ਡੇਰਾਬੱਸੀ : ਭਾਂਖਰਪੁਰ ਨਾਲ ਘੱਗਰ ਦਰਿਆ ਵਿੱਚ ਸਨਿੱਚਰਵਾਰ ਪੁਲਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ ਦੌਰਾਨ ਗੈਂਗਸਟਰ ਮਲਕੀਤ ਉਰਫ ਮੈਕਸੀ ਜ਼ਖਮੀ ਹੋ ਗਿਆ। ਐੱਸ ਐੱਸ ਪੀ ਮੁਹਾਲੀ ਦੀਪਕ ਪਾਰਿਕ ਨੇ ਦੱਸਿਆ ਕਿ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋਵੇਂ ਗੈਂਗਸਟਰਾਂ ਖਿਲਾਫ ਫਿਰੌਤੀ ਤੇ ਹੋਰ ਅਪਰਾਧਾਂ ਦੇ ਕਈ ਕੇਸ ਦਰਜ ਹਨ। 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਹੇਠ ਇੱਕ ਕੇਸ ਐਰੋ ਸਿਟੀ ਪੁਲਸ ਸਟੇਸ਼ਨ ਵਿੱਚ ਦਰਜ ਕੀਤਾ ਗਿਆ ਸੀ, ਜਿਸ ਮਾਮਲੇ ਵਿੱਚ ਮਲਕੀਤ ਤੇ ਸੰਦੀਪ ਨੂੰ ਗਿ੍ਰਫਤਾਰ ਕੀਤਾ ਗਿਆ ਸੀ। ਰਿਮਾਂਡ ਦੌਰਾਨ ਮੁਲਜ਼ਮਾਂ ਨੇ ਆਪਣੇ ਹਥਿਆਰ ਡੇਰਾਬੱਸੀ ਨੇੜੇ ਘੱਗਰ ਦਰਿਆ ਵਿਚ ਲੁਕਾਏ ਹੋਣ ਦੀ ਗੱਲ ਕਬੂਲੀ ਸੀ। ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਡੀ ਅੱੈਸ ਪੀ ਡੇਰਾ ਬੱਸੀ ਬਿਕਰਮਜੀਤ ਸਿੰਘ ਬਰਾੜ, ਥਾਣਾ ਮੁਖੀ ਐਰੋ ਸਿਟੀ ਜਸ਼ਨਪ੍ਰੀਤ ਸਿੰਘ ਅਤੇ ਥਾਣਾ ਮੁਖੀ ਡੇਰਾ ਬੱਸੀ ਮਨਦੀਪ ਸਿੰਘ ਪੁਲਸ ਟੀਮ ਨਾਲ ਹਥਿਆਰਾਂ ਦੀ ਰਿਕਵਰੀ ਕਰਨ ਲਈ ਘੱਗਰ ਪਹੁੰਚੇ ਸਨ। ਗੈਂਗਸਟਰ ਮਲਕੀਤ ਸਿੰਘ ਨੇ ਮੌਕਾ ਪਾ ਕੇ ਆਪਣੇ ਲੁਕਾਏ ਹੋਏ ਹਥਿਆਰ ਨਾਲ ਪੁਲਸ ਟੀਮ ’ਤੇ ਫਾਇਰ ਕਰ ਦਿੱਤਾ, ਜਿਹੜਾ ਪੁਲਸ ਦੀ ਗੱਡੀ ’ਚ ਲੱਗਿਆ। ਬਿਕਰਮਜੀਤ ਸਿੰਘ ਬਰਾੜ ਅਤੇ ਜਸ਼ਨਪ੍ਰੀਤ ਸਿੰਘ ਨੇ ਜਵਾਬ ’ਚ ਇੱਕ-ਇੱਕ ਫਾਇਰ ਕੀਤਾ। ਇੱਕ ਫਾਇਰ ਮਲਕੀਤ ਦੇ ਪੈਰ ’ਤੇ ਲੱਗਿਆ, ਜਿਸ ਕਾਰਨ ਉਹ ਜ਼ਖਮੀ ਹੋ ਕੇ ਹੇਠਾਂ ਡਿੱਗ ਗਿਆ। ਮੌਕੇ ਤੋਂ ਗੈਂਗਸਟਰ ਵੱਲੋਂ ਚਲਾਈ ਗੋਲੀ ਦਾ ਖੋਲ ਅਤੇ ਫਾਇਰਿੰਗ ਲਈ ਵਰਤਿਆ ਪੁਆਇੰਟ 32 ਬੋਰ ਦਾ ਦੇਸੀ ਕੱਟਾ ਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਹੋਏ।




