ਵਧੀਆ ਸਾਈਡ ਬਿਜ਼ਨੈੱਸ ਚਲਾਇਆ ਹੋਇਆ ਸੀ

0
84

ਬਟਾਲਾ : ਪਿਛਲੇ ਦਿਨੀਂ ਡਿਸਮਿਸ ਕੀਤਾ ਗਿਆ ਏ ਐੱਸ ਆਈ ਸੁਰਜੀਤ ਸਿੰਘ ਆਪਣੇ ਅਮਰੀਕਾ ਰਹਿੰਦੇ ਦੋ ਪੁੱਤਰਾਂ ਨਾਲ ਮਿਲ ਕੇ ਫਿਰੌਤੀ ਰੈਕਟ ਚਲਾਉਦਾ ਸੀ। ਐੱਸ ਐੱਸ ਪੀ ਬਟਾਲਾ ਕਾਸਿਮ ਮੀਰ ਮੁਤਾਬਕ ਸੁਰਜੀਤ ਸਿੰਘ ਦੀ ਗਿ੍ਰਫਤਾਰੀ ਨਾਲ ਅਮਰੀਕਾ ਰਹਿੰਦੇ ਗੈਂਗਸਟਰ ਗੁਰਦੇਵ ਜੱਸਲ ਵੱਲੋਂ ਚਲਾਏ ਜਾ ਰਹੇ ਵੱਡੇ ਫਿਰੌਤੀ ਨੈੱਟਵਰਕ ਨੂੰ ਤਬਾਹ ਕਰਨ ਵਿੱਚ ਮਦਦ ਮਿਲੀ ਹੈ। ਸੁਰਜੀਤ ਸਿੰਘ ਤੋਂ ਲੱਖਾਂ ਰੁਪਏ, ਗੈਰਕਾਨੂੰਨੀ ਅਗਨ-ਸ਼ਸਤਰ ਤੇ ਲਗਜ਼ਗੀ ਗੱਡੀਆਂ ਬਰਾਮਦ ਹੋਈਆਂ ਹਨ। ਦੱਸਿਆ ਜਾਂਦਾ ਹੈ ਕਿ ਸੁਰਜੀਤ ਸਿੰਘ ਨੇ ਪੁੱਛਗਿੱਛ ਵਿੱਚ ਕਿਹਾ ਸੀ ਕਿ ਉਸ ਨੇ ਆਪਣੇ ਪੁੱਤਰ ਤੋਂ ਰਕਮ ਪ੍ਰਾਪਤ ਕੀਤੀ ਸੀ। ਉਸ ਦੇ ਬਟਾਲਾ ਦੇ ਹਰਨਾਮ ਨਗਰ ਵਿਚਲੇ ਘਰ ’ਚ ਛਾਪਾ ਮਾਰ ਕੇ 76 ਲੱਖ 32 ਹਜ਼ਾਰ ਰੁਪਏ ਬਰਾਮਦ ਕੀਤੇ ਗਏ। ਤਕਨੀਕੀ ਜਾਂਚ ਵਿੱਚ ਅੰਕੁਸ਼ ਮੈਨੀ ਬਾਰੇ ਪਤਾ ਲੱਗਾ, ਜਿਸ ਨੇ ਗੁਰਦੇਵ ਜੱਸਲ ਦੀ ਧਮਕੀ ਤੋਂ ਬਾਅਦ ਕਲਾਨੌਰ ਦੇ ਪੈਟਰੋਲ ਪੰਪ ਮਾਲਕ ਤੋਂ ਮਿਲੇ ਪੈਸੇ ਸੁਰਜੀਤ ਸਿੰਘ ਨੂੰ ਲਿਆ ਕੇ ਦਿੱਤੇ ਸਨ। ਲੰਘੀ 4 ਫਰਵਰੀ ਨੂੰ ਗੁਰਦੇਵ ਸਿੰਘ ਜੱਸਲ ਦੇ ਗੁਰਗਿਆਂ ਨੇ ਕਲਾਨੌਰ ਵਿਖੇ ਪੈਟਰੋਲ ਪੰਪ ’ਤੇ ਗੋਲੀਆਂ ਚਲਾਈਆਂ ਸਨ ਅਤੇ ਜੱਸਲ ਨੇ ਫੋਨ ਕਰਕੇ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਇਸ ਮਗਰੋਂ 11 ਫਰਵਰੀ ਨੂੰ ਉਕਤ ਕਾਰੋਬਾਰੀ ਨੇ 50 ਲੱਖ ਰੁਪਏ ਦੀ ਰਕਮ ਫਿਰੌਤੀ ਵਜੋਂ ਦਿੱਤੀ ਸੀ।
ਐੱਸ ਐੱਸ ਪੀ ਨੇ ਦੱਸਿਆ ਕਿ ਜੱਸਲ ਗੈਂਗ ਵਿਦੇਸ਼ੀ ਨੰਬਰਾਂ ਨਾਲ ਧਮਕੀਆਂ ਦਿੰਦਾ ਸੀ ਅਤੇ ਵੱਖ-ਵੱਖ ਰੂਟਾਂ ਨਾਲ ਪੈਸੇ ਹਾਸਲ ਕਰਦਾ ਸੀ।
14 ਫਰਵਰੀ ਨੂੰ ਸਦਰ ਥਾਣਾ ਬਟਾਲਾ ਦੇ ਐੱਸ ਐੱਚ ਓ ਨੂੰ ਸੂਚਨਾ ਮਿਲੀ ਸੀ ਕਿ ਇਸ ਨੈੱਟਵਰਕ ਵਿੱਚ ਕੋਈ ਸਥਾਨਕ ਪੁਲਸ ਅਫਸਰ ਸ਼ਾਮਲ ਹੈ। ਆਖਰ ਚੌਂਕੀ ਸ਼ੇਖੂਪੁਰ ’ਚ ਤਾਇਨਾਤ ਸੁਰਜੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ। ਜਾਂਚ ਵਿੱਚ ਪਤਾ ਲੱਗਿਆ ਕਿ ਸੁਰਜੀਤ ਸਿੰਘ ਦੇ ਦੋਨੋਂ ਪੁੱਤਰ ਅਮਰੀਕਾ ’ਚ ਜੱਸਲ ਦੇ ਸੰਪਰਕ ’ਚ ਸਨ। ਜੱਸਲ ਫੋਨ ’ਤੇ ਧਮਕੀ ਦਿੰਦਾ ਸੀ ਤੇ ਪੈਸੇ ਸੁਰਜੀਤ ਸਿੰਘ ਕੋਲ ਪੁੱਜਦੇ ਸਨ। ਸੁਰਜੀਤ ਸਿੰਘ ਨੇ ਹਾਲ ਹੀ ਵਿੱਚ ਨਵੀਂ ਫਾਰਚੂਨਰ ਤੇ ਦੋ ਪਲਾਟ ਖਰੀਦੇ ਸਨ। ਉਸ ਨੂੰ ਪਿਛਲੇ ਦਿਨੀਂ ਡਿਸਮਿਸ ਕਰਨ ਵੇਲੇ ਨਹੀਂ ਦੱਸਿਆ ਗਿਆ ਸੀ ਕਿ ਡਿਸਮਿਸ ਕਿਉ ਕੀਤਾ।