ਦੇਹਰਾਦੂਨ : ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਪਿੰਡ ਮਾਣਾ ’ਚ ਸਥਿਤ ਸੀਮਾ ਸੜਕ ਸੰਗਠਨ (ਬੀ ਆਰ ਓ) ਦੇ ਕੈਂਪ ’ਚ ਬਰਫ ਦੇ ਤੋਦੇ ਡਿੱਗਣ ਕਾਰਨ ਕਈ ਫੁੱਟ ਬਰਫ ਹੇਠਾਂ ਫਸੇ ਮਜ਼ਦੂਰਾਂ ਦੀ ਗਿਣਤੀ 55 ਸੀ, ਜਿਨ੍ਹਾਂ ਵਿੱਚੋਂ 50 ਕੱਢ ਲਏ ਗਏ, ਜਦਕਿ ਪੰਜਾਂ ਦੀ ਭਾਲ ਜਾਰੀ ਸੀ। ਕੱਢੇ ਜਾਣ ਵਾਲਿਆਂ ਵਿੱਚੋਂ ਚਾਰ ਦੀ ਮੌਤ ਹੋ ਗਈ। ਕੈਂਪ ਵਿੱਚ 57 ਮਜ਼ਦੂਰ ਟਿਕੇ ਹੋਏ ਸਨ, ਪਰ ਉਨ੍ਹਾਂ ਵਿੱਚੋਂ ਦੋ ਛੁੱਟੀ ’ਤੇ ਗਏ ਹੋਏ ਸਨ। ਬਦਰੀਨਾਥ ਤੋਂ ਤਿੰਨ ਕਿਲੋਮੀਟਰ ਦੂਰ ਮਾਣਾ ਪਿੰਡ ਭਾਰਤ-ਤਿੱਬਤ ਸਰਹੱਦ ’ਤੇ 3200 ਮੀਟਰ ਦੀ ਉਚਾਈ ’ਤੇ ਸਥਿਤ ਹੈ।
ਸਨਿੱਚਰਵਾਰ ਸਵੇਰੇ ਮੌਸਮ ਸਾਫ ਹੋਣ ਮਗਰੋਂ ਬਚਾਅ ਕਾਰਜਾਂ ’ਚ ਹੈਲਕਾਪਟਰਾਂ ਦੀ ਮਦਦ ਲਈ ਗਈ। ਚਮੋਲੀ ਦੇ ਡੀ ਸੀ ਸੰਦੀਪ ਤਿਵਾੜੀ ਨੇ ਦੱਸਿਆ ਕਿ ਮਜ਼ਦੂਰ ਪੰਜਾਬ, ਬਿਹਾਰ, ਯੂ ਪੀ, ਉੱਤਰਾਖੰਡ, ਹਿਮਾਚਲ ਤੇ ਜੰਮੂ-ਕਸ਼ਮੀਰ ਦੇ ਸਨ।




