ਵਾਸ਼ਿੰਗਟਨ : ਟਰੰਪ ਪ੍ਰਸ਼ਾਸਨ ਨੇ ਐਤਵਾਰ ਕਿਹਾ ਕਿ ਉਹ ਯੂ ਐੱਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈੱਲਪਮੈਂਟ ਦੇ ਸਟਾਫ ਦੇ ਇੱਕ ਹਿੱਸੇ ਨੂੰ ਛੱਡ ਕੇ ਬਾਕੀ ਸਾਰੇ ਦੁਨੀਆ ਭਰ ਦੇ ਕਰਮਚਾਰੀਆਂ ਨੂੰ ਛੁੱਟੀ ’ਤੇ ਭੇਜ ਰਿਹਾ ਹੈ ਅਤੇ 1600 ਅਮਰੀਕਾ-ਅਧਾਰਤ ਸਟਾਫ ਦੀਆਂ ਅਸਾਮੀਆਂ ਨੂੰ ਖਤਮ ਕਰ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਸਹਿਯੋਗੀ ਐਲਨ ਮਸਕ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਦੇ ਆਕਾਰ ਨੂੰ ਘਟਾਉਣ ਲਈ ਵਿਆਪਕ ਮੁਹਿੰਮ ਵਿੱਚ ਛੇ ਦਹਾਕੇ ਪੁਰਾਣੀ ਸਹਾਇਤਾ ਅਤੇ ਵਿਕਾਸ ਏਜੰਸੀ ਨੂੰ ਖਤਮ ਕਰਨ ਦੇ ਉਨ੍ਹਾਂ ਦੇ ਟੀਚੇ ਵੱਲ ਇਹ ਵੱਡਾ ਕਦਮ ਹੈ।
ਦਰਅਸਲ ਸ਼ੁੱਕਰਵਾਰ ਨੂੰ ਇੱਕ ਸੰਘੀ ਜੱਜ ਨੇ ਟਰੰਪ ਪ੍ਰਸ਼ਾਸਨ ਨੂੰ ਅਮਰੀਕਾ ਅਤੇ ਦੁਨੀਆ ਭਰ ਵਿੱਚ ਹਜ਼ਾਰਾਂ ਯੂ ਐੱਸ ਏਡ ਦੇ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਉਣ ਦੀ ਯੋਜਨਾ ਨੂੰ ਵਧਾਉਣ ਦੀ ਇਜਾਜ਼ਤ ਦਿੱਤੀ ਸੀ, ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਅਮਰੀਕੀ ਜ਼ਿਲ੍ਹਾ ਜੱਜ ਕਾਰਲ ਨਿਕੋਲਸ ਨੇ ਕਰਮਚਾਰੀਆਂ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਸਰਕਾਰ ਦੀ ਯੋਜਨਾ ’ਤੇ ਅਸਥਾਈ ਰੋਕ ਲਗਾਉਣ ਦੀ ਬੇਨਤੀ ਕੀਤੀ ਸੀ। ਟਰੰਪ ਪ੍ਰਸ਼ਾਸਨ ਵੱਲੋਂ ਯੂ ਐੱਸ ਏਡ ਦੇ ਕਰਮਚਾਰੀਆਂ ਨੂੰ ਰਾਤ ਕਰੀਬ 12 ਵਜੇ ਸੁਨੇਹਾ ਭੇਜਿਆ ਗਿਆ ਕਿ ਉਨ੍ਹਾਂ ਨੂੰ ਛੁੱਟੀ ’ਤੇ ਭੇਜਿਆ ਜਾ ਰਿਹਾ ਹੈ। ਕਰਮਚਾਰੀਆਂ ਨੂੰ ਭੇਜੇ ਗਏ ਨੋਟਿਸ ਵਿੱਚ ਇਹ ਵੀ ਕਿਹਾ ਗਿਆ ਕਿ ਕਰਮਚਾਰੀਆਂ ਦੀ ਗਿਣਤੀ ਵਿੱਚ ਕਟੌਤੀ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਨਾਲ ਅਮਰੀਕਾ ਵਿੱਚ 2000 ਨੌਕਰੀਆਂ ਖਤਮ ਹੋ ਜਾਣਗੀਆਂ। ਬਾਅਦ ਵਿੱਚ ਯੂ ਐੱਸ ਏਡ ਦੀ ਵੈੱਬਸਾਈਟ ’ਤੇ ਪੋਸਟ ਕੀਤੇ ਗਏ ਨੋਟਿਸ ਵਿੱਚ ਖਤਮ ਕੀਤੇ ਜਾਣ ਵਾਲੇ ਅਹੁਦਿਆਂ ਦੀ ਗਿਣਤੀ ਘਟਾ ਕੇ 1,600 ਕਰ ਦਿੱਤੀ ਗਈ। ਪ੍ਰਸ਼ਾਸਨ ਨੇ ਇਸ ਸੰਬੰਧੀ ਕੋਈ ਸਪੱਸ਼ਟੀਕਰਨ ਜਾਰੀ ਨਹੀਂ ਕੀਤਾ। ਯੂ ਐੱਸ ਏਡ ਅਤੇ ਵਿਦੇਸ਼ ਮੰਤਰਾਲਾ ਨੇ ਵੀ ਇਸ ਸੰਬੰਧੀ ਕੋਈ ਬਿਆਨ ਜਾਰੀ ਨਹੀਂ ਕੀਤਾ। ਯੂ ਐੱਸਏਡ ਦੇ ਉਪ ਪ੍ਰਸ਼ਾਸਕ ਪੀਟ ਮਾਰਕੋ ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾ ਦੀ ਯੋਜਨਾ ਕਰੀਬ 600 ਕਰਮਚਾਰੀਆਂ ਨੂੰ ਨੌਕਰੀ ’ਤੇ ਰੱਖਣ ਦੀ ਹੈ, ਜਿਨ੍ਹਾਂ ਵਿੱਚੋਂ ਵਧੇਰੇ ਅਮਰੀਕਾ ਵਿੱਚ ਰਹਿੰਦੇ ਹਨ।

