93 ਹਜ਼ਾਰ ਤੋਂ ਵੱਧ ਵਿਦਿਆਰਥਣਾਂ ਦਾ ਹੋਵੇਗਾ ਸਾਇਕੋਮੈਟਰਿਕ ਟੈਸਟ

0
29

ਚੰਡੀਗੜ੍ਹ (ਗੁਰਜੀਤ ਬਿੱਲਾ)
ਇੱਕ ਨਿਵੇਕਲੀ ਪਹਿਲਕਦਮੀ ਤਹਿਤ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀਆਂ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਦੀ ਕੈਰੀਅਰ ਪ੍ਰਤੀ ਰੁਚੀ, ਸਮਰੱਥਾ ਅਤੇ ਯੋਗਤਾ ਦਾ ਪਤਾ ਲਗਾਉਣ ਲਈ ਉਨ੍ਹਾਂ ਦਾ ਸਾਇਕੋਮੈਟਰਿਕ ਟੈਸਟ ਕਰਵਾਇਆ ਜਾਵੇਗਾ।ਇਸ ਪ੍ਰੋਜੈਕਟ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਵੱਲੋਂ ਟੈਸਟ ਲਈ ਸਾਰੇ ਜ਼ਿਲ੍ਹਿਆਂ ਨੂੰ 6.56 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਅਲਾਟ ਕੀਤੀ ਗਈ ਹੈ। ਇਸ ਪ੍ਰੋਗਰਾਮ ਤਹਿਤ 31 ਮਾਰਚ ਤੱਕ 10ਵੀਂ ਜਮਾਤ ਵਿੱਚ ਪੜ੍ਹਦੀਆਂ ਸਾਰੀਆਂ 93,819 ਵਿਦਿਆਰਥਣਾਂ ਦਾ ਟੈਸਟ ਕੀਤਾ ਜਾਵੇਗਾ।
ਪ੍ਰੋਜੈਕਟ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਸੂਬੇ ਭਰ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀਆਂ ਮਾਨਸਕ ਸਮਰਥਾਵਾਂ, ਰੁਚੀਆਂ ਅਤੇ ਸ਼ਖਸੀਅਤ ਦੇ ਗੁਣਾਂ ਦਾ ਵਿਸ਼ਲੇਸ਼ਣ ਕਰਨਾ ਹੈ, ਤਾਂ ਜੋ ਉਨ੍ਹਾਂ ਦਾ ਢੁਕਵੇਂ ਕੈਰੀਅਰ ਦੀ ਚੋਣ ਕਰਨ ਵਿੱਚ ਮਾਰਗ-ਦਰਸ਼ਨ ਕੀਤਾ ਜਾ ਸਕੇ।ਬੈਂਸ ਨੇ ਕਿਹਾ ਕਿ ਜ਼ਿਆਦਾਤਰ ਵਿਦਿਆਰਥੀ 10ਵੀਂ ਬੋਰਡ ਪ੍ਰੀਖਿਆ ਤੋਂ ਬਾਅਦ ਆਪਣੇ ਭਵਿੱਖੀ ਕੈਰੀਅਰ ਨੂੰ ਲੈ ਕੇ ਦੁਚਿੱਤੀ ਦਾ ਸਾਹਮਣਾ ਕਰਦੇ ਹਨ।
ਇਹ ਫੈਸਲਾ 11ਵੀਂ ਜਮਾਤ ਵਿੱਚ ਸਟਰੀਮ ਦੀ ਚੋਣ ਨੂੰ ਪ੍ਰਭਾਵਤ ਕਰਦਾ ਹੈ। ਹਾਲਾਂਕਿ ਪ੍ਰਾਈਵੇਟ ਸਕੂਲ ਅਕਸਰ ਕੈਰੀਅਰ ਕਾਉਸਲਿੰਗ ਪ੍ਰਦਾਨ ਕਰਦੇ ਹਨ, ਪਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਕੋਲ ਇਸ ਸਹੂਲਤ ਦੀ ਘਾਟ ਸੀ, ਜਿਸ ਕਾਰਨ ਉਹ ਆਪਣੇ ਸਾਥੀ ਜਮਾਤੀਆਂ ਨੂੰ ਦੇਖ ਕੇ ਉਨ੍ਹਾਂ ਵਾਲੇ ਸਟਰੀਮ ਦੀ ਚੋਣ ਕਰ ਲੈਂਦੇ ਸਨ। ਇਸ ਕਾਰਨ ਅਕਸਰ ਕਈ ਵਿਦਿਆਰਥੀ ਅਜਿਹੇ ਸਟਰੀਮ ਦੀ ਚੋਣ ਕਰ ਲੈਂਦੇ ਸਨ, ਜੋ ਉਹਨਾਂ ਦੀ ਰੁਚੀ ਤੇ ਕਾਬਲੀਅਤ ਨਾਲ ਮੇਲ ਨਹੀਂ ਖਾਂਦਾ ਹੁੰਦਾ ਸੀ।