ਇਹ ਜਮਹੂਰੀਅਤ ਦੀ ਤੌਹੀਨ ਹੈ : ਸ਼ੇਰੋਵਾਲੀਆ
ਸ਼ਾਹਕੋਟ (ਗਿਆਨ ਸੈਦਪੁਰੀ)
21 ਦਸੰਬਰ 2024 ਨੂੰ ਨਗਰ ਪੰਚਾਇਤ ਸ਼ਾਹਕੋਟ ਦੀ ਹੋਈ ਚੋਣ ਉਪਰੰਤ ਸ਼ਾਹਕੋਟ ਵਾਸੀਆਂ ਵੱਲੋਂ ਤੀਬਰਤਾ ਨਾਲ ਇੰਤਜ਼ਾਰ ਕੀਤੀ ਜਾ ਰਹੀ ਸੀ ਇਹ ਵੇਖਣ ਲਈ ਕਿ ਪ੍ਰਧਾਨਗੀ ਅਤੇ ਉੱਪ ਪ੍ਰਧਾਨਗੀ ਦੀ ਕਲਗੀ ਕਿਸ ਦੇ ਸਿਰ ਦੀ ਸ਼ੋਭਾ ਵਧਾਏਗੀ। ਇਸ ਇੰਤਜ਼ਾਰ ਦੀਆਂ ਘੜੀਆਂ ਖ਼ਤਮ ਕਰਨ ਲਈ 16 ਜਨਵਰੀ ਦਾ ਐੱਸ ਡੀ ਐੱਮ ਵੱਲੋਂ ਸਮਾ ਰੱਖਿਆ ਗਿਆ ਸੀ। 11 ਵਜੇ ਦੇ ਨਿਸ਼ਚਤ ਸਮੇਂ ਤੋਂ 10 ਮਿੰਟ ਪਹਿਲਾਂ ਹੀ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਕਾਂਗਰਸ ਪਾਰਟੀ ਦੇ ਚੁਣੇ ਗਏ 9 ਮੈਂਬਰਾਂ ਨੂੰ ਨਾਲ ਲੈ ਕੇ ਨਗਰ ਪੰਚਾਇਤ ਦੇ ਦਫ਼ਤਰ ਪਹੁੰਚ ਗਏ। ਇੱਥੇ ਕਨਵੀਨਰ-ਕਮ-ਐੱਸ ਡੀ ਐੱਮ ਮੌਜੂਦ ਨਹੀਂ ਸੀ। ਇਹ ਪਤਾ ਲੱਗਣ ’ਤੇ ਕਿ ਚੋਣ ਲਈ ਰੱਖੀ ਮੀਟਿੰਗ ਮੁਲਤਵੀ ਹੈ, ਤਾਂ ਹਲਕਾ ਵਿਧਾਇਕ ਸ਼ੇਰੋਵਾਲੀਆ ਨੇ ਇਸ ਸੰਬੰਧ ਵਿੱਚ ਲਿਖਤੀ ਰੂਪ ਵਿੱਚ ਦੱਸਣ ਦੀ ਮੰਗ ਰੱਖ ਦਿੱਤੀ। ਅੱਧੇ ਘੰਟੇ ਬਾਅਦ ਤਹਿਸੀਲ ਦਫ਼ਤਰ ਸ਼ਾਹਕੋਟ ਵੱਲੋਂ ਕਾਰਜ ਸਾਧਕ ਅਫ਼ਸਰ ਸ਼ਾਹਕੋਟ ਦੇ ਨਾਂਅ ਇੱਕ ਪੱਤਰ ਜਾਰੀ ਹੋਇਆ। ਜਾਰੀ ਪੱਤਰ ਵਿੱਚ ਦਰਸਾਇਆ ਗਿਆ ਕਿ ਕਨਵੀਨਰ ਕਮ-ਉੱਪ ਮੰਡਲ ਮੈਜਿਸਟਰੇਟ ਦੇ ਅਚਨਚੇਤ ਛੁੱਟੀ ’ਤੇ ਜਾਣ ਕਾਰਨ ਪ੍ਰਧਾਨ ਅਤੇ ਉੱਪ ਪ੍ਰਧਾਨ ਦੀ ਚੋਣ ਲਈ ਰੱਖੀ ਮੀਟਿੰਗ ਮੁਲਤਵੀ ਕੀਤੀ ਜਾਂਦੀ ਹੈ। ਪੱਤਰ ਮਿਲਣ ਤੋਂ ਬਾਅਦ ਹਲਕਾ ਵਿਧਾਇਕ, 9 ਮੈਂਬਰ ਨਗਰ ਪੰਚਾਇਤ ਅਤੇ ਹੋਰ ਆਗੂ ਸਰਕਾਰ ਵਿਰੁੱਧ ਨਾਅਰੇ ਮਾਰਦੇ ਹੋਏ ਮੀਟਿੰਗ ਹਾਲ ਤੋਂ ਬਾਹਰ ਆ ਗਏ। ਇੱਥੇ ਮੌਜੂਦ ਪੱਤਰਕਾਰਾਂ ਨਾਲ ਹਲਕਾ ਵਿਧਾਇਕ ਸ਼ੇਰੋਵਾਲੀਆ ਨੇ ਗੱਲਬਾਤ ਕਰਦਿਆਂ ਮੀਟਿੰਗ ਮੁਲਤਵੀ ਕਰਵਾਉਣ ਦੇ ਪਿੱਛੇ ਆਪ ਲੀਡਰਸ਼ਿੱਪ ਦਾ ਹੱਥ ਦੱਸਿਆ। ਉਨ੍ਹਾ ਕਿਹਾ ਕਿ ਇਹੋ ਜਿਹੇ ਕੋਝੇ ਹੱਥਕੰਡਿਆਂ ਨਾਲ ਹਲਕੇ ਦੀ ਆਪ ਲੀਡਰਸ਼ਿਪ ਜਾਂ ਹਲਕਾ ਇੰਚਾਰਜ ਨੂੰ ਕੁਝ ਵੀ ਹਾਸਲ ਨਹੀਂ ਹੋਵੇਗਾ। ਇਹ ਕਦਮ ਜਮਹੂਰੀਅਤ ਦੀ ਤੌਹੀਨ ਕਰਨ ਵਾਲਾ ਹੈ। ਕਾਂਗਰਸ ਪਾਰਟੀ ਦੀ ਸ਼ਾਹਕੋਟ ਦਾ ਵਿਕਾਸ ਕਰਨ ਦੀ ਇੱਛਾ ਨੂੰ ਰੋਕਿਆ ਨਹੀਂ ਜਾ ਸਕਦਾ, ਅਸੀਂ ਆਉਂਦੇ ਦਿਨਾਂ ਅੰਦਰ ਆਪ ਦੇ ਵਿਕਾਸ ਵਿਰੋਧੀ ਮਨਸ਼ਿਆਂ ਦਾ ਮੂੰਹ ਤੋੜ ਜਵਾਬ ਦਿਆਂਗੇ ਅਤੇ ਵਿਕਾਸ ਦਾ ਏਜੰਡਾ ਮਜ਼ਬੂਤੀ ਨਾਲ ਲਾਗੂ ਕਰਾਂਗੇ। ਸ਼ੇਰੋਵਾਲੀਆ ਨੇ ਕਿਹਾ ਕਿ ਕਨਵੀਨਰ ਨੇ ਅਚਨਚੇਤ ਛੁੱਟੀ ਲੈ ਕੇ ਆਪਣੇ ਫ਼ਰਜ਼ ਨਾਲ ਇਨਸਾਫ਼ ਨਹੀਂ ਕੀਤਾ। ਇੱਥੇ ਦੱਸਣਯੋਗ ਹੈ ਕਿ 21 ਦਸੰਬਰ ਨੂੰ ਹੋਈਆਂ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ 13 ਵਾਰਡਾਂ ’ਚੋਂ 9 ’ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤੇ ਸਨ। ਆਪ ਦੇ ਹਿੱਸੇ ਚਾਰ ਸੀਟਾਂ ਆਈਆਂ ਸਨ। ਭਾਜਪਾ ਤੇ ਅਕਾਲੀ ਦਲ (ਬਾਦਲ) ਦਾ ਖਾਤਾ ਨਹੀਂ ਖੁੱਲ੍ਹਿਆ ਸੀ।