ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਵਾਖਰਵਨ ਪਿੰਡ ਦੀ ਰਹਿਣ ਵਾਲੀ 36 ਸਾਲਾ ਔਰਤ ਨੇ ਕਸ਼ਮੀਰ ਦੀ ਪਹਿਲੀ ਮਹਿਲਾ ਟਰੱਕ ਡਰਾਇਵਰ ਬਣ ਕੇ ਇਤਿਹਾਸ ਬਣਾ ਦਿੱਤਾ ਹੈ। ਚਾਰ ਸਾਲ ਦੀ ਬੇਟੀ ਦੀ ਮਾਂ ਰਾਬੀਆ ਨੇ ਆਪਣੀ ਇਸ ਯਾਤਰਾ ਬਾਰੇ ਦੱਸਦਿਆਂ ਕਿਹਾ, ‘ਅੱਜ ਦੇ ਦੌਰ ’ਚ ਇਹ ਮਾਇਨੇ ਨਹੀਂ ਰੱਖਦਾ ਕਿਹੜਾ ਕੰਮ ਕੌਣ ਕਰ ਰਿਹਾ ਹੈ। ਬਸ ਇਹ ਜ਼ਰੂਰੀ ਹੈ ਕਿ ਮਿਹਨਤ ਨਾਲ ਕਮਾਈ ਕੀਤੀ ਜਾਵੇ ਤੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾਵੇ।’ ਰਾਬੀਆ ਦੀ ਯਾਤਰਾ ਡਰਾਈਵਿੰਗ ਪ੍ਰਤੀ ਪ੍ਰੇਮ ਨਾਲ ਸ਼ੁਰੂ ਹੋਈ। ਚਾਰ ਸਾਲ ਪਹਿਲਾਂ ਮੁਹੰਮਦ ਇਮਤਿਆਜ ਨਾਲ ਵਿਆਹ ਹੋਣ ਬਾਅਦ ਸ਼ੁਰੂ ਹੋਈ। ਉਨ੍ਹਾ ਨੇ ਸ਼ੁਰੂਆਤ ’ਚ ਛੋਟੇ ਵਾਹਨ ਚਲਾਏ, ਆਪਣੇ ਪਤੀ ਦੀ ਹੱਲਾਸ਼ੇਰੀ ਬਾਅਦ ਰਾਬੀਆ ਨੇ ਵੱਡੇ ਟਰੱਕ ਚਲਾਉਣੇ ਸਿੱਖ ਲਏ। ਡਰਾਈਵਿੰਗ ਲਾਇਸੰਸ ਬਣਵਾਇਆ ਅਤੇ ਦੇਸ਼ ਦੀ ਲੰਮੀ ਦੂਰੀ ਦੀ ਡਰਾਈਵਿੰਗ ਸ਼ੁਰੂ ਕੀਤੀ।
ਹੁਣ ਉਹ ਤਾਮਿਲਨਾਡੂ, ਬਿਹਾਰ, ਮਹਾਰਾਸ਼ਟਰ, ਪੱਛਮੀ ਬੰਗਾਲ ਅਤੇ ਤੇਲੰਗਾਨਾ ਵਰਗੇ ਸੂਬਿਆਂ ਦੀ ਯਾਤਰਾ ਕਰਦੀ ਹੈ। ਰਾਬੀਆ ਨੇ ਦੱਸਿਆ ਕਿ ਮੈਨੂੰ ਹਮੇਸ਼ਾ ਡਰਾਈਵਿੰਗ ਦਾ ਸ਼ੌਕ ਸੀ ਅਤੇ ਆਪਣੇ ਪਤੀ ਦੇ ਸਹਿਯੋਗ ਨਾਲ ਮੈਂ ਟਰੱਕ ਚਲਾਉਣਾ ਸ਼ੁਰੂ ਕੀਤਾ। ਡਰਾਈਵਿੰਗ ਕਰਦੇ ਹੋਏ ਉਸ ਦੀ ਇੱਕ ਵਾਇਰਲ ਤਸਵੀਰ ਨੇ ਉਸ ਦੀ ਕਹਾਣੀ ਨੂੰ ਰਾਸ਼ਟਰੀ ਮੀਡੀਆ ਦੀਆਂ ਸੁਰਖੀਆਂ ਬਣਾ ਦਿੱਤਾ।
