ਜਲੰਧਰ (ਕੇਸਰ)
ਆਦਿਵਾਸੀ ਖੇਤਰ ਦੇ ਲੋਕਾਂ ਉਪਰ ਵਿੱਢੇ ਚੌਤਰਫ਼ੇ ਹੱਲੇ ਦੇ ਸੰਦਰਭ ’ਚ ਬੁੱਧਵਾਰ ‘ਗ਼ਦਰੀ ਵਿਰਾਸਤ ਦੀ ਨਜ਼ਰ ’ਚ : ਜਮਹੂਰੀ ਹੱਕਾਂ ਉਪਰ ਕਾਰਪੋਰੇਟ ਅਤੇ ਫਾਸ਼ੀ ਹੱਲਾ’ ਵਿਸ਼ੇ ਉਪਰ ਗੰਭੀਰ ਵਿਚਾਰ-ਚਰਚਾ ਉਪਰੰਤ ਦੇਸ਼ ਭਗਤ ਯਾਦਗਾਰ ਹਾਲ ਤੋਂ ਪ੍ਰੈਸ ਕਲੱਬ ਤੱਕ ਰੋਸ ਵਿਖਾਵਾ ਕਰਕੇ ਆਦਿਵਾਸੀ ਖੇਤਰ ’ਚ ਕਤਲੋਗਾਰਦ, ਉਜਾੜਾ, ਜਬਰ-ਜ਼ੁਲਮ ਅਤੇ ਜੰਗਲ, ਜਲ, ਜ਼ਮੀਨ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਬੰਦ ਕਰਨ ਲਈ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਗਈ। ਵਿਖਾਵਾਕਾਰੀਆਂ ਨੇ ਜ਼ੋਰਦਾਰ ਨਾਅਰੇ ਲਾਉਂਦਿਆਂ ਮੰਗ ਕੀਤੀ ਕਿ ਆਦਿਵਾਸੀ ਖੇਤਰ ਵਿੱਚ ਕਤਲੇਆਮ ਫੌਰੀ ਬੰਦ ਕੀਤਾ ਜਾਏ, ਨੀਮ ਫੌਜੀ ਦਲਾਂ ਨੂੰ ਜੰਗਲ ’ਚੋਂ ਬਾਹਰ ਕੱਢਿਆ ਜਾਏ, ਅਪਰੇਸ਼ਨ ਕਗਾਰ ਤਹਿਤ ਆਦਿਵਾਸੀਆਂ ’ਤੇ ਜ਼ੁਲਮੀ ਝੱਖੜ ਬੰਦ ਕੀਤੇ ਜਾਣ। ਇਸ ਰੋਸ ਵਿਖਾਵੇ ਨੇ ਸੱਦਾ ਦਿੱਤਾ, ‘ਦੇਸ਼ ਭਗਤ ਯਾਦਗਾਰ ਕਮੇਟੀ ਕਰਦੀ ਮੰਗ, ਬੰਦ ਕਰੋ ਨਿਹੱਕੀ ਜੰਗ।’ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਵਿੱਤ ਸਕੱਤਰ ਸੀਤਲ ਸਿੰਘ ਸੰਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਦੀ ਪ੍ਰਧਾਨਗੀ ’ਚ ਹੋਈ ਵਿਚਾਰ-ਚਰਚਾ ਦਾ ਆਗਾਜ਼ ਫਰਵਰੀ ਮਹੀਨੇ ਦੇ ਆਜ਼ਾਦੀ ਸੰਗਰਾਮ ’ਚ 1926-27 ਦੇ ਬੱਬਰ ਅਕਾਲੀ ਲਹਿਰ ਦੇ ਸ਼ਹੀਦਾਂ ਸ਼ਹੀਦ ਚੰਦਰ ਸ਼ੇਖ਼ਰ ਆਜ਼ਾਦ, ਸ਼ਹੀਦ ਜਤਿੰਦਰ ਨਾਥ ਸਨਿਆਲ, ਸ਼ਹੀਦ ਸੋਹਣ ਲਾਲ ਪਾਠਕ, ਸ਼ਹੀਦ ਰੂੜ ਸਿੰਘ ਚੂਹੜ ਚੱਕ, ਸੂਫ਼ੀ ਅੰਬਾ ਪ੍ਰਸਾਦ, ਸਾਕਾ ਨਨਕਾਣਾ ਸਾਹਿਬ ਅਤੇ ਜੈਤੋ ਦਾ ਮੋਰਚਾ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀਆਂ ਭੇਟ ਕਰਨ ਨਾਲ ਹੋਇਆ। ਕਮੇਟੀ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਇਹਨਾਂ ਇਤਿਹਾਸਕ ਘਟਨਾਵਾਂ ਤੇ ਆਜ਼ਾਦੀ ਸੰਗਰਾਮ ਦੇ ਨਾਇਕਾਂ ਦੀ ਅਮਿੱਟ ਦੇਣ ਤੋਂ ਰੌਸ਼ਨੀ ਲੈ ਕੇ ਉਹਨਾਂ ਦੇ ਅਧੂਰੇ ਕਾਜ਼ ਪੂਰੇ ਕਰਨ ਲਈ ਆਪਣੇ ਫ਼ਰਜ਼ ਪਹਿਚਾਨਣ ਦੀ ਅਪੀਲ ਕੀਤੀ। ਵਿਚਾਰ-ਚਰਚਾ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਮੰਗਤ ਰਾਮ ਪਾਸਲਾ, ਸੁਖਵਿੰਦਰ ਸਿੰਘ ਸੇਖ਼ੋਂ ਅਤੇ ਡਾ. ਪਰਮਿੰਦਰ ਸਿੰਘ ਨੇ ਮੁੱਖ ਤੌਰ ’ਤੇ ਹਿੱਸਾ ਲਿਆ।
ਬੁਲਾਰਿਆਂ ਨੇ ਮੁਲਕ ਦੇ ਸਿਰ ਦਹਾੜ ਰਹੇ ਸਾਮਰਾਜੀ ਕਾਰਪੋਰੇਟ ਧਾੜਵੀਆਂ ਅਤੇ ਉਹਨਾਂ ਦੇ ਦੇਸੀ ਜੋਟੀਦਾਰਾਂ ਵੱਲੋਂ ਵਿੱਢੇ ਹੱਲੇ ਖ਼ਿਲਾਫ਼ ਵਿਸ਼ਾਲ, ਲੰਮੇ, ਦਿ੍ਰੜ੍ਹ, ਬੇਕਿਰਕ ਅਤੇ ਸਾਂਝੇ ਲੋਕ ਘੋਲਾਂ ਦੀ ਉਸਾਰੀ ਕਰਨਾ ਲੋਕਾਂ ਲਈ ਸਮੇਂ ਦੀ ਲੋੜ ਦੱਸਿਆ। ਉਹਨਾਂ ਕਿਹਾ ਕਿ ਆਜ਼ਾਦੀ ਜੱਦੋ-ਜਹਿਦ ਵਿੱਚ ਅਥਾਹ ਕੁਰਬਾਨੀਆਂ ਕਰਨ ਵਾਲਿਆਂ ਦੀ ਸ਼ਾਨਾਮੱਤੀ ਵਿਰਾਸਤ ਨੂੰ ਰੋਲ਼ ਕੇ ਭਾਜਪਾ ਹਕੂਮਤ ਲੋਕਾਂ ਖ਼ਿਲਾਫ਼ ਨੰਗੀ-ਚਿੱਟੀ ਜੰਗ ਥੋਪ ਰਹੀ ਹੈ। ਉਹਨਾਂ ਕਿਹਾ ਕਿ ਆਦਿਵਾਸੀਆਂ ਦੀ ਬਾਂਹ ਫੜਨ ਵਾਲੇ ਇਨਕਲਾਬੀਆਂ ਨੂੰ ‘ਨਕਸਲੀਆਂ ਨਾਲ ਹੋਏ ਮੁਕਾਬਲੇ’ ਦੀਆਂ ਕਹਾਣੀਆਂ ਘੜ ਕੇ ਗੋਲੀਆਂ ਨਾਲ ਭੁੰਨਿਆ ਜਾ ਰਿਹਾ ਹੈ।
ਬੁਲਾਰਿਆਂ ਨੇ ਤੱਥਾਂ ਸਹਿਤ ਜ਼ਿਕਰ ਕੀਤਾ ਕਿ ਜਾਨ-ਹੂਲਵੇਂ ਘੋਲ ਲੜ ਕੇ ਹਾਸਲ ਕੀਤੇ ਮੁੱਢਲੇ ਜਮਹੂਰੀ ਮਾਨਵੀ ਅਧਿਕਾਰਾਂ ਦਾ ਵੀ ਘਾਣ ਕਰਨ, ਬੁੱਧੀਜੀਵੀਆਂ, ਲੇਖਕਾਂ, ਰੰਗ ਕਰਮੀਆਂ, ਪੱਤਰਕਾਰਾਂ, ਜਮਹੂਰੀ ਕਾਮਿਆਂ ਨੂੰ ਜੇਲ੍ਹੀਂ ਸੁੱਟਣ ਅਤੇ 31 ਮਾਰਚ 2026 ਤੱਕ ਨਕਸਲੀਆਂ ਦਾ ਸਫ਼ਾਇਆ ਕਰਨ ਦੇ ਸਰੇਆਮ ਐਲਾਨ ਕਰਨਾ ਇਹ ਦਰਸਾਉਂਦਾ ਹੈ ਕਿ ਭਾਜਪਾ ਹਕੂਮਤ ਦਾ ਕਾਰਪੋਰੇਟ ਜਗਤ ਦੀ ਚਾਕਰੀ ਵਿੱਚ ਧਾਰਨ ਕੀਤਾ ਹਿੰਦੂਤਵ ਫਾਸ਼ੀਵਾਦ ਅਜੰਡਾ ਭਵਿੱਖ਼ ਵਿੱਚ ਲੋਕਾਂ ਖਿਲਾਫ਼ ਹੋਰ ਵੀ ਵਿਆਪਕ ਤੇ ਤਿੱਖੇ ਹੱਲੇ ਵਿਢੇਗਾ। ਵਿਚਾਰ-ਚਰਚਾ ਨੇ ਨਿਚੋੜ ਕੱਢਿਆ ਕਿ ਲੋਕ ਹੀ ਇਤਿਹਾਸ ਦੇ ਸਿਰਜਣਹਾਰੇ ਹੁੰਦੇ ਨੇ, ਲੋਕਾਂ ਨੂੰ ਕੋਈ ਨਹੀਂ ਹਰਾ ਸਕਦਾ, ਪਰ ਲੋੜ ਇਸ ਗੱਲ ਦੀ ਹੈ ਕਿ ਸਿਰ ਜੋੜ ਕੇ ਸਮੂਹ ਲੋਕ-ਹਿਤੈਸ਼ੀ ਤਾਕਤਾਂ ਲੋਕ-ਤਾਕਤ ਦਾ ਕਿਲ੍ਹਾ ਉਸਾਰ ਕੇ ਅਜਿਹੇ ਕਾਰਪੋਰੇਟ ਅਤੇ ਫਾਸ਼ੀ ਹੱਲੇ ਖ਼ਿਲਾਫ਼ ਲੋਕ ਸੰਗਰਾਮ ਲਈ ਮੈਦਾਨ ’ਚ ਆਉਣ। ਵਿਚਾਰ-ਚਰਚਾ ਵਿੱਚ ਨਰਿੰਦਰ ਜੰਡਿਆਲਾ, ਸੁਰਿੰਦਰ ਕੁਮਾਰੀ ਕੋਛੜ, ਡਾ. ਸੈਲੇਸ਼, ਸੀਤਲ ਸਿੰਘ ਸੰਘਾ, ਮਾਸਟਰ ਮਦਨ ਬੁੱਲੋਵਾਲ ਅਤੇ ਜਸਵਿੰਦਰ ਫਗਵਾੜਾ ਨੇ ਵੀ ਭਾਗ ਲਿਆ।
ਇਸ ਮੌਕੇ ਕੈਨੇਡਾ ਤੋਂ ਆਏ ਕਮੇਟੀ ਮੈਂਬਰ ਪ੍ਰੋ. ਵਰਿਆਮ ਸਿੰਘ ਸੰਧੂ, ਗੁਰਮੀਤ ਸਿੰਘ ਤੋਂ ਇਲਾਵਾ ਕਮੇਟੀ ਮੈਂਬਰ ਹਰਮੇਸ਼ ਮਾਲੜੀ, ਪ੍ਰਗਟ ਸਿੰਘ ਜਾਮਾਰਾਏ, ਚਰੰਜੀ ਲਾਲ ਕੰਗਣੀਵਾਲ, ਵਿਜੈ ਬੰਬੇਲੀ ਅਤੇ ਦੇਸ਼ ਭਗਤ ਯਾਦਗਾਰ ਹਾਲ ਦੇ ਪਰਵਾਰ ਨਾਲ ਜੁੜੀਆਂ ਸ਼ਖਸੀਅਤਾਂ ਡਾ. ਹਰਜੀਤ, ਡਾ. ਹਰਜਿੰਦਰ ਸਿੰਘ ਅਟਵਾਲ, ਸੁਮਨ ਲਤਾ, ਸੁਖਦੇਵ ਫਗਵਾੜਾ, ਬੂਟਾ ਸਿੰਘ ਮਹਿਮੂਦਪੁਰ, ਪਾਵੇਲ ਕੁੱਸਾ, ਪਰਮਜੀਤ ਆਦਮਪੁਰਾ, ਰਾਜਿੰਦਰ ਹੁਸ਼ਿਆਰਪੁਰ, ਮੋਹਣ ਬੱਲ, ਸੁਖਵਿੰਦਰ ਬਾਗਪੁਰ, ਪਰਮਜੀਤ ਕਲਸੀ, ਪਰਸ਼ੋਤਮ ਬਿਲਗਾ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਸਮਾਗਮ ਦੇ ਸਿਖ਼ਰ ’ਤੇ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਅਗਲੇ ਦਿਨਾਂ ’ਚ ਕਮੇਟੀ ’ਚ ਵਿਚਾਰ ਕੇ ਅੱਜ ਦੇ ਚਰਚਿਤ ਮੁੱਦੇ ਉਤੇ ਨਿਕਟ ਭਵਿੱਖ਼ ਵਿੱਚ ਕਮੇਟੀ ਵੱਲੋਂ ਸੰਭਵ ਸਰਗਰਮੀ ਦਾ ਭਰੋਸਾ ਦਿੱਤਾ।