨਰਲ ਦਿਵੇਦੀ ਦੀ ਫੇਰੀ ਦਾ ਉਦੇਸ਼ ਭਾਰਤ ਅਤੇ ਫਰਾਂਸ ਵਿਚਕਾਰ ਫੌਜੀ ਸਹਿਯੋਗ ਨੂੰ ਮਜ਼ਬੂਤ ਕਰਨਾ, ਸਹਿਯੋਗ ਦੇ ਨਵੇਂ ਰਾਹ ਤਲਾਸ਼ਣਾ ਅਤੇ ਦੋਵਾਂ ਦੇਸ਼ਾਂ ਦੀਆਂ ਹਥਿਆਰਬੰਦ ਸੈਨਾਵਾਂ ਵਿਚਕਾਰ ਰਣਨੀਤਕ ਭਾਈਵਾਲੀ ਨੂੰ ਵਧਾਉਣਾ ਹੈ।
ਇੱਕ ਦਿਨ ਵਿਗਿਆਨੀ ਬਣਨ ਦਾ ਸੱਦਾ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ 100ਵੇਂ ਲਾਂਚ ਮਿਸ਼ਨ ਦੀ ਸਫਲਤਾ ’ਤੇ ਜ਼ੋਰ ਦਿੰਦਿਆਂ ਐਤਵਾਰ ਦੇਸ਼ ਦੇ ਨੌਜਵਾਨਾਂ ਨੂੰ ‘ਇੱਕ ਦਿਨ ਵਿਗਿਆਨੀ’ ਵਜੋਂ ਬਿਤਾਉਣ ਦਾ ਸੱਦਾ ਦਿੱਤਾ ਤਾਂ ਕਿ ਵਿਗਿਆਨ ਨੂੰ ਲੈ ਕੇ ਉਨ੍ਹਾਂ ਦੀ ਉਤਸੁਕਤਾ ਬਣੀ ਰਹੇ। ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 119ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ-ਤੁਸੀਂ ਆਪਣੀ ਸਹੂਲਤ ਅਨੁਸਾਰ ਕੋਈ ਵੀ ਦਿਨ ਚੁਣ ਸਕਦੇ ਹੋ। ਉਸ ਦਿਨ ਕਿਸੇ ਖੋਜ ਪ੍ਰਯੋਗਸ਼ਾਲਾ, ਪਲੈਨੇਟੇਰੀਅਮ ਜਾਂ ਪੁਲਾੜ ਕੇਂਦਰ ’ਤੇ ਜ਼ਰੂਰ ਜਾਓ। ਅਜਿਹਾ ਕਰਨ ਨਾਲ ਵਿਗਿਆਨ ਪ੍ਰਤੀ ਤੁਹਾਡੀ ਉਤਸੁਕਤਾ ਹੋਰ ਵਧੇਗੀ।
ਆਤਿਸ਼ੀ ਬਣੀ ਆਪੋਜ਼ੀਸ਼ਨ ਦੀ ਆਗੂ
ਨਵੀਂ ਦਿੱਲੀ : ਕਾਲਕਾਜੀ ਹਲਕੇ ਤੋਂ ਵਿਧਾਇਕ ਆਤਿਸ਼ੀ ਨੂੰ ਦਿੱਲੀ ਅਸੈਂਬਲੀ ਵਿੱਚ ਵਿਰੋਧੀ ਧਿਰ ਦੀ ਆਗੂ ਚੁਣਿਆ ਗਿਆ ਹੈ। ਆਮ ਆਦਮੀ ਪਾਰਟੀ ਦੇ ਨਵਨਿਯੁਕਤ ਵਿਧਾਇਕਾਂ ਦੀ ਹੋਈ ਬੈਠਕ ਦੌਰਾਨ ਇਹ ਫੈਸਲਾ ਲਿਆ ਗਿਆ। ਬੈਠਕ ’ਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪਾਰਟੀ ਦੇ 22 ਵਿਧਾਇਕ ਮੌਜੂਦ ਸਨ। ਦਿੱਲੀ ਅਸੈਂਬਲੀ ਦਾ ਪਹਿਲਾ ਸੈਸ਼ਨ 24 ਫਰਵਰੀ ਤੋਂ ਸ਼ੁਰੂ ਹੋਵੇਗਾ।
ਜਗਰੂਪ ਸਿੰਘ ਕੁੱਸਾ ਦਾ ਦੇਹਾਂਤ
ਮੋਗਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਗਰੂਪ ਸਿੰਘ ਕੁੱਸਾ ਦਾ ਹਾਰਟ ਅਟੈਕ ਕਾਰਨ ਦੇਹਾਂਤ ਹੋ ਗਿਆ। ਉਹ ਅਕਾਲੀ ਦਲ ਦੀ ਸਰਕਾਰ ਸਮੇਂ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਵੀ ਰਹੇ ਸਨ।
ਜਵਾਬੀ ਫਾਇਰਿੰਗ ’ਚ ਗੈਂਗਸਟਰ ਜ਼ਖਮੀ
ਭਵਾਨੀਗੜ੍ਹ : ਨਦਾਮਪੁਰ ਵਿਖੇ ਨਹਿਰ ਦੀ ਪਟੜੀ ਕੋਲ ਅਸਲੇ ਦੀ ਬਰਾਮਦਗੀ ਲਈ ਲਿਆਂਦੇ ਗੈਂਗਸਟਰ ਨੇ ਪੁਲਸ ’ਤੇ ਹਮਲਾ ਕਰ ਦਿੱਤਾ। ਜਵਾਬੀ ਕਾਰਵਾਈ ’ਚ ਗੈਂਗਸਟਰ ਲੱਤ ’ਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਐੱਸ ਪੀ ਸੰਗਰੂਰ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਸੀ ਆਈ ਏ ਸਟਾਫ ਦੇ ਇੰਚਾਰਜ ਸੰਦੀਪ ਸਿੰਘ ਦੀ ਅਗਵਾਈ ਹੇਠ ਪੁਲਸ ਗੈਂਗਸਟਰ ਮਨਿੰਦਰ ਸਿੰਘ ਵਾਸੀ ਮੋਹਾਲੀ ਨੂੰ ਅਸਲੇ ਦੀ ਰਿਕਵਰੀ ਲਈ ਉਸ ਵੱਲੋਂ ਦੱਸੇ ਸਥਾਨ ਪਿੰਡ ਨਦਾਮਪੁਰ ਤੋਂ ਪਿੰਡ ਥੰਮਣ ਸਿੰਘ ਵਾਲਾ ਨੂੰ ਜਾਣ ਵਾਲੀ ਨਹਿਰ ਦੀ ਪਟੜੀ ਵਾਲੀ ਸੜਕ ’ਤੇ ਲੈ ਕੇ ਗਈ ਤਾਂ ਉਸ ਨੇ ਤੁਰੰਤ ਖਤਾਨ ’ਚ ਲੁਕਾ ਕੇ ਰੱਖੇ ਇੱਕ ਵਿਦੇਸ਼ੀ ਪਿਸਤੌਲ ਨਾਲ ਪੁਲਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ।