ਜਲੰਧਰ (ਗਿਆਨ ਸੈਦਪੁਰੀ, ਥਾਪਾ)-‘ਮੁਲਕ ਦੇ ਹਾਕਮਾਂ ਅਤੇ ਕਾਰਪੋਰੇਟ ਘਰਾਣਿਆਂ ਵੱਲੋਂ ਮਨੁੱਖੀ ਜ਼ਿੰਦਗੀ ਉੱਤੇ ਚੌਤਰਫ਼ਾ ਹਮਲਾ ਬੋਲਿਆ ਜਾ ਰਿਹਾ ਹੈ। ਇਸ ਹਮਲੇ ਨੂੰ ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਅਤੇ ਕਿਰਤੀ ਵਰਗ ਲਈ ਸੰਘਰਸ਼ਤ ਹੋਰ ਜਥੇਬੰਦੀਆਂ ਇਸ ਨੂੰ ਪਛਾੜਨ ਲਈ ਜਿੱਤ ਤੱਕ ਜ਼ੋਰ ਲਾਉਣਗੀਆਂ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਏਟਕ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਕੀਤਾ। ਉਹ ਵੀਰਵਾਰ ਨੂੰ ਜਲੰਧਰ ਵਿਖੇ ਸਥਿਤ ਹਰੀ ਸਿੰਘ ਧੂਤ ਯਾਦਗਾਰੀ ਟਰੱਸਟ ਦੇ ਵਿਹੜੇ ਵਿੱਚ ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਦੀ ਸਥਾਪਨਾ ਦੇ ਮੋਢੀਆਂ ’ਚ ਸ਼ੁਮਾਰ ਰਹੇ ਕਾਮਰੇਡ ਜਸਵੰਤ ਸਿੰਘ ਸਮਰਾ ਦੀ 21ਵੀਂ ਬਰਸੀ ਮਨਾਉਣ ਲਈ ਹੋਏ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੀ ਗੱਲ ਕਰਦਿਆਂ ਕਿਹਾ ਕਿ 6ਵੇਂ ਪੇ-ਕਮਿਸ਼ਨ ਦੇ ਬਕਾਏ ਦੇਣ ਲਈ 14 ਹਜ਼ਾਰ ਕਰੋੜ ਦੀ ਰਾਸ਼ੀ ਦੇਣ ਦਾ ਝੂਠ ਬੋਲ ਕੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਗੁਮਰਾਹ ਕੀਤਾ ਗਿਆ ਹੈ। ਫਿਰਕਾਪ੍ਰਸਤੀ ਦੇ ਹੋ ਰਹੇ ਵਾਧੇ ਬਾਰੇ ਗੱਲ ਕਰਦਿਆਂ ਉਨ੍ਹਾ ਕਿਹਾ ਕਿ ਫਿਰਕਾਪ੍ਰਸਤ ਤਾਕਤਾਂ ਵੱਲੋਂ ਲੋਕਾਂ ਵਿੱਚ ਵੰਡੀਆਂ ਪਾਉਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਕਾਮਰੇਡ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਕੁੜੀਆਂ-ਮੁੰਡਿਆਂ ਨੂੰ ਹੱਥਕੜੀਆਂ ਤੇ ਬੇੜੀਆਂ ਲਾ ਕੇ ਅਮਰੀਕਾ ਵੱਲੋਂ ਪੰਜਾਬ ਭੇਜਣ ਦੇ ਨਿੰਦਣਯੋਗ ਕਾਰੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੈ। ਉਨ੍ਹਾ ਕਿਹਾ ਕਿ ਅਮਰੀਕਾ ਦੇ ਹੇਠ ਲੱਗ ਕੇ ਮੋਦੀ ਭਾਰਤ ਦਾ ਨੁਕਸਾਨ ਕਰ ਰਿਹਾ ਹੈ।
ਭਗਤ ਸਿੰਘ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਸਿੰਘ ਨੇ ਕਾਮਰੇਡ ਜਸਵੰਤ ਸਿੰਘ ਸਮਰਾ ਨੂੰ ਭਾਵਪੂਰਤ ਸ਼ਬਦਾਂ ਵਿੱਚ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾ ਬਦਲ ਰਹੀ ਦੁਨੀਆ ਦੇ ਸੰਦਰਭ ਵਿੱਚ ਆਸ ਪ੍ਰਗਟ ਕੀਤੀ ਕਿ ਸਾਲ 2025 ਤੋਂ ਕਿਰਤੀ ਲੋਕਾਂ ਦੇ ਹਾਲਾਤ ਚੰਗੇ ਪਾਸੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾ ਟਰੰਪ ਵਰਗਿਆਂ ਨੂੰ ਹਿਟਲਰੀ ਸਲਾਮਾਂ ਹੋਣ ਦੇ ਵਰਤਾਰੇ ’ਤੇ ਵਿਅੰਗ ਵੀ ਕੱਸਿਆ। ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਚੇਅਰਮੈਨ ਸਾਥੀ ਗੁਰਦੀਪ ਸਿੰਘ ਮੋਦੀ ਨੇ ਸਾਥੀ ਸਮਰਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਕਿਰਤੀ ਵਰਗ ਦੀ ਬਿਹਤਰੀ ਲਈ ਕੰਮ ਕਰ ਰਹੀਆਂ ਖੱਬੀਆਂ ਸਿਆਸੀ ਪਾਰਟੀਆਂ ਦੀ ਮਜ਼ਬੂਤੀ ਲਈ ਕੰਮ ਕਰਨਾ ਸਮੇਂ ਦੀ ਮੰਗ ਹੈ। ਉਨ੍ਹਾਂ ਕਿਹਾ ਕਿ ਸਤੰਬਰ ਵਿੱਚ ਚੰਡੀਗੜ੍ਹ ਵਿੱਚ ਹੋ ਰਹੀ ਪਾਰਟੀ ਕਾਂਗਰਸ ਦੀ ਸਫ਼ਲਤਾ ਲਈ ਸਹਿਯੋਗ ਕਰਨਾ ਵੀ ਸਾਡਾ ਸਭ ਦਾ ਫ਼ਰਜ਼ ਹੈ। ਰੋਡਵੇਜ਼ ਮੁਲਾਜ਼ਮਾਂ ਦੀ ਜਥੇਬੰਦੀ ਪਾਰਟੀ ਕਾਂਗਰਸ ਵਿੱਚ ਵਧ-ਚੜ੍ਹ ਕੇ ਮਾਲੀ ਸਹਿਯੋਗ ਕਰੇਗੀ। ਕਾਮਰੇਡ ਮੋਤੀ ਨੇ ਇਸ ਗੱਲ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ ਮੌਸਮ ਦੇ ਵਿਗੜੇ ਹੋਏ ਮਿਜਾਜ਼ ਦੇ ਬਾਵਜੂਦ ਬਰਸੀ ਸਮਾਗਮ ਵਿੱਚ ਸਾਥੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਹੈ। ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਦੇ ਆਗੂ ਕਾਮਰੇਡ ਜਗਦੀਸ਼ ਸਿੰਘ ਚਾਹਲ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਜਥੇਬੰਦੀ ਦੀ ਨੀਂਹ ਰੱਖਣ ਵਾਲਿਆਂ ਵਿੱਚ ਸ਼ਾਮਲ ਕਾਮਰੇਡ ਜਸਵੰਤ ਸਿੰਘ ਸਮਰਾ ਦਾ ਮੁਲਾਜ਼ਮ ਵਰਗ ਲਈ ਸੰਘਰਸ਼ ਬੜੇ ਮਹੱਤਵਪੂਰਨ ਨਤੀਜਿਆਂ ਤੱਕ ਪਹੁੰਚਿਆ ਸੀ। ਪੈਨਸ਼ਨ ਸ਼ੁਰੂ ਕਰਵਾਉਣ ਵਿੱਚ ਕਾਮਰੇਡ ਸਮਰਾ ਦਾ ਵੱਡਾ ਰੋਲ ਸੀ। ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ ਸਾਥੀ ਚਾਹਲ ਨੇ ਕਿਹਾ ਕਿ 6ਵੇਂ ਪੇ ਕਮਿਸ਼ਨ ਦਾ ਬਕਾਇਆ ਲੀਰੋ-ਲੀਰ ਕਰ ਦਿੱਤਾ ਗਿਆ ਹੈ। ਉਨ੍ਹਾ ਪੰਜਾਬ ਸਰਕਾਰ ਨੂੰ ਮਸ਼ਹੂਰੀਆਂ ਵਾਲੀ ਸਰਕਾਰ ਗਰਦਾਨਦਿਆਂ ਕਿਹਾ ਕਿ ਹਰ ਰੋਜ਼ ਦੋ ਕਰੋੜ ਰੁਪਏ ਮਸ਼ਹੂਰੀਆਂ ’ਤੇ ਖ਼ਰਚ ਕੀਤੇ ਜਾ ਰਹੇ ਹਨ। ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਆਗੂ ਸਾਥੀ ਸੁਖਜਿੰਦਰ ਮਹੇਸਰੀ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅੱਜ ਦੇ ਸਮਾਗਮ ਦਾ ਮਕਸਦ ਹੈ ਕਿ ਕਾਮਰੇਡ ਸਮਰਾ ਦੀ ਘਾਲਣਾ ਤੇ ਦੂਰ-ਅੰਦੇਸ਼ੀ ਨੂੰ ਸਮਝ ਕੇ ਅੱਗੇ ਵਧਣਾ। ਮਹੇਸਰੀ ਨੇ ਚਰਚਿਤ ਮੁੱਦੇ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੀ ਜਵਾਨੀ ਡੌਂਕੀਆਂ ਲਾ ਕੇ ਅਮਰੀਕਾ ਕਿਉਂ ਜਾਂਦੀ ਹੈ, ਇਸ ਸੰਬੰਧੀ ਵਿਚਾਰਨ ਦੀ ਗੱਲ ਇਹ ਹੈ ਕਿ ਇਸ ਵਰਤਾਰੇ ਲਈ ਸਰਕਾਰਾਂ ਜ਼ਿੰਮੇਵਾਰ ਹਨ। ਸਾਬਕਾ ਜਨਰਲ ਮੈਨੇਜਰ ਹਰਜਿੰਦਰ ਸਿੰਘ ਮਿਨਹਾਸ, ਬੈਂਕ ਮੁਲਾਜ਼ਮ ਇੰਪਲਾਈਜ਼ ਫੈਡਰੇਸ਼ਨ ਦੇ ਆਗੂ ਹਰਵਿੰਦਰ ਸਿੰਘ ‘ਵੀਰਜੀ’, ਫੈਡਰੇਸ਼ਨ ਸਾਥੀ ਬਲਦੇਵ ਸਹਿਦੇਵ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਕਾਮਰੇਡ ਪਿ੍ਰਥੀਪਾਲ ਸਿੰਘ ਮਾੜੀਮੇਘਾ, ਰੋਡਵੇਜ਼ ਆਗੂ ਪਰੇਮ ਚਾਵਲਾ, ਮਾਸਟਰ ਹਰੀ ਸਿੰਘ ਧੂਤ ਯਾਦਗਾਰੀ ਟਰੱਸਟ ਵੱਲੋਂ ਐਡਵੋਕੇਟ ਰਜਿੰਦਰ ਸਿੰਘ ਮੰਡ, ਰੋਡਵੇਜ਼ ਆਗੂ ਦੁਲਾਰ ਸਿੰਘ ਪੱਟੀ ਆਦਿ ਨੇ ਵੀ ਕਾਮਰੇਡ ਜਸਵੰਤ ਸਿੰਘ ਸਮਰਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਤੋਂ ਪਹਿਲਾਂ ਆਕਾਸ਼ ਗੁੰਜਾਊ ਨਾਅਰਿਆਂ ਦੌਰਾਨ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।ਸ਼ਰਧਾਂਜਲੀ ਸਮਾਗਮ ਵਿੱਚ ਬਲਜੀਤ ਸਿੰਘ ਬੱਲੀ ਤਖਾਣਬੱਧ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਲੋਕ ਕਲਾ ਮੰਚ ਜ਼ੀਰਾ ਵੱਲੋਂ ਸਾਥੀ ਮੇਘ ਰਾਜ ਰੱਲਾ ਦੀ ਨਿਰਦੇਸ਼ਨਾ ਹੇਠ ਕੋਰੀਓਗ੍ਰਾਫ਼ੀ ‘ਮਿਹਨਤਕਸ਼’ ਅਤੇ ‘ਡਿਪੋਰਟ’ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਆਗੂ ਕਿਰਪਾਲ ਸਿੰਘ ਜੌਹਲ ਨੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਭ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਕਾਮਰੇਡ ਜਸਵੰਤ ਸਿੰਘ ਸਮਰਾ ਦੀ ਧੀ ਜਗਜੀਤ ਕੌਰ ਬੈਂਸ ਤੇ ਪਰਵਾਰ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਰੋਡਵੇਜ਼ ਆਗੂ ਅਵਤਾਰ ਸਿੰਘ ਤਾਰੀ, ਗੁਰਜੰਟ ਸਿੰਘ ਕੋਕਰੀ, ਹਾਕਮ ਸਿੰਘ ਮੰਢਿਆਣੀ, ਗੁਰਮੇਲ ਸਿੰਘ ਮੈਲਡੇ, ਮਦਨ ਲਾਲ ਚੀਮਾ, ਸੁੱਚਾ ਸਿੰਘ ਤਰਨ ਤਾਰਨ ਆਦਿ ਸ਼ਾਮਲ ਸਨ। ਸਟੇਜ ਸਕੱਤਰ ਦੇ ਫਰਜ਼ ਜਗਤਾਰ ਸਿੰਘ ਭੁੰਗਰਨੀ ਨੇ ਬਾਖੂਬੀ ਨਿਭਾਏ।