ਭਿੱਖੀਵਿੰਡ : ਸੀ ਪੀ ਆਈ ਬਲਾਕ ਭਿੱਖੀਵਿੰਡ ਵੱਲੋਂ 8 ਮਾਰਚ ਨੂੰ ਕੌਮਾਂਤਰੀ ਇਸਤਰੀ ਦਿਵਸ ’ਤੇ ਭਿੱਖੀਵਿੰਡ ਵਿਖੇ ਰਾਜਨੀਤਕ ਕਾਨਫਰੰਸ ਤੇ ਸੱਭਿਆਚਾਰਕ ਸਮਾਗਮ ਕੀਤਾ ਜਾ ਰਿਹਾ ਹੈ।ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਾਸਤੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਪਿੰਡ ਪਹੂਵਿੰਡ, ਮਾੜੀਮੇਘਾ, ਅਲਗੋਂ ਖੁਰਦ ਅਤੇ ਸ਼ਹੀਦ ਸੁੱਖਾ ਸਿੰਘ ਦੇ ਪਿੰਡ ਮਾੜੀ ਕੰਬੋਕੇ ਵਿਖੇ ਪਾਰਟੀ ਮੈਂਬਰਾਂ ਤੇ ਹਮਦਰਦਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਤੇ ਪੰਜਾਬ ਇਸਤਰੀ ਸਭਾ ਦੀ ਸੂਬਾਈ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਕੌਰ ਮਾੜੀਮੇਘਾ ਨੇ ਕਿਹਾ ਕਿ ਔਰਤ ਦਿਵਸ ਦਾ ਸੰਦੇਸ਼ ਇਹ ਹੈ ਕਿ ਔਰਤਾਂ ਨੂੰ ਸਮਾਜ ਵਿੱਚ ਮਰਦ ਦੇ ਬਰਾਬਰ ਹੱਕ ਅਤੇ ਹਰੇਕ ਲੜਕੀ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਹੈ। ਜੇ ਸਮਾਜ ਵਿੱਚ ਲੜਕੀਆਂ ਨੂੰ ਰੁਜ਼ਗਾਰ ਮਿਲਣਾ ਯਕੀਨੀ ਹੋ ਜਾਂਦਾ ਹੈ ਅਤੇ ਔਰਤਾਂ ਜਲਦੀ ਹੀ ਸਮਾਜ ਵਿੱਚ ਮਰਦ ਦੇ ਬਰਾਬਰ ਵਿਚਰਣ ਲੱਗ ਪੈਣਗੀਆਂ। ਕੇਂਦਰ ਸਰਕਾਰ ਨੂੰ ਪਾਰਲੀਮੈਂਟ ਵਿੱਚ ਪਾਸ ਕਰ ਦੇਣਾ ਚਾਹੀਦਾ ਹੈ ਕਿ ਐੱਮ ਏ ਤੱਕ ਕੁੜੀਆਂ ਨੂੰ ਪੜ੍ਹਾਈ ਮੁਫ਼ਤ ਤੇ ਲਾਜ਼ਮੀ ਮਿਲੇਗੀ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਨਰੇਗਾ ਦਾ ਕੰਮ ਸਾਲ ਵਿੱਚ ਘੱਟੋ-ਘੱਟ 200 ਦਿਨ ਤੇ ਦਿਹਾੜੀ 1000 ਰੁਪਏ ਕਰਨੀ ਚਾਹੀਦੀ ਹੈ। ਨਰੇਗਾ ਦਾ ਕੰਮ ਲੱਗਭੱਗ 90 ਫੀਸਦੀ ਔਰਤਾਂ ਕਰਦੀਆਂ ਹਨ, ਪਰ ਨਰੇਗਾ ਕੰਮ ਨਰੇਗਾ ਕਾਮਿਆਂ ਨੂੰ ਆਪਣੇ ਪਿੰਡਾਂ ਤੋਂ 15-20 ਕਿਲੋਮੀਟਰ ਦੂਰ ਦਿੱਤਾ ਜਾਂਦਾ ਹੈ। ਨਰੇਗਾ ਕਾਮਿਆਂ ਦਾ ਕੰਮ ਵਾਲੀ ਥਾਂ ’ਤੇ ਪਹੁੰਚਣ ਦਾ ਕਿਰਾਇਆ ਅਤੇ ਸਮਾਂ ਹੀ ਬਹੁਤ ਲੱਗ ਜਾਂਦਾ ਹੈ।ਇਸ ਲਈ ਨਰੇਗਾ ਕੰਮ ਨਰੇਗਾ ਕਾਨੂੰਨ ਦੇ ਮੁਤਾਬਕ ਨੇੜੇ ਮਿਲਣਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਪਿੰਡ ਕੰਬੋਕੇ, ਸਾਂਡਪੁਰਾ ਤੇ ਸੂਰਵਿੰਡ ਵਿਖੇ ਪਿੰਡਾਂ ਦੇ ਮੋਹਤਬਰ ਨਰੇਗਾ ਕਾਮਿਆਂ ਨੂੰ ਕੰਮ ਨਹੀਂ ਮਿਲਣ ਦਿੰਦੇ। ਉਨ੍ਹਾਂ ਮੋਹਤਬਰਾਂ ਦਾ ਬਲਾਕ ਦੀ ਅਫ਼ਸਰਸ਼ਾਹੀ ’ਤੇ ਪ੍ਰਭਾਵ ਹੈ। ਅਫ਼ਸਰਸ਼ਾਹੀ ਵੀ ਨਰੇਗਾ ਯੂਨੀਅਨ ਦੇ ਆਗੂਆਂ ਦੀ ਗੱਲ ਨਹੀਂ ਸੁਣਦੀ। ਉਕਤ ਮਸਲਿਆਂ ਨੂੰ 8 ਮਾਰਚ ਵਿੱਚ ਵਿਚਾਰ ਕੇ ਅਗਲਾ ਪ੍ਰੋਗਰਾਮ ਦਿੱਤਾ ਜਾਵੇਗਾ।
ਮੀਟਿੰਗਾਂ ਨੂੰ ਸੀ ਪੀ ਆਈ ਦੇ ਬਲਾਕ ਸਕੱਤਰ ਨਰਿੰਦਰ ਸਿੰਘ ਅਲਗੋਂ, ਨਰੇਗਾ ਯੂਨੀਅਨ ਦੇ ਜ਼ਿਲ੍ਹਾ ਆਗੂ ਟਹਿਲ ਸਿੰਘ ਲੱਧੂ, ਛਿੰਦਰ ਪਹੂਵਿੰਡ, ਪਰਮਜੀਤ ਕੌਰ ਮਾੜੀਮੇਘਾ, ਬਚਨ ਕੌਰ ਤੇ ਗਿਆਨ ਕੌਰ ਮਾੜੀ ਕੰਬੋਕੇ, ਮਨਜੀਤ ਕੌਰ ਤੇ ਸੁਖਵਿੰਦਰ ਕੌਰ ਅਲਗੋਂ ਖੁਰਦ ਅਤੇ ਪ੍ਰਤਾਪ ਸਿੰਘ ਭਿੱਖੀਵਿੰਡ ਨੇ ਵੀ ਸੰਬੋਧਨ ਕੀਤਾ।




