ਨਵੀਂ ਦਿੱਲੀ : ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਤਵਾਰ ਕਿਹਾ ਕਿ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਦੀਆਂ ਰਿਪੋਰਟਾਂ 24 ਫਰਵਰੀ ਨੂੰ ਸ਼ੁਰੂ ਹੋ ਰਹੇ ਵਿਧਾਨ ਸਭਾ ਸੈਸ਼ਨ ਵਿੱਚ ਪੇਸ਼ ਕੀਤੀਆਂ ਜਾਣਗੀਆਂ। ਸੈਸ਼ਨ ਤੋਂ ਇੱਕ ਦਿਨ ਪਹਿਲਾਂ ਉਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉਨ੍ਹਾ ਦੇ ਨਿਵਾਸ ਸਥਾਨ ’ਤੇ ਮੁਲਾਕਾਤ ਕੀਤੀ।
ਮੁੱਖ ਮੰਤਰੀ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਪਿਛਲੀ ਸਰਕਾਰ ’ਤੇ ਲੋਕਾਂ ਦੇ ‘ਮਿਹਨਤ ਨਾਲ ਕਮਾਏ’ ਪੈਸੇ ਦੀ ‘ਦੁਰਵਰਤੋਂ’ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਉਨ੍ਹਾਂ ਨੂੰ ਹਰ ਪੈਸੇ ਦਾ ਹਿਸਾਬ ਦੇਣਾ ਪਵੇਗਾ। ਉਸ ਨੇ ਕਿਹਾਅਸੀਂ ਦਿੱਲੀ ਲਈ ਕੀਤੇ ਵਾਅਦੇ ਪ੍ਰਤੀ ਵਫ਼ਾਦਾਰ ਹਾਂ ਅਤੇ ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ। ਅਸੀਂ ਕੈਗ ਰਿਪੋਰਟ ਪਹਿਲੇ ਸੈਸ਼ਨ ਵਿੱਚ ਰੱਖਣ ਦੀ ਗੱਲ ਕਹੀ ਸੀ। ਇਹ ਲੋਕਾਂ ਦੀ ਮਿਹਨਤ ਨਾਲ ਕਮਾਏ ਪੈਸੇ ਹਨ, ਜਿਨ੍ਹਾਂ ਦੀ ਪਿਛਲੀ ਸਰਕਾਰ ਨੇ ਦੁਰਵਰਤੋਂ ਕੀਤੀ। ਮਹਿਲਾਵਾਂ ਨੂੰ ਪੱਚੀ-ਪੱਚੀ ਸੌ ਰੁਪਏ ਦੇਣ ਦਾ ਫੈਸਲਾ ਪਹਿਲੀ ਕੈਬਨਿਟ ਮੀਟਿੰਗ ’ਚ ਕਰਨ ਦਾ ਐਲਾਨ ਕਰਨ ਵਾਲੀ ਰੇਖਾ ਗੁਪਤਾ ਨੇ ਹੁਣ ਕਿਹਾ ਹੈ ਕਿ ਪਿਛਲੀ ਸਰਕਾਰ ਖਜ਼ਾਨਾ ਖਾਲੀ ਕਰ ਗਈ ਹੈ, ਪਰ ਸਰਕਾਰ ਵਾਅਦਾ ਨਿਭਾਏਗੀ।