ਇੱਕ ਇਸ ਤਰ੍ਹਾਂ ਦੇ ਖੇਤਰ ’ਚ ਜਿੱਥੇ ਸੜਕੀ ਆਵਾਜਾਈ ਉਦਯੋਗ ’ਚ ਮਹਿਲਾ ਬਾਰੇ ਲੱਗਭੱਗ ਕੋਈ ਨਹੀਂ ਜਾਣਦਾ, ਰਾਬੀਆ ਨੂੰ ਆਪਣੇ ਪਰਵਾਰ ਤੋਂ ਕਾਫ਼ੀ ਸਮਰਥਨ ਮਿਲਿਆ। ਰਾਬੀਆ ਦੀ ਸੱਸ ਸਹਿਨਾਜ਼ਾ ਬੇਗਮ ਨੇ ਕਿਹਾ ਕਿ ਰਾਬੀਆ ਹਮੇਸ਼ਾ ਤੋਂ ਟਰੱਕ ਚਲਾਉਣਾ ਚਾਹੁੰਦੀ ਸੀ। ਉਸ ਨੇ ਆਪਣੀ ਇੱਛਾ ਪ੍ਰਗਟ ਕੀਤੀ ਅਤੇ ਸਾਰਿਆਂ ਨੇ ਉਸ ਦੇ ਫੈਸਲੇ ਦਾ ਸਮਰਥਨ ਕੀਤਾ।
ਰਾਬੀਆ ਦਾ ਕਹਿਣਾ ਹੈ, ‘ਪਹਿਲਾਂ ਇਹ ਕੰਮ ਮੁਸ਼ਕਲ ਲੱਗਾ, ਪਰ ਹੁਣ ਇਸ ਤਰ੍ਹਾਂ ਲੱਗਦਾ ਹੈ ਕਿ ਜ਼ਿੰਦਗੀ ਸੜਕ ’ਤੇ ਗੱਡੀ ਚਲਾਏ ਬਿਨਾਂ ਅਧੂਰੀ ਹੈ।’ ਆਪਣੇ ਸਫ਼ਰ ਦੌਰਾਨ ਰਾਬੀਆ ਨੇ ਭਾਰਤ ਦੇ ਕਈ ਪ੍ਰਮੁੱਖ ਸੂਬਿਆਂ ਦੀਆਂ ਸੜਕਾਂ ’ਤੇ ਟਰੱਕ ਚਲਾਇਆ ਹੈ। ਇਸ ਤਜਰਬੇ ਨੂੰ ਸਾਂਝਾ ਕਰਦੇ ਹੋਏ ਉਨ੍ਹਾ ਕਿਹਾ, ‘ਇਹ ਬੇਮਿਸਾਲ ਹੈ, ਪਰ ਚੁਣੌਤੀਆਂ ਵੀ ਘੱਟ ਨਹੀਂ ਹਨ, ਖਾਸ ਕਰਕੇ ਇੱਕ ਔਰਤ ਹੋਣ ਦੇ ਨਾਤੇ।’ ਕਸ਼ਮੀਰ ’ਚ ਔਰਤਾਂ ਨੂੰ ਲੈ ਕੇ ਸਮਾਜ ਦੇ ਦਿ੍ਰਸ਼ਟੀਕੋਣ ’ਤੇ ਰਾਬੀਆ ਦਾ ਕਹਿਣਾ ਹੈ, ‘ਇਹ ਸਭ ਕੁਝ ਸੋਚ ’ਤੇ ਨਿਰਭਰ ਕਰਦਾ ਹੈ। ਜਦ ਕੋਈ ਵਿਅਕਤੀ ਮਿਹਨਤ ਨਾਲ ਅੱਗੇ ਵਧਣ ਦਾ ਸੋਚ ਲੈਂਦਾ ਹੈ ਤਾਂ ਹਰ ਰਸਤਾ ਉਸ ਨੂੰ ਸਫ਼ਲਤਾ ਵੱਲ ਲੈ ਜਾਂਦਾ ਹੈ।’ ਰਾਬੀਆ ਯਾਸੀਨ ਨੇ ਆਪਣੀ ਸਖ਼ਤ ਮਿਹਨਤ ਅਤੇ ਹਿੰਮਤ ਨਾਲ ਕੇਵਲ ਕਸ਼ਮੀਰ ’ਚ ਹੀ ਨਹੀਂ, ਬਲਕਿ ਪੂਰੇ ਦੇਸ਼ ’ਚ ਔਰਤਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾ ਦੀ ਇਹ ਯਾਤਰਾ ਹਰ ਉਸ ਲੜਕੀ ਲਈ ਪ੍ਰੇਰਣਾ ਹੈ, ਜੋ ਆਪਣੇ ਸੁਪਨਿਆਂ ਨੂੰ ਸੱਚ ਕਰਨਾ ਚਾਹੁੰਦੀ ਹੈ।




