ਸੋਨੂੰ ਖੱਤਰੀ ਗੈਂਗ ਦੇ ਦੋ ਗੈਂਗਸਟਰ ਮੁਕਾਬਲੇ ’ਚ ਗਿ੍ਰਫ਼ਤਾਰ

0
175

ਜਲੰਧਰ (ਸ਼ੈਲੀ ਐਲਬਰਟ)
ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਕਮਿਸ਼ਨਰੇਟ ਜਲੰਧਰ ਪੁਲਸ ਨੇ ਸੋਨੂੰ ਖੱਤਰੀ ਗੈਂਗ (ਅਮਰੀਕਾ ਤੋਂ ਕੰਮ ਕਰ ਰਹੇ) ਨਾਲ ਜੁੜੇ ਦੋ ਆਦਤਨ ਅਪਰਾਧੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਪੁਲਸ ਕਮਿਸ਼ਨਰ ਨੇ ਦੱਸਿਆ ਕਿ 2 ਮਾਰਚ ਨੂੰ ਸੀ ਆਈ ਏ ਪੁਲਸ ਟੀਮ ਆਪਣੀ ਰੁਟੀਨ ਗਸ਼ਤ ਦੇ ਹਿੱਸੇ ਵਜੋਂ ਜਲੰਧਰ ਵਿੱਚ ਸੁਚੀ ਪਿੰਡ ਰੋਡ ਦੇ ਨੇੜੇ ਤਾਇਨਾਤ ਸੀ। ਟੀਮ ਨੂੰ ਸੋਨੂੰ ਖੱਤਰੀ ਗੈਂਗ ਦੇ ਦੋ ਵਿਅਕਤੀਆਂ ਬਾਰੇ ਸੂਹ ਮਿਲੀ, ਜੋ ਕਥਿਤ ਤੌਰ ’ਤੇ ਮੋਟਰਸਾਈਕਲ ’ਤੇ ਸੁਚੀ ਪਿੰਡ ਵੱਲ ਜਾ ਰਹੇ ਸਨ, ਜਿਸ ਵਿੱਚ ਕੋਈ ਅਪਰਾਧ ਕਰਨ ਦਾ ਇਰਾਦਾ ਸੀ। ਉਹ ਸ਼ੱਕੀ ਡਕੈਤੀਆਂ, ਲੜਾਈਆਂ ਅਤੇ ਖੋਹਾਂ ਦੀਆਂ ਘਟਨਾਵਾਂ ਵਿੱਚ ਸ਼ਾਮਲ ਸਨ।ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੁਲਸ ਟੀਮ ਸੁਚੀ ਪਿੰਡ ਜਲੰਧਰ ਪਹੁੰਚੀ ਅਤੇ ਨਾਕਾਬੰਦੀ ਕੀਤੀ। ਇਸ ਦੌਰਾਨ ਪੁਲਸ ਪਾਰਟੀ ਨੇ ਦੋ ਵਿਅਕਤੀਆਂ ਨੂੰ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ ’ਤੇ ਸਵਾਰ ਦੇਖਿਆ ਅਤੇ ਜਦੋਂ ਪੁਲਿਸ ਨੇ ਸ਼ੱਕੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਪੁਲਸ ਟੀਮ ’ਤੇ ਗੋਲੀਬਾਰੀ ਕਰ ਦਿੱਤੀ। ਗੋਲੀਬਾਰੀ ਦੇ ਬਾਅਦ ਸ਼ੱਕੀਆਂ ਨੇ ਆਪਣੇ ਮੋਟਰਸਾਈਕਲ ’ਤੇ ਕੰਟਰੋਲ ਗੁਆ ਦਿੱਤਾ ਅਤੇ ਡਿੱਗ ਪਏ। ਇਸ ਦੇ ਬਾਵਜੂਦ ਉਨ੍ਹਾ ਪੁਲਸ ਅਧਿਕਾਰੀਆਂ ’ਤੇ ਗੋਲੀਬਾਰੀ ਜਾਰੀ ਰੱਖੀ, ਜਿਸ ਕਾਰਨ ਦੁਬਾਰਾ ਗੋਲੀਬਾਰੀ ਹੋਈ। ਇਸ ਮੁਕਾਬਲੇ ਵਿੱਚ ਦੋਵੇਂ ਲੱਤਾਂ ਵਿੱਚ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ। ਅਪਰਾਧੀਆਂ ਦੀ ਪਛਾਣ ਸੁਖਵਿੰਦਰ ਕੁਮਾਰ ਉਰਫ ਸੁੱਖ ਵਾਸੀ ਪਿੰਡ ਗੜ੍ਹ ਪਧਾਣਾ, ਥਾਣਾ ਮੁਕੰਦਪੁਰ ਅਤੇ ਹਰਪ੍ਰੀਤ ਸਿੰਘ ਉਰਫ ਮਾਮੂ ਉਰਫ ਪ੍ਰੀਤ ਵਾਸੀ ਪਿੰਡ ਕੰਗ ਜਗੀਰ, ਜਲੰਧਰ ਵਜੋਂ ਹੋਈ। ਉਹ ਜੰਮੂ-ਕਸ਼ਮੀਰ ਵਿੱਚ ਸਬ-ਇੰਸਪੈਕਟਰ ਦੀਪਕ ਸ਼ਰਮਾ ਦੇ ਕਤਲ ਸਮੇਤ ਕਈ ਹਿੰਸਕ ਅਪਰਾਧਾਂ ਵਿੱਚ ਸ਼ਾਮਲ ਹਨ।